ਸਿੱਖ ਸਦਭਾਵਨਾ ਦਲ ਵੱਲੋਂ ਸਿੱਖ ਨੀਤੀ ਮਾਰਚ

ਅੰਮ੍ਰਿਤਸਰ – ਸਿੱਖ ਜਥੇਬੰਦੀ ਸਿੱਖ ਸਦਭਾਵਨਾ ਦਲ ਨੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਅਤੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਦੀ ਮੰਗ ਸਬੰਧੀ ਇੱਥੇ ਸਿੱਖ ਨੀਤੀ ਮਾਰਚ ਕੱਢਿਆ। ਇਸ ਮੌਕੇ ਮੰਗ ਕੀਤੀ ਗਈ ਕਿ ਜਿਵੇਂ ਗੁਜਰਾਤ ਅਤੇ ਤਾਮਿਲਨਾਡੂ ਵਿੱਚ ਕਈ ਕੈਦੀ ਰਿਹਾਅ ਕੀਤੇ ਗਏ ਹਨ, ਇਸੇ ਤਰ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇ।

ਇਸ ਮੌਕੇ ਜਥੇਬੰਦੀ ਦੇ ਕੁਝ ਮੈਂਬਰਾਂ ਨੇ ਜ਼ੰਜੀਰਾਂ ਪਾ ਕੇ ਖ਼ੁਦ ਨੂੰ ਬੰਦੀ ਦਰਸਾਇਆ। ਇਹ ਮਾਰਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਅਰਦਾਸ ਕਰ ਕੇ ਰਵਾਨਾ ਹੋਇਆ ਅਤੇ ਸੁਲਤਾਨਵਿੰਡ, ਘਿਓ ਮੰਡੀ, ਸ਼ੇਰਾਂ ਵਾਲਾ ਬਾਜ਼ਾਰ ਤੇ ਕੋਤਵਾਲੀ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਿਰਾਸਤੀ ਮਾਰਗ ’ਤੇ ਆ ਕੇ ਸਮਾਪਤ ਹੋਇਆ। ਇਸ ਮੌਕੇ ਜਥੇਬੰਦੀ ਦੇ ਮੁਖੀ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਇਸ ਮਾਰਚ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਗੁਜਰਾਤ ਤੇ ਤਾਮਿਲਨਾਡੂ ਦੀ ਤਰਜ਼ ’ਤੇ ਪੰਜਾਬ ਦੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਗੁਜਰਾਤ ਤੇ ਤਮਿਲਨਾਡੂ ਸਰਕਾਰਾਂ ਨੇ ਜੋ ਕੈਦੀ ਰਿਹਾਅ ਕੀਤੇ ਹਨ, ਉਨ੍ਹਾਂ ਦੇ ਕੇਸ ਵੀ ਸਿੱਖ ਕੈਦੀਆਂ ਨਾਲ ਮਿਲਦੇ ਜੁਲਦੇ ਹਨ। ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਉਭਾਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਕੇਸ ਦਰਜ ਕੀਤਾ ਜਾਵੇ ਤੇ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਕੈਪਟਨ ਸਰਕਾਰ, ਫਿਰ ਚੰਨੀ ਸਰਕਾਰ ਅਤੇ ਹੁਣ ਮਾਨ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਦੀ ਜਥੇਬੰਦੀ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਦੀ ਸੰਗਰੂਰ ਵਿੱਚ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇੱਥੇ ਦੱਸਣਯੋਗ ਹੈ ਕਿ ਸਿੱਖ ਸਦਭਾਵਨਾ ਦਲ ਵੱਲੋਂ ਇਸੇ ਮੰਗ ਸਬੰਧੀ ਇਥੇ ਵਿਰਾਸਤੀ ਮਾਰਗ ਵਿੱਚ ਪਿਛਲੇ ਲਗਪਗ ਇਕ ਸਾਲ ਤੋਂ ਇੱਥੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।