ਸਿੱਖ ਵਿਦਿਅਕ ਕਾਨਫ਼ਰੰਸ ’ਚ ਸਿੱਖ ਸਮਾਜ ਤੇ ਪੰਥਕ ਸਰੋਕਾਰਾਂ ਬਾਰੇ ਚਰਚਾ

ਸਿੱਖ ਵਿਦਿਅਕ ਕਾਨਫ਼ਰੰਸ ’ਚ ਸਿੱਖ ਸਮਾਜ ਤੇ ਪੰਥਕ ਸਰੋਕਾਰਾਂ ਬਾਰੇ ਚਰਚਾ

ਬੁਲਾਰਿਆਂ ਨੇ ਭਾਈ ਵੀਰ ਸਿੰਘ ਦੇ ਜੀਵਨ ਅਤੇ ਸਿੱਖ ਧਰਮ ਵਿਚ ਔਰਤ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ
ਅੰਮ੍ਰਿਤਸਰ- ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਵੱਲੋਂ ਕਰਵਾਈ ਜਾ ਰਹੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਅੱਜ ਦੂਜੇ ਦਿਨ ਸਿੱਖ ਸਮਾਜ ਅਤੇ ਪੰਥ ਨਾਲ ਸਬੰਧਤ ਸਰੋਕਾਰਾਂ ਬਾਰੇ ਵੱਖ-ਵੱਖ ਸੈਮੀਨਾਰ ਕਰਵਾਏ ਗਏ। ਦੀਵਾਨ ਵੱਲੋਂ ਇਹ ਕਾਨਫਰੰਸ ਭਾਈ ਵੀਰ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ ਹੈ। ‘ਭਾਈ ਵੀਰ ਸਿੰਘ ਦੇ ਜੀਵਨ ਅਤੇ ਦਰਸ਼ਨ’ ਵਿਸ਼ੇ ਉੱਤੇ ਕਰਵਾਏ ਮੁੱਖ ਸੈਮੀਨਾਰ ਵਿੱਚ ਦੀਵਾਨ ਦੇ ਸਾਬਕਾ ਪ੍ਰਧਾਨ ਡਾ. ਸੰਤੋਖ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਡਾ. ਸੰਤੋਖ ਸਿੰਘ ਸਮੇਤ ਵਿਦਵਾਨਾਂ ਡਾ. ਜਸਬੀਰ ਸਿੰਘ ਸਾਬਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਤਰਨਜੀਤ ਸਿੰਘ, ਡਾ. ਕੁਲਵਿੰਦਰ ਸਿੰਘ ਤੇ ਡਾ. ਤੇਜਿੰਦਰ ਸਿੰਘ ਨੇ ਭਾਈ ਵੀਰ ਸਿੰਘ ਦੇ ਜੀਵਨ, ਕਾਰਜਾਂ, ਅਧਿਆਤਮਿਕਤਾ ਅਤੇ ਉਨ੍ਹਾਂ ਵੱਲੋਂ ਸਿੱਖ ਕੌਮ ਲਈ ਸਥਾਪਿਤ ਸੰਸਥਾਵਾਂ ਬਾਬਤ, ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।

‘ਚੰਗੇ ਸਮਾਜ ਦੀ ਸਿਰਜਣਾ ਲਈ ਪੰਜਾਬੀ ਪੱਤਰਕਾਰੀ ਨੂੰ ਚੁਣੌਤੀਆਂ ਅਤੇ ਹੱਲ’ ਵਿਸ਼ੇ ਉਤੇ ਕਰਵਾਏ ਸੈਮੀਨਾਰ ਵਿੱਚ ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਵਾਲੀਆ ਨੇ ਕਿਹਾ ਕਿ ਪੱਤਰਕਾਰੀ ਸੱਚ ਅਤੇ ਨੈਤਿਕਤਾ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ‘ਖੇਤੀਬਾੜੀ ਅਤੇ ਜੈਵਿਕ ਖੇਤੀ ਦੀ ਮਹੱਤਤਾ’ ਨਾਲ ਸਬੰਧਤ ਸੈਮੀਨਾਰ ਵਿੱਚ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਰਾਜਬੀਰ ਸਿੰਘ, ਪ੍ਰੋ. ਰਾਜਿੰਦਰਪਾਲ ਸਿੰਘ ਅਤੇ ਪ੍ਰੋ. ਗੁਰਬਖਸ਼ ਸਿੰਘ ਖਾਲਸਾ ਕਾਲਜ ਨੇ ਜੈਵਿਕ ਖੇਤੀਬਾੜੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੇਸੀ ਖੁਰਾਕ ਅਤੇ ਨੈਤਿਕ ਸਿੱਖਿਆਵਾਂ ’ਤੇ ਜ਼ੋਰ ਦਿੱਤਾ। ‘ਔਰਤ ਸਸ਼ਕਤੀਕਰਨ ਅਤੇ ਸਿੱਖ ਧਰਮ ਵਿਚ ਔਰਤ ਦੀ ਭੂਮਿਕਾ’ ’ਤੇ ਕਰਵਾਏ ਸੈਮੀਨਾਰ ਵਿਚ ਵਰਿੰਦਰ ਕੌਰ ਖੁਰਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਦੌਰਾਨ ਬੁਲਾਰਿਆਂ ਨੇ ਸਿੱਖ ਧਰਮ ਵਿਚ ਔਰਤਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਇਸ ਮੌਕੇ ‘ਧਾਰਮਿਕ ਅਤੇ ਨੈਤਿਕ ਵਿੱਦਿਆ ਦੀਆਂ ਵਿਧੀਆਂ ਤੇ ਪ੍ਰਸਾਰਣ’ ਬਾਰੇ ਕਰਵਾਏ ਸੈਮੀਨਾਰ ਵਿਚ ਧਾਰਮਿਕ, ਨੈਤਿਕ ਅਤੇ ਗੁਰਮਤਿ ਸਿੱਖਿਆ ਵਿਚ ਪਰਿਵਾਰ ਅਤੇ ਸਮਾਜ ਦੇ ਯੋਗਦਾਨ ’ਤੇ ਚਾਨਣਾ ਪਾਇਆ ਗਿਆ। ਸੈਮੀਨਾਰਾਂ ਵਿੱਚ ਪੁੱਜੇ ਦੀਵਾਨ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਤੇ ਆਲਾ-ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਜਗਜੀਤ ਸਿੰਘ, ਕਾਨਫ਼ਰੰਸ ਜਨਰਲ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਤੇ ਸੁਖਜਿੰਦਰ ਸਿੰਘ ਪ੍ਰਿੰਸ ਆਦਿ ਹਾਜ਼ਰ ਸਨ। ਦੇਰ ਸ਼ਾਮ ਨਾਟਕ ‘ਸ੍ਰੀ ਗੁਰੂ ਤੇਗ ਬਹਾਦੁਰ ਹਿੰਦ ਦੀ ਚਾਦਰ’ ਦਾ ਮੰਚਨ ਕੀਤਾ ਗਿਆ।