ਸਿੱਖ ਯੋਧਿਆਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ: ਧਾਮੀ

ਸਿੱਖ ਯੋਧਿਆਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ: ਧਾਮੀ

ਮੋਰਚਾ ਗੁਰੂ ਕਾ ਬਾਗ਼ ਤੇ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਸੈਮੀਨਾਰ

ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ ਮੋਰਚਾ ਗੁਰੂ ਕਾ ਬਾਗ਼ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ ਸੌ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਦਿਹਾੜਿਆਂ ’ਤੇ ਵੱਖ-ਵੱਖ ਥਾਵਾਂ ’ਤੇ ਸੱਤ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋ ਸਕੇ। ਉਨ੍ਹਾਂ ਸਾਕਿਆਂ ਦੇ ਮਹਾਨ ਯੋਧਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਗ਼ਰੀਬਾਂ ਦੀ ਰਾਖੀ ਤੇ ਜ਼ੁਲਮ ਦਾ ਟਾਕਰਾ ਕੀਤਾ ਹੈ। ਇਸ ਲਈ ਸਾਨੂੰ ਆਪਣੇ ਪੁਰਖਿਆਂ ’ਤੇ ਮਾਣ ਕਰਦੇ ਹੋਏ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਧੰਨਵਾਦੀ ਭਾਸ਼ਨ ਦਿੱਤਾ। ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਨਿਭਾਈ। ਇਸ ਮੌਕੇ ਵਿਸ਼ਵ ’ਵਰਸਿਟੀ ਦੇ ਡਾ. ਹਰਦੇਵ ਸਿੰਘ, ਮਾਤਾ ਗੁਜਰੀ ਕਾਲਜ ਦੇ ਡਾ. ਗੁਰਬਾਜ਼ ਸਿੰਘ, ਖੇਤੀਬਾੜੀ ’ਵਰਸਿਟੀ ਲੁਧਿਆਣਾ ਦੇ ਡਾ. ਸਰਬਜੀਤ ਸਿੰਘ ਰੇਣੂਕਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਪਰਮਵੀਰ ਸਿੰਘ ਨੇ ਪਰਚੇ ਪੜ੍ਹੇ। ਸਮਾਗਮ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉੱਪ-ਕੁਲਪਤੀ ਡਾ. ਪ੍ਰਿਤਪਾਲ ਸਿੰਘ, ਬੰਦਾ ਸਿੰਘ ਬਹਾਦਰ ਇੰਜ. ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ, ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਡੀਨ ਪ੍ਰੋ. ਬਿਕਰਮ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ।