ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਬੰਦੀ ਛੋੜ ਦਿਵਸ ’ਤੇ ਖ਼ਾਲਿਸਤਾਨੀ ਸ਼ਹੀਦਾਂ, ਬੰਦੀ ਸਿੰਘਾਂ ਤੇ ਜਲਾਵਤਨੀ ਯੋਧਿਆਂ ਨੂੰ ਕੀਤਾ ਯਾਦ

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਬੰਦੀ ਛੋੜ ਦਿਵਸ ’ਤੇ ਖ਼ਾਲਿਸਤਾਨੀ ਸ਼ਹੀਦਾਂ, ਬੰਦੀ ਸਿੰਘਾਂ ਤੇ ਜਲਾਵਤਨੀ ਯੋਧਿਆਂ ਨੂੰ ਕੀਤਾ ਯਾਦ

ਅੰਮਿ੍ਰਤਸਰ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਬੰਦੀ ਛੋੜ ਦਿਵਸ ਉੱਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਸੰਘਰਸ਼ ਚ ਜੂਝ ਕੇ ਸ਼ਹੀਦਾਂ ਹੋਏ ਜੁਝਾਰੂ ਸਿੰਘਾਂ ਸਿੰਘਣੀਆਂ, ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਚ ਨਜ਼ਰਬੰਦ ਬੰਦੀ ਸਿੰਘਾਂ ਤੇ ਭਾਈ ਗਜਿੰਦਰ ਸਿੰਘ ਜਾਈਜੈਕਰ ਸਮੇਤ ਜਲਾਵਤਨੀ ਯੋਧਿਆਂ ਨੂੰ ਯਾਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬੰਦੀ ਛੋੜ ਦਿਵਸ ਉੱਤੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਸਾਡਾ ਸਿਰ ਝੁਕਾ ਕੇ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੇ ਪਵਿੱਤਰ ਖ਼ੂਨ ਦਾ ਤੇਲ ਪਾ ਕੇ ਸਿੱਖੀ ਦੇ ਸੋਮੇ ਨੂੰ ਸਦਾ ਰੁਸਨਾਈ ਰੱਖਿਆ ਤੇ ਅਸੀਂ ਉਹਨਾਂ ਦਾ ਖ਼ਾਲਿਸਤਾਨ ਦਾ ਸੁਪਨਾ ਸਾਕਾਰ ਕਰਨ ਲਈ ਆਖ਼ਰੀ ਸਾਹਾਂ ਤੱਕ ਸੰਘਰਸ਼ਸ਼ੀਲ ਅਤੇ ਯਤਨਸ਼ੀਲ ਰਹਾਂਗੇ। ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਹਿੰਦੁਸਤਾਨ ਦੀ ਸਰਕਾਰ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਹੱਕ, ਸੱਚ, ਨੇਕੀ, ਇਨਸਾਫ਼ ਤੇ ਅਜ਼ਾਦੀ ਲਈ ਸਾਨੂੰ ਡਟਣਾ ਸਿਖਾਇਆ ਹੈ। ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਚ ਕੈਦ 52 ਹਿੰਦੂ ਰਾਜਿਆਂ ਨੂੰ ਛੁਡਵਾਇਆ ਸੀ ਪਰ ਅੱਜ ਹਿੰਦੂ ਸਾਮਰਾਜ ਅਕਿ੍ਰਤਘਣ ਬਣ ਚੁੱਕਾ ਹੈ ਜਦ ਕਿ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦਾ ਡੁੱਬਦਾ ਬੇੜਾ ਆਪਣੀ ਸ਼ਹਾਦਤ ਦੇ ਕੇ ਬਚਾਇਆ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਨ੍ਹਾਂ ਹਿੰਦੂਆਂ ਕੋਲ਼ ਅੱਜ ਰਾਜਸੱਤਾ ਹੈ ਉਹਨਾਂ ਨੇ 1984 ਤੋਂ 1995 ਤੱਕ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ। ਹਿੰਦੁਸਤਾਨ ਦਾ ਕਨੂੰਨ ਘੱਟਗਿਣਤੀ ਕੌਮਾਂ ਲਈ ਹੋਰ ਤੇ ਬਹੁਗਿਣਤੀ ਹਿੰਦੂਆਂ ਲਈ ਹੋਰ ਹੈ। ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਲੋਕਤੰਤਰ, ਧਰਮ-ਨਿਰਪੱਖ ਤੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਖਵਾਉਣ ਵਾਲ਼ਾ ਭਾਰਤ ਸ਼ਰੇਆਮ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਰਿਹਾ ਹੈ, ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਥ ਤੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਸਾਂਝੇ ਮੰਚ ਉੱਤੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਮਲਕੀਤ ਸਿੰਘ ਖ਼ਾਲਸਾ ਆਦਿ ਫ਼ੈਡਰੇਸ਼ਨ ਆਗੂ ਤੇ ਵਰਕਰ ਹਾਜ਼ਰ ਸਨ।