ਸਿੱਖ ਭਾਈਚਾਰੇ ਦਾ ਦੇਸ ਲਈ ਵੱਡਾ ਯੋਗਦਾਨ : ਮੋਦੀ

ਸਿੱਖ ਭਾਈਚਾਰੇ ਦਾ ਦੇਸ ਲਈ ਵੱਡਾ ਯੋਗਦਾਨ : ਮੋਦੀ

ਪ੍ਰਧਾਨ ਮੰਤਰੀ ਵਲੋਂ ਕੌਮਾਂਤਰੀ ਸਿੱਖਾਂ ਦੇ ਵਫਦ ਨਾਲ ਮੁਲਾਕਾਤ

ਨਵੀਂ ਦਿੱਲੀ : ‘ਸਿੱਖ ਭਾਈਚਾਰੇ ਦੇ ਯੋਗਦਾਨ ਦੇ ਬਿਨਾਂ ਭਾਰਤ ਦਾ ਇਤਿਹਾਸ ਪੂਰਾ ਨਾ ਹੁੰਦਾ ਅਤੇ ਨਾ ਹੀ ਹਿੰਦੁਸਤਾਨ ਪੂਰਾ ਹੁੰਦਾ। ਸਿੱਖ ਪਰੰਪਰਾ ‘ਏਕ ਭਾਰਤ, ਸ੍ਰੇਸਟ ਭਾਰਤ’ ਦੀ ਸਭ ਤੋਂ ਚੰਗੀ ਮਿਸਾਲ ਹੈ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਵਫਦ ਨਾਲ ਆਪਣੀ ਰਿਹਾਇਸ ’ਤੇ ਕੀਤੀ ਮੁਲਾਕਾਤ ’ਚ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਦਾ ਦੇਸ ਲਈ ਬਹੁਤ ਵੱਡਾ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਵਫਦ, ਜਿਸ ’ਚ ਜ਼ਿਆਦਾਤਰ ਬਾਹਰਲੇ ਮੁਲਕਾਂ ’ਚ ਵਸੇ ਸਿੱਖ ਸਾਮਿਲ ਸਨ, ਨੂੰ ਕੀਤੇ ਸੰਖੇਪ ਸੰਬੋਧਨ ’ਚ ਨਾ ਸਿਰਫ ਸਿੱਖ ਭਾਈਚਾਰੇ, ਗੁਰਦੁਆਰਿਆਂ ਅਤੇ ਦਸਾਂ ਗੁਰੂਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਸਗੋਂ ਵਿਦੇਸਾਂ ’ਚ ਰਹਿਣ ਵਾਲੇ ਸਿੱਖਾਂ ਨੂੰ ‘ਭਾਰਤ ਦੇ ਰਾਸਟਰਦੂਤ’ ਕਹਿ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸਾਂ ’ਚ ਵਸਣ ਵਾਲੇ ਭਾਰਤੀ, ਭਾਰਤ ਤੋਂ ਬਾਹਰ ਰਹਿ ਕੇ ਵੀ ਦੇਸ ਦੀ ਬੁਲੰਦ ਪਹਿਚਾਣ ਬਣਾਉਂਦੇ ਹਨ।
ਮੋਦੀ ਦਾ ਘਰ ਨਹੀਂ, ਤੁਹਾਡਾ ਅਧਿਕਾਰ ਖੇਤਰ : ਸਿੱਖ ਵਫਦ ਨਾਲ ਮੁਲਾਕਾਤ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ ਲਾਲ ਰੰਗ ਦੀ ਪੱਗ ਬੰਨ੍ਹੀ ਨਜਰ ਆਏ, ਸਗੋਂ ਆਪਣੇ ਸੰਬੋਧਨ ’ਚ ਸਿੱਖੀ ਨਾਲ ਵਿਸੇਸ ਸਾਂਝ ਜੋੜਦੇ ਵੀ ਨਜਰ ਆਏ। 15 ਮਿੰਟ ਦੇ ਸੰਬੋਧਨ ਦੀ ਸੁਰੂਆਤ ਹੀ ਉਨ੍ਹਾਂ ਇਸ ਸਾਂਝ ਦਾ ਜ?ਿਕਰ ਕਰਦਿਆਂ ਕੀਤੀ। ਮੋਦੀ ਨੇ ਕਿਹਾ ਕਿ ਗੁਰਦੁਆਰਿਆਂ ’ਚ ਜਾਣਾ, ਸੇਵਾ ’ਚ ਸਮਾਂ ਦੇਣਾ, ਲੰਗਰ ਛਕਣਾ, ਸਿੱਖ ਪਰਿਵਾਰਾਂ ਦੇ ਘਰਾਂ ’ਚ ਰਹਿਣਾ, ਇਹ ਸਭ ਉਨ੍ਹਾਂ ਦੇ ਜੀਵਨ ਦਾ ਵੱਡਾ ਸੁਭਾਵਿਕ ਹਿੱਸਾ ਰਿਹਾ ਹੈ। ਸੰਬੋਧਨ ਦੇ ਖਤਮ ਹੋਣ ਸਮੇਂ ਵੀ ਉਚੇਚੇ ਤੌਰ ’ਤੇ ਸਿੱਖ ਭਾਈਚਾਰੇ ਨਾਲ ਸੰਬੰਧਾਂ ਨੂੰ ਜੁੜਾਅ ਵਜੋਂ ਪ੍ਰਗਟਾਉਂਦਿਆਂ ਕਿਹਾ ਕਿ ਇਹ ਮੋਦੀ ਦਾ ਘਰ ਨਹੀਂ, ਤੁਹਾਡਾ ਅਧਿਕਾਰ ਖੇਤਰ ਹੈ।
3 ਮਹੀਨਿਆਂ ਅੰਦਰ ਸਿੱਖ ਵਫਦ ਨਾਲ ਚੌਥੀ ਮੀਟਿੰਗ : ਹਾਲੀਆ ਅਤੀਤ ’ਚ ਪ੍ਰਧਾਨ ਮੰਤਰੀ ਵਲੋਂ ਸਿੱਖ ਭਾਈਚਾਰੇ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਸ਼ੁੱਕਰਵਾਰ ਨੂੰ ਹੋਈ ਮੀਟਿੰਗ ਇਸ ਕਵਾਇਦ ਤਹਿਤ ਚੌਥੀ ਮੀਟਿੰਗ ਸੀ। ਇਸ ਤੋਂ ਪਹਿਲਾਂ ਉਨ੍ਹਾਂ ਸਿੱਖ ਸੰਤ ਸਮਾਜ, ਸਿੱਖ ਬੁੱਧੀਜੀਵੀ ਵਰਗ ਨਾਲ ਮੁਲਾਕਾਤ ਕੀਤੀ ਸੀ। 20 ਅਤੇ 21 ਅਪ੍ਰੈਲ ਨੂੰ ‘ਆਜਾਦੀ ਕਾ ਅੰਮਿਤ ਮਹੋਤਸਵ’ ਦੇ ਹਿੱਸੇ ਵਜੋਂ ਵੀ 21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਤੋਂ ਸੰਬੋਧਨ ਕੀਤਾ ਸੀ। ਸੁੱਕਰਵਾਰ ਨੂੰ ਬਾਹਰਲੇ ਮੁਲਕਾਂ ’ਚ ਵਸਦੇ ਸਿੱਖਾਂ ਦੇ ਵਫਦ ਨਾਲ ਮੀਟਿੰਗ ਸਤਨਾਮ ਸਿੰਘ ਸੰਧੂ ਵਲੋਂ ਕਰਵਾਈ ਗਈ। ਚੰਡੀਗੜ੍ਹ ਗਰੁੱਪ ਆਫ ਕਾਲਜ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸੰਧੂ, ਜੋ ਕਿ ਮੰਚ ’ਤੇ ਮੋਦੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਬੈਠੇ ਨਜਰ ਆਏ, ਨੇ ਗੱਲ ਕਰਦਿਆਂ ਦੱਸਿਆ ਕਿ ਇਹ ਮੀਟਿੰਗ ਸਦਭਾਵਨਾ ਮੀਟਿੰਗ ਸੀ, ਜੋ ਕਿ ਪੂਰੀ ਤਰ੍ਹਾਂ ਗੈਰ ਸਿਆਸੀ ਸੀ। ਸੰਧੂ ਮੁਤਾਬਿਕ ਇਸ ਮੀਟਿੰਗ ’ਚ ਹਰ ਖੇਤਰ ਨਾਲ ਸੰਬੰਧਿਤ ਲੋਕ ਸਾਮਿਲ ਸਨ, ਫਿਰ ਭਾਵੇਂ ਉਹ ਸੰਤ ਸਮਾਜ ਹੋਵੇ ਜਾਂ ਫਿਰ ਸਿੱਖਿਆ ਕਾਰਪੋਰੇਟ, ਡਾਕਟਰ, ਐਡਵੋਕੇਟ, ਸੇਵਾਮੁਕਤ ਜੱਜ, ਅਦਾਕਾਰ ਵਫਦ ’ਚ ਸਾਮਿਲ ਲੋਕ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜੀਲੈਂਡ ਅਤੇ ਕੀਨੀਆ ਆਦਿ ਕਈ ਦੇਸਾਂ ਤੋਂ ਸਨ। ਵਫਦ ’ਚ ਪ੍ਰੀਤੀ ਸਪਰੂ, ਜਸਬੀਰ ਜੱਸੀ, ਸੁਰਚਰਨ ਸਿੰਘ ਗੁਰੂ, ਐਸ. ਪੀ. ਐਸ. ਉਬਰਾਏ, ਦਰਸਨ ਸਿੰਘ ਧਾਲੀਵਾਲ, ਜਸਵੰਤ ਸਿੰਘ ਛਾਪਾ, ਸੁਰਜੀਤ ਸਿੰਘ ਘੁੰਮਣ, ਹਰਜਿੰਦਰ ਸਿੰਘ ਖਹਿਰਾ, ਨਰਵੈਣ ਸਿੰਘ ਪੰਨੂ ਆਦਿ ਸਾਮਿਲ ਸਨ।
ਗੁਰੂਆਂ ਦੀ ਕੀਤੀ ਵਡਿਆਈ : ਪ੍ਰਧਾਨ ਮੰਤਰੀ ਨੇ ਸਿੱਖ ਗੁਰੂਆਂ ਨੂੰ ਲੋਕਾਂ ਲਈ ਪ੍ਰੇਰਨਾਸਰੋਤ ਦੱਸਦਿਆਂ ਕਿਹਾ ਕਿ ਸਾਡੇ ਦਸ ਗੁਰੂਆਂ ਨੇ ਦੇਸ ਨੂੰ ਸਭ ਤੋਂ ਉੱਪਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ’ਚ ਕਿਤੇ ਵੀ ਜਾਈਏ ਭਾਰਤ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਾਡੇ ਗੁਰੂਆਂ ਨੇ ਵੀ ਏਹੀ ਸਿੱਖਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਆਜਾਦੀ ਦੀ ਜੰਗ ’ਚ ਅਤੇ ਆਜਾਦੀ ਤੋਂ ਬਾਅਦ ਵੀ ਸਿੱਖ ਸਮਾਜ ਦਾ ਦੇਸ ਲਈ ਜੋ ਯੋਗਦਾਨ ਹੈ, ਉਸ ਲਈ ਪੂਰਾ ਭਾਰਤ ਕਰਜਾਈ ਰਹੇਗਾ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਯੋਗਦਾਨ ਹੋਵੇ, ਅੰਗਰੇਜਾਂ ਦੇ ਖ਼ਿਲਾਫ ਜੰਗ ਹੋਵੇ, ਜਾਂ ਜਲ੍ਹਿਆਂਵਾਲਾ ਬਾਗ ਹੋਵੇ, ਇਨ੍ਹਾਂ ਬਿਨਾਂ ਨਾ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ ਅਤੇ ਨਾ ਹੀ ਹਿੰਦੁਸਤਾਨ ਪੂਰਾ ਹੁੰਦਾ ਹੈ।
ਭਾਰਤ ਦੇ ਰਾਜਦੂਤ : ਬਾਹਰਲੇ ਦੇਸਾਂ ’ਚ ਵਸਦੇ ਲੋਕਾਂ ਨੂੰ ਭਾਰਤ ਦੇ ਰਾਜਦੂਤ ਕਹਿ ਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਦੇ ਬਾਹਰ ਉਹ ਭਾਰਤ ਦੀ ਆਵਾਜ ਹਨ ਅਤੇ ਉਹ ਭਾਰਤ ਦੀ ਸਾਖ ਨੂੰ ਬਿਹਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਿੱਖ ਪੱਖੀ ਕੰਮਾਂ ਦਾ ਦਿੱਤਾ ਹਵਾਲਾ : ਪ੍ਰਧਾਨ ਮੰਤਰੀ ਨੇ ਕੇਂਦਰ ਵਲੋਂ ਸਿੱਖ ਪੱਖੀ ਕੰਮਾਂ ਦਾ ਹਵਾਲਾ ਦਿੱਤਾ ਜਿਸ ’ਚ ਲੰਗਰ ਤੋਂ ਜੀ. ਐਸ .ਟੀ. ਹਟਾਉਣਾ, ਹਰਿਮੰਦਰ ਸਾਹਿਬ ਨੂੰ ਐਫ. ਸੀ. ਆਰ. ਏ. ਦੀ ਇਜਾਜਤ, ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ ਪੁਰਬ ਮਨਾਉਣਾ ਸਾਮਿਲ ਸੀ। ਵਫਦ ਨਾਲ ਮੁਲਾਕਾਤ ਦੌਰਾਨ ਇਕ ਦਸਤਾਵੇਜੀ ਫਿਲਮ ਦਾ ਵੀਡੀਓ ਅਤੇ ਸਤਨਾਮ ਸਿੰਘ ਸੰਧੂ ਵਲੋਂ ਲਿਖੀ ਗਈ ਕਿਤਾਬ ‘ਹਾਰਟ ਫੈਲਟ ਲੈਗੇਸੀ’ ਵੀ ਜਾਰੀ ਕੀਤੀ ਗਈ।