ਸਿੱਖ ਭਾਈਚਾਰਾ ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਖੜ੍ਹਾ ਹੈ: ਜਥੇਦਾਰ

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਰਸ਼ਦੀਪ ਖ਼ਿਲਾਫ਼ ਹੋ ਰਹੇ ਕੂੜ ਪ੍ਰਚਾਰ ਦੀ ਨਿਖੇਧੀ

ਅੰਮ੍ਰਿਤਸਰ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦੀ ਹੋ ਰਹੀ ਆਲੋਚਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਉਸ ਦੇ ਨਾਲ ਖੜ੍ਹੀ ਹੈ। ਹਾਲ ਹੀ ਵਿੱਚ ਏਸ਼ੀਆ ਕ੍ਰਿਕਟ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਦੌਰਾਨ ਹੋਏ ਮੈਚ ਵਿੱਚ ਉਸ ਦੇ ਹੱਥੋਂ ਪਾਕਿਸਤਾਨੀ ਖਿਡਾਰੀ ਦਾ ਕੈਚ ਛੁੱਟ ਗਿਆ ਸੀ।

ਜਿਸ ਤੋਂ ਬਾਅਦ ਸੋਸ਼ਲ ਮੀਡੀਆਂ ’ਤੇ ਉਸਦੀ ਆਲੋਚਨਾ ਸ਼ੁਰੂ ਹੋ ਗਈ ਸੀ ਤੇ ਉਸਦੇ ਵਿਕੀਪੀਡੀਆ ਖਾਤੇ ਵਿਚ ਖਾਲਿਸਤਾਨੀ ਦਰਜ ਕਰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਅਰਸ਼ਦੀਪ ਸਿੰਘ ਨੂੰ ਕਿਹਾ ਕਿ ਉਹ ਅਜਿਹੀ ਆਲੋਚਨਾ ਵੱਲ ਧਿਆਨ ਨਾ ਦੇਵੇ ਅਤੇ ਸਿਰਫ਼ ਆਪਣੀ ਖੇਡ ਵੱਲ ਧਿਆਨ ਕੇਂਦਰਿਤ ਕਰੇ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਵੱਸਦਾ ਸਮੁੱਚਾ ਸਿੱਖ ਭਾਈਚਾਰਾ ਉਸ ਦੇ ਸਮਰਥਨ ਵਿੱਚ ਉਸਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹਾਰ ਅਤੇ ਜਿੱਤ ਖੇਡ ਦਾ ਇੱਕ ਹਿੱਸਾ ਹੈ। ਉਸ ਕੋਲੋਂ ਕੈਚ ਛੁੱਟਣਾ ਵੀ ਖੇਡ ਦਾ ਇਕ ਹਿੱਸਾ ਹੈ ਪਰ ਇਸ ਮਾਮਲੇ ਵਿੱਚ ਉਸ ਨੂੰ ਇਕ ਸਿੱਖ ਨੌਜਵਾਨ ਵਜੋਂ ਨਿਸ਼ਾਨਾ ਬਣਾਉਣਾ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੀ ਨਿਸ਼ਾਨੀ ਹੈ। ਉਨ੍ਹਾਂ ਮੰਗ ਕੀਤੀ ਭਾਰਤ ਸਰਕਾਰ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਹ ਵਰਤਾਰਾ ਪੂਰੇ ਵਿਸ਼ਵ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੇ ਇਸ ਨਫ਼ਰਤੀ ਵਰਤਾਰੇ ਵਿਰੁੱਧ ਯੂਐੱਨਓ ਨੂੰ ਦਖ਼ਲ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਮਾਨਵ ਵਿਰੋਧੀ ਸੁਰਾਂ ਖ਼ਿਲਾਫ਼ ਕਰੜੇ ਨਿਯਮ ਤੈਅ ਕਰਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਦੀ ਕਾਰਗੁਜ਼ਾਰੀ ਨੂੰ ਜਾਣਬੁੱਝ ਕੇ ਨੀਵਾਂ ਦਿਖਾਉਣਾ ਅਤੇ ਉਸ ਵਿਰੁੱਧ ਕੂੜ ਪ੍ਰਚਾਰ ਕਰਨਾ ਸਿੱਖਾਂ ਦੀਆਂ ਦੇਸ਼ ਲਈ ਅਤੇ ਵਿਸ਼ਵ-ਪੱਧਰੀ ਪ੍ਰਾਪਤੀਆਂ ਨੂੰ ਨੀਵਾਂ ਦਿਖਾਉਣ ਦੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸ਼ਰਾਰਤੀ ਅਨਸਰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖਾਂ ਵਿਰੁੱਧ ਬਣਾਏ ਜਾ ਰਹੇ ਮਾਹੌਲ ਦੀ ਸਮੀਖਿਆ ਕਰ ਕੇ ਇਸ ਸਾਜ਼ਿਸ਼ ਦੀ ਜੜ੍ਹ ਨੂੰ ਫੜਨ ਅਤੇ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਕਰ ਕੇ ਮਿਸਾਲੀ ਸਜ਼ਾਵਾਂ ਦੇਣ।