ਸਿੱਖ ਪੰਥ ਨੇ ਸੱਚਾ ਸਿਪਾਹੀ ਤੇ ਭਾਰਤ ਨੇ ਦੇਸ਼ ਭਗਤ ਗੁਆਇਆ: ਸ਼ਾਹ

ਸਿੱਖ ਪੰਥ ਨੇ ਸੱਚਾ ਸਿਪਾਹੀ ਤੇ ਭਾਰਤ ਨੇ ਦੇਸ਼ ਭਗਤ ਗੁਆਇਆ: ਸ਼ਾਹ

ਪ੍ਰਕਾਸ਼ ਸਿੰਘ ਬਾਦਲ ਨੂੰ ਵੱਖ ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
ਲੰਬੀ-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਸਕੂਲ ਵਿੱਚ ਹੋਇਆ। ਇਸ ਮੌਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਸਮੇਤ ਸਿਆਸੀ, ਧਾਰਮਿਕ ਤੇ ਸਮਾਜਕ ਆਗੂਆਂ ਨੇ ਪਹੁੰਚ ਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ਵਿੱਚ ਸਿੱਖ ਪੰਥ ਨੇ ਸੱਚਾ ਸਿਪਾਹੀ, ਭਾਰਤ ਨੇ ਦੇਸ਼ ਭਗਤ ਅਤੇ ਕਿਸਾਨਾਂ ਨੇ ਸੱਚਾ ਹਮਦਰਦ ਗੁਆ ਦਿੱਤਾ ਅਤੇ ਉਨ੍ਹਾਂ ਦੇ ਜਾਣ ਨਾਲ ਬਣਿਆ ਸਿਆਸੀ ਤੇ ਸਮਾਜਿਕ ਖੱਪਾ ਲੰਮੇ ਅਰਸੇ ਤੱਕ ਨਹੀਂ ਭਰਿਆ ਜਾ ਸਕਣਾ। ਉਨ੍ਹਾਂ ਸ੍ਰੀ ਬਾਦਲ ਨਾਲ ਆਪਣੀ ਨਿੱਜੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਖ-ਵੱਖ ਪਾਰਟੀਆਂ ਹੋਣ ਦੇ ਬਾਵਜੂਦ ਸ੍ਰੀ ਬਾਦਲ ਨਾਲ ਹਰ ਮੁਲਾਕਾਤ ਸਮੇਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਖੇਪ ਭਾਸ਼ਣ ’ਚ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਗਰੀਬਾਂ ਤੇ ਕਿਸਾਨਾਂ ਹਿੱਤਾਂ ਲਈ ਲੰਮਾ ਸੰਘਰਸ਼ ਕੀਤਾ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਦੁਨੀਆ ਭਰ ’ਚ ਸ੍ਰੀ ਬਾਦਲ ਅਜਿਹੇ ਆਗੂ ਸਨ ਜਿਨ੍ਹਾਂ ਸਾਰੀ ਜ਼ਿੰਦਗੀ ਗਰੀਬਾਂ ਲਈ ਵੱਡੇ ਉਪਰਾਲੇ ਕੀਤੇ। ਚੌਧਰੀ ਪਰਿਵਾਰ ਤੇ ਬਾਦਲ ਪਰਿਵਾਰ ਦਾ ਗੂੜ੍ਹਾ ਪਰਿਵਾਰਕ ਤੇ ਸਿਆਸੀ ਰਿਸ਼ਤਾ ਹੈ। ਹੁਣ ਸਭ ਨੂੰ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਲੋਕ-ਹਿੱਤਾਂ ’ਚ ਜੁਟੇ ਰਹਿਣਾ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਸ੍ਰੀ ਬਾਦਲ ਦਾ ਜੀਵਨ ਸਫ਼ਲ ਅਤੇ ਅਰਥ ਭੁਰਪੂਰ ਰਿਹਾ। ਪੰਜਾਬ ਤੇ ਪੰਜਾਬੀਆਂ ਲਈ ਉਨ੍ਹਾਂ ਦੀ ਵੱਡੀ ਦੇਣ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸ੍ਰੀ ਬਾਦਲ ਨੇ ਜੀਵਨ ਭਰ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕੀਤੀ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਰਹੂਮ ਬਾਦਲ ਵਿਸ਼ਵ ਪੱਧਰੀ ਸ਼ਖਸੀਅਤ ਸਨ। ਸ੍ਰੀ ਬਾਦਲ ਦੀ ਆਖ਼ਰੀ ਇੱਛਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਹੋਵੇ। ਹੁਣ ਕੇਂਦਰ ਸਰਕਾਰ ਵੱਲੋਂ ਇਸ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ। ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਅਤੇ ਕੇਂਦਰੀ ਕਮੇਟੀ ਦਾ ਸੁਨੇਹਾ ਲੈ ਕੇ ਪੁੱਜੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਯੂਨੀਵਰਸਿਟੀ ਦਸਦਿਆਂ ਕਿਹਾ ਕਿ ਸ੍ਰੀ ਬਾਦਲ ਦੀ ਨਿਮਰਤਾ ਤੇ ਸੰਜਮ ਤੋਂ ਨਵੀਂ ਪੀੜ੍ਹੀ ਨੂੰ ਸਿੱਖਣ ਦੀ ਜ਼ਰੂਰਤ ਹੈ। ਉਨ੍ਹਾਂ ਅਕਾਲੀ ਦਲ ਤੇ ਸੀਪੀਆਈ (ਐਮ) ਦੀ ਪੁਰਾਣੀ ਸਾਂਝ ਚੇਤੇ ਕਰਦੇ ਕਿਹਾ ਕਿ ਅਜੋਕੇ ਦੌਰ ‘ਚ ਦੇਸ਼ ਵਿੱਚ ਸਿਰਜੇ ਜਾ ਰਹੇ ਪੰਜਾਬੀ ਵਿਰੋਧੀ ਬਿਰਤਾਂਤ ’ਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ।

ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਸ੍ਰੀ ਬਾਦਲ ਦੀ ਸ਼ਖਸੀਅਤ ਬੜੀ ਵੱਡੀ ਸੀ, ਜਿਹੜੇ 70 ਸਾਲ ਦੇ ਰਾਜਨੀਤਿਕ ਜੀਵਨ ’ਚ ਆਪਣੇ ਸਿਧਾਂਤਾਂ ਅਤੇ ਵਿਚਾਰਧਾਰਾ ’ਤੇ ਅਡਿੱਗ ਰਹੇ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸੁਚੱਜੀ ਸੇਵਾ ਕੀਤੀ। ਕਾਮਰੇਡ ਹਰਦੇਵ ਅਰਸ਼ੀ ਨੇ ਵੱਡੇ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੁਖਬੀਰ ਬਾਦਲ ਨੂੰ ਮਰਹੂਮ ਬਾਦਲ ਦੇ ਚਾਰ ਵੱਡੇ ਗੁਣ ਧਾਰਨ ਕਰਨ ਦੀ ਅਪੀਲ ਕੀਤੀ। ਪਰਿਵਾਰਕ ਰਸਮਾਂ ਤਹਿਤ ਸੁਖਬੀਰ ਬਾਦਲ ਨੂੰ ਉਨ੍ਹਾਂ ਦੇ ਸਹੁਰਾ ਸੱਤਿਆਜੀਤ ਸਿੰਘ ਮਜੀਠੀਆ ਨੇ ਦਸਤਾਰ ਭੇਟ ਕੀਤੀ। ਸ੍ਰੀ ਅਕਾਲ ਤਖ਼ਤ ਅਤੇ ਹੋਰਨਾਂ ਧਾਰਮਿਕ ਹਸਤੀਆਂ ਨੇ ਸੁਖਬੀਰ ਬਾਦਲ ਨੂੰ ਦਸਤਾਰਾਂ ਅਤੇ ਸਿਰੋਪਾਓ ਭੇਟ ਕੀਤੇ। ਜਲੰਧਰ ਜ਼ਿਮਨੀ ਚੋਣ ’ਚ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਸ਼ਰਧਾਂਜਲੀ ਦੇਣ ਪੁੱਜੇ ਹੋਏ ਸਨ। ਇਸ ਮੌਕੇ ਅਸਮ ਗਣ ਪਰਿਸ਼ਦ ਦੇ ਪ੍ਰਧਾਨ ਅਤੁਲ ਵੋਹਰਾ, ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਡਾ. ਦਲਜੀਤ ਚੀਮਾ ਨੇ ਕੀਤਾ। ਇਸ ਮੌਕੇ ਬਾਦਲ ਪਰਿਵਾਰ ਤੋਂ ਇਲਾਵਾ ਰਾਧਾ ਸੁਆਮੀ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ, ਨਰੇਸ਼ ਗੁਜਰਾਲ, ਸੰਸਦ ਮੈਂਬਰ ਵਰਿੰਦਰ ਵੈਸ਼ਯ, ਬਿਕਰਮਜੀਤ ਮਜੀਠੀਆ, ਮਨਪ੍ਰੀਤ ਸਿੰਘ ਇਯਾਲੀ, ਜਗਮੀਤ ਸਿੰਘ ਬਰਾੜ, ਅਵਤਾਰ ਸਿੰਘ ਕਰੀਮਪੁਰੀ, ਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ ਮੌਜੂਦ ਸਨ।

ਤਾਇਆ ਜੀ ਦਾ ਜਿਗਰਾ ਬਹੁਤ ਵੱਡਾ ਸੀ: ਮਨਪ੍ਰੀਤ ਬਾਦਲ
ਲੰਬੀ : ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਤਾਇਆ ਪ੍ਰਕਾਸ਼ ਸਿੰਘ ਬਾਦਲ ਨੇ ਸੂਬਾਈ ਵੰਡ ਮਗਰੋਂ ਪੰਜਾਬ ਨੂੰ ਨਵੀਂ ਦਿਸ਼ਾ ਦਿੰਦੇ ਪਿੰਡਾਂ ’ਚ ਨਵੀਂਆਂ ਸੜਕਾਂ ਅਤੇ ਨਹਿਰੀ ਵਿਕਾਸ ਕੀਤਾ। ਉੁਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਦਿਲ ਅਤੇ ਜਿਗਰਾ ਦਿੱਤਾ ਸੀ। ਉਨ੍ਹਾਂ ਦੇ ਮਨ ’ਚ ਹਰੇਕ ਲਈ ਪਿਆਰ ਸੀ।