ਸਿੱਖ ਨੌਜਵਾਨ ਜਥੇਬੰਦੀਆਂ ਨੇ ਵਿਵਾਦਤ ਫਿਲਮ ਮਦਰਹੁੱਡ ਦੇ ਨਿਰਮਾਤਾ ਦਾ ਘੇਰਿਆ ਡੇਰਾ, ਪੁਤਲਾ ਫੂਕਦਿਆਂ ਕੀਤਾ ਜ਼ੋਰਦਾਰ ਪ੍ਰਦਰਸ਼ਨ

ਸਿੱਖ ਨੌਜਵਾਨ ਜਥੇਬੰਦੀਆਂ ਨੇ ਵਿਵਾਦਤ ਫਿਲਮ ਮਦਰਹੁੱਡ ਦੇ ਨਿਰਮਾਤਾ ਦਾ ਘੇਰਿਆ ਡੇਰਾ, ਪੁਤਲਾ ਫੂਕਦਿਆਂ ਕੀਤਾ ਜ਼ੋਰਦਾਰ ਪ੍ਰਦਰਸ਼ਨ


ਅਸੀਂ ਫਿਲਮ ਨੂੰ ਕਿਸੇ ਹਾਲਤ ’ਚ ਨਹੀਂ ਚੱਲਣ ਦਿਆਂਗੇ : ਪੰਥਕ ਆਗੂ

ਅੰਮਿ੍ਰਤਸਰ : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੇਵੇਵਾਲਾ ਵਿਖੇ ਫਿਲਮ ਸੁਪਰੀਮ ਮਦਰਹੁੱਡ ਦੇ ਨਿਰਮਾਤਾ ਅਤੇ ਡਾਇਰੈਕਟਰ ਬਾਬਾ ਕਰਨਦੀਪ ਸਿੰਘ ਦੇ ਡੇਰੇ ਦੇ ਸਾਹਮਣੇ ਵੱਖ-ਵੱਖ ਸਿੱਖ ਜਥੇਬੰਦੀਆਂ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ, ਆਵਾਜ਼-ਏ-ਕੌਮ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਆਦਿਕ ਵੱਲੋਂ ਖ਼ਾਲਸੇ ਦੇ ਮਾਤਾ ਜੀ ਮਾਤਾ ਸਾਹਿਬ ਕੌਰ ਸਬੰਧੀ ਵਿਵਾਦਤ ਫਿਲਮ ਮਦਰਹੁੱਡ ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਦੀ ਮੰਗ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਲਮ ਦੇ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ। ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਭਾਈ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੱਤਰ ਨੰਬਰ 23938“ ਮਿਤੀ 28 ਮਾਰਚ 2022 ਰਾਹੀਂ ਫਿਲਮ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਫਿਰ ਵਿਵਾਦਤ ਫਿਲਮ ਦੇ ਨਿਰਮਾਤਾ, ਕਿਸ ਅਧਾਰ ‘ਤੇ ਫਿਲਮ ਰਿਲੀਜ਼ ਕਰ ਰਹੇ ਹਨ। ਫਿਲਮ ਨਿਰਮਾਤਾਵਾਂ ਦੀ ਇਹ ਕੋਝੀ ਹਰਕਤ ਸਰਾਸਰ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਚੈਲੰਜ ਕਰਨ ਦੀ ਕਾਰਵਾਈ ਹੈ ਜਿਸ ਦਾ ਸਿੱਖ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦੀਆਂ ਹਨ। ਆਵਾਜ਼-ਏ-ਕੌਮ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ ਨੇ ਕਿਹਾ ਕਿ ਸਿੱਖ ਪੰਥ ਵੱਲੋਂ ਕਈ ਸਾਲਾਂ ਤੋਂ ਸਿੱਖ ਇਤਿਹਾਸ ਤੇ ਬਣ ਰਹੀਆਂ ਐਨੀਮੇਟਡ ਫਿਲਮਾਂ ਦਾ ਵਿਰੋਧ ਹੋ ਰਿਹਾ ਹੈ ਪਰ ਵਪਾਰੀ ਸੋਚ ਦੇ ਲੋਕ ਵਾਰ ਵਾਰ ਸਿੱਖ ਇਤਿਹਾਸ ਦਾ ਮਜਾਕ ਬਣਾਉਂਦੀਆਂ ਫਿਲਮਾਂ ਬਣਾ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹਨ, ਜਿਸ ਨੂੰ ਸਿੱਖ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਸੀ, ਨਾ ਹੀ ਭਵਿੱਖ ਵਿਚ ਕਰੇਗਾ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਵਾਦਤ ਫਿਲਮ ਨਿਰਮਾਤਾਵਾਂ ਨੇ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਨਾ ਮਿਲਣ ਤੇ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਨੂੰ ਵਿਸ਼ੇਸ਼ ਤੌਰ ਤੇ ਫਿਲਮ ਪ੍ਰਦਰਸ਼ਿਤ ਕਰ ਕੇ ਇਸ ਕੋਝੇ ਕਾਰੇ ਵਿੱਚ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਰਾਸਰ ਸਾਡੇ ਕੌਮੀ ਮਸਲਿਆਂ ਵਿੱਚ ਸਰਕਾਰੀ ਦਖਲ ਦੀ ਕਾਰਵਾਈ ਹੈ, ਇਸ ਹਰਕਤ ਨੇ ਆਮ ਆਦਮੀ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਹੈ। ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰੀ ਛਤਰ-ਛਾਇਆ ਵਿੱਚ ਸਿੱਖ ਸਿਧਾਂਤਾਂ ਨਾਲ ਖਿਲਵਾੜ ਨਾ-ਕਾਬਿਲੇ ਬਰਦਾਸ਼ਤ ਹੈ। ਉਹਨਾਂ ਕਿਹਾ ਕਿ ਇਹ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਵਿਲੱਖਣਤਾ ’ਤੇ ਹਮਲਾ ਹੈ ਜੇ ਇਸ ਨੂੰ ਨਾ ਠੱਲ੍ਹਿਆ ਤਾਂ ਭਵਿੱਖ ‘ਚ ਬਹੁਤ ਭਿਆਨਕ ਸਿੱਟੇ ਨਿਕਲਣਗੇ। ਉਹਨਾਂ ਕਿਹਾ ਕਿ ਇਸ ਪਿੱਛੇ ਬ੍ਰਾਹਮਣਵਾਦੀ ਸਾਜਿਸ਼ ਕੰਮ ਕਰ ਰਹੀ ਹੈ, ਪਰ ਪੰਥ ਅਜੇ ਜਿਉਂਦਾ ਤੇ ਜਾਗਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਨਾਨਕ ਸ਼ਾਹ ਫ਼ਕੀਰ ਜਿਹੀਆਂ ਫਿਲਮਾਂ ਦਾ ਸਿੱਖ ਕੌਮ ਨੇ ਭਾਰੀ ਵਿਰੋਧ ਕਰਕੇ ਬੰਦ ਕਰਵਾਈਆਂ ਸਨ। ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਨਾਲ਼ ਗੁਰੂ ਸਾਹਿਬਾਨ ਜਾਂ ਸਿੱਖ-ਇਤਿਹਾਸ ਦੀਅ ਸਤਿਕਾਰਤ ਸ਼ਖਸੀਅਤਾਂ ਦੇ ਫਿਲਮੀ ਕਲਾਕਾਰਾਂ ਵੱਲੋਂ ਨਿਭਾਏ ਜਾਂ ਐਨੀਮੇਸ਼ਨ ਮਨੁੱਖੀ ਪਾਤਰਾਂ ਨੂੰ ਫ਼ੀਚਰ ਫਿਲਮਾਂ ਵਿੱਚ ਦਿਖਾਇਆ ਜਾਣਾ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ਼ ਹੈ। ਉਹਨਾਂ ਕਿਹਾ ਕਿ ਜੇਕਰ ਪੰਥ ਨੇ ਫਿਲਮਾਂ, ਐਨੀਮੇਸ਼ਨ ਰਾਹੀਂ ਸਿੱਖੀ ਦੇ ਪ੍ਰਚਾਰ ਸੰਬੰਧੀ ਕੋਈ ਲਛਮਣ ਰੇਖਾ ਖਿੱਚ ਕੇ ਸਪਸ਼ਟ ਅਸੂਲ ਨਾ ਘੜੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਸਿੱਖ ਦੀ ਉਹ ਰੂਹਾਨੀ ਪ੍ਰੇਰਨਾ ਅਤੇ ਸੁਰਤ ਦੀ ਇਕਾਗਰਤਾ ਭੰਗ ਹੋ ਜਾਵੇਗੀ, ਜਿਹੜੀ ਦਸ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਅਠਾਰ੍ਹਵੀਂ ਸਦੀ ਦੇ ਘੱਲੂਘਾਰਿਆਂ ਤੋਂ ਲੈ ਕੇ ਮੌਜੂਦਾ ਸਮੇਂ ਦੇ ਬਿਖੜੇ ਸਮਿਆਂ ਤਕ ਬੇਅੰਤ ਪ੍ਰਕਾਰ ਦੇ ਅਸਹਿ ਤੇ ਅਕਹਿ ਤਸੀਹੇ ਝੱਲਦਿਆਂ ਹੋਇਆਂ ਹੁਣ ਤਕ 9 ਲੱਖ ਤੋਂ ਵੱਧ ਸ਼ਹੀਦੀਆਂ ਦੇ ਕੇ ਸਿੱਖੀ ਸਿਦਕ ਨਿਭਾਉਣ ਦੀ ਤਾਕਤ ਬਖ਼ਸ਼ਦੀ ਰਹੀ ਹੈ। ਕਿਉਂਕਿ ਸਿੱਖ ਨੂੰ ਉਸ ਰੂਹਾਨੀ ਪ੍ਰੇਰਨਾ ਅਤੇ ਦੈਵੀ ਤਾਕਤ ਤੋਂ ਹੀਣਾ ਕਰਨ ਲਈ, ਸਿੱਖ ਦਾ ਸ਼ਬਦ-ਗੁਰੂ ਨਾਲ਼ੋਂ ਰਿਸ਼ਤਾ ਤੋੜਨ ਅਤੇ ਗੁਰੂ ਸਾਹਿਬਾਨ ਦੀ ਪੈਗੰਬਰੀ ਸ਼ਾਨ ਅਤੇ ਦੈਵੀ ਬਿੰਬ ਨੂੰ ਸਿੱਖ ਅਵਚੇਤਨ ਵਿੱਚੋਂ ਮਿਟਾਉਣ ਲਈ ਐਨੀਮੇਟਿਡ, ਮਨੁੱਖੀ ਕਿਰਦਾਰਾਂ ਵਾਲ਼ੀਆਂ ਧਾਰਮਿਕ ਫਿਲਮਾਂ ਹੀ ਸਭ ਤੋਂ ਮਾਰੂ ਹਥਿਆਰ ਸਾਬਤ ਹੋਣਗੀਆਂ ਤੇ ਜਿੰਨੀ ਤੇਜ਼ੀ ਨਾਲ਼ ਅੱਜ ਅਸੀਂ ਫਿਲਮਾਂ ਤੇ ਐਨੀਮੇਟਿਡ ਤਕਨੀਕਾਂ ਰਾਹੀਂ ਸਿੱਖੀ ਦੇ ਪ੍ਰਚਾਰ ਵੱਲ ਜ਼ੋਰ ਦੇ ਰਹੇ ਹਾਂ, ਕਿਸੇ ਦਿਨ ਉਸ ਤੋਂ ਵੱਧ ਤੇਜ਼ੀ ਨਾਲ਼ ਇਹਨਾਂ ਤਕਨੀਕਾਂ ਤੋਂ ਖਹਿੜਾ ਛੁਡਾਉਣ ਲਈ ਭੱਜਾਂਗੇ ਪਰ ਸਾਡਾ ਛੁਟਕਾਰਾ ਨਹੀਂ ਹੋਵੇਗਾ। ਸ. ਪਰਦੀਪ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਕ ਚਿੱਠੀ ਅਤੇ ਕੇਵਲ ਅਖਬਾਰੀ ਬਿਆਨ ਦੇ ਕੇ ਤੁਸੀਂ ਆਪਣੀ ਜ਼ੁੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ, ਕਿਰਪਾ ਕਰਕੇ ਹਰ ਹਲਕੇ ਵਿੱਚ ਵਿਵਾਦਤ ਫਿਲਮ ਦੇ ਪ੍ਰਦਰਸ਼ਨ ਤੇ ਰੋਕ ਲਾਉਣ ਲਈ ਮੈਂਬਰ ਸਾਹਿਬਾਨ ਦੀ ਅਗਵਾਈ ਵਿਚ ਇਕੱਠ ਕਰੋ। ਭਾਈ ਮਨਜੀਤ ਸਿੰਘ ਕਰਤਾਰਪੁਰ ਅਤੇ ਭਾਈ ਹਰਜਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਇਹ ਫਿਲਮ ਕਿਸੇ ਵੀ ਹਾਲਾਤ ਵਿਚ ਚੱਲਣ ਨਹੀਂ ਦੇਵਾਂਗੇ, ਆਉਣ ਵਾਲੇ ਦਿਨਾਂ ਵਿੱਚ ਸਿਨਮਿਆਂ ਦਾ ਵੀ ਘਿਰਾਉ ਕੀਤਾ ਜਾਵੇਗਾ। ਸਾਨੂੰ ਆਪਣਾ ਇਤਿਹਾਸ ਜਾਨਣ ਲਈ ਕਿਸੇ ਫਿਲਮ ਦੀ ਕੋਈ ਲੋੜ ਨਹੀਂ ਹੈ, ਫਿਲਮਾਂ ਰਾਹੀਂ ਇਤਿਹਾਸ ਦੀ ਗਲਤ ਪੇਸ਼ਕਾਰੀ ਭਵਿੱਖ ਲਈ ਘਾਤਕ ਹੈ। ਇਸ ਮੌਕੇ ਸੁਰਮਨ ਸਿੰਘ ਧਾਲੀਵਾਲ, ਕਰਨੈਲ ਸਿੰਘ ਘੋੜਾਬਾਹਾ, ਰਣਵੀਰ ਸਿੰਘ ਬੈਂਸਤਾਨੀ, ਮਨਿੰਦਰ ਸਿੰਘ ਮਿੰਦੀ, ਅਮਨਪ੍ਰੀਤ ਸਿੰਘ ਫ਼ਤਹਿਪੁਰ, ਜੱਸਾ ਸਿੰਘ ਸੁਭਾਨਾ ਆਦਿ ਹਾਜ਼ਰ ਸਨ।