ਸਿੱਖ ਨਸਲਕੁਸ਼ੀ ਵਿਰੁੱਧ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਜ਼ਾਹਰਾ

ਸਿੱਖ ਨਸਲਕੁਸ਼ੀ ਵਿਰੁੱਧ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਜ਼ਾਹਰਾ

ਅੰਮ੍ਰਿਤਸਰ – ਕਿਰਤੀ ਕਿਸਾਨ ਯੂਨੀਅਨ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਅੱਜ ਸ਼ਹਿਰ ’ਚ ਰੋਸ ਵਿਖਾਵਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧ ’ਚ ਭੰਡਾਰੀ ਪੁਲ ਤੋਂ ਜੱਲ੍ਹਿਆਂ ਵਾਲਾ ਬਾਗ ਤੱਕ ਮਾਰਚ ਵੀ ਕੀਤਾ।

ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਨਵੰਬਰ 1984 ’ਚ ਕੇਂਦਰ ਤੇ ਵੱਖ ਵੱਖ ਸੂਬਿਆਂ ’ਚ ਜਿੱਥੇ ਕਾਂਗਰਸ ਪਾਰਟੀ ਰਾਜ ਕਰਦੀ ਸੀ, ਉੱਥੇ ਯੋਜਨਾਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਗਿਆ, ਸਿੱਖਾਂ ਦੀਆਂ ਜਾਇਦਾਦਾਂ ਸਾੜੀਆਂ ਗਈਆਂ। ਇਨ੍ਹਾਂ ਘਟਨਾਵਾਂ ਰਾਹੀਂ ਸਿੱਖ ਮਾਨਸਿਕਤਾ ਨੂੰ ਡੂੰਘੇ ਜ਼ਖ਼ਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਖ਼ਮਾਂ ਕਰਕੇ ਬਹੁਤ ਸਾਰੇ ਸਿੱਖ ਨੌਜਵਾਨ ਜਜ਼ਬਾਤੀ ਹੋ ਕੇ ਸੰਘਰਸ਼ ’ਚ ਸ਼ਾਮਲ ਹੋਏ ਤੇ ਅੱਜ ਆਪਣੀਆਂ ਸਜ਼ਾਵਾਂ ਤੋਂ ਵੀ ਦੁੱਗਣੇ ਸਮੇਂ ਤੋਂ ਵੱਧ ਸਮਾਂ ਜੇਲ੍ਹਾਂ ’ਚ ਬਿਤਾ ਚੁੱਕੇ ਹਨ। ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜੋ ਗੈਰਮਨੁੱਖੀ ਤੇ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਹਕੂਮਤ ’ਤੇ ਆਰਐੱਸਐੱਸ ਤੇ ਉਸ ਦੇ ਸਿਆਸੀ ਵਿੰਗ ਬੀਜੇਪੀ ਦਾ ਕਬਜ਼ਾ ਹੈ। ਉਹ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੇ ਨਾਅਰੇ ਹੇਠ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਹੱਕਾਂ ਤੋਂ ਵਾਂਝਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਯੂਏਪੀਏ ਲਗਾ ਕੇ ਬਿਨਾਂ ਮੁਕੱਦਮੇ ਚਲਾਇਆਂ ਜੇਲਾਂ ’ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਦੀ ਬੀਜੇਪੀ ਸਰਕਾਰ ਦੀ ਫਾਸ਼ੀਵਾਦੀ ਨੀਤੀ ਨੂੰ ਭਾਂਜ ਦੇਣ ਲਈ ਤੇ ਕੇਂਦਰੀਕਰਨ ਦੀਆਂ ਨੀਤੀਆਂ ਨੂੰ ਹਾਰ ਦੇਣ ਲਈ ਤੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਜਥੇਬੰਦੀ ਸਮਝਦੀ ਹੈ ਕਿ ਸਭ ਜਮਹੂਰੀਅਤ ਪਸੰਦ ਸ਼ਕਤੀਆਂ, ਕਿਸਾਨਾਂ, ਮਜ਼ਦੂਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਪੱਤਰਕਾਰਾਂ, ਲੇਖਕਾਂ, ਕਮਿਊਨਿਸਟਾਂ ਆਦਿ ਨੂੰ ਇੱਕ ਮੰਚ ’ ਤੇ ਇਕੱਠੇ ਹੋ ਕੇ ਇਨਸਾਫ ਲਈ ਕਿਸਾਨ ਮੋਰਚੇ ਵਰਗਾ ਸੰਘਰਸ਼ ਕਰਨਾ ਪਵੇਗਾ।

ਅੱਜ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਸਥਾਨਕ ਭੰਡਾਰੀ ਪੁਲ ਤੋਂ ਇਤਿਹਾਸਕ ਜੱਲ੍ਹਿਆਂ ਵਾਲੇ ਬਾਗ ਤੱਕ ਰੋਸ ਪ੍ਰਦਰਸ਼ਨ ਕੀਤਾ ਤੇ ਜੱਲ੍ਹਿਆਂ ਵਾਲਾ ਬਾਗ਼ ਅੱਗੇ ਰੈਲੀ ਕੀਤੀ ਗਈ।

ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਮੇਜ਼ਰ ਸਿੰਘ ਕੜਿਆਲ, ਰਵਿੰਦਰ ਸਿੰਘ ਛੱਜਲਵੱਡੀ, ਸੁਖਵਿੰਦਰ ਸਿੰਘ ਕਿਆਮਪੁਰ, ਬਲਵਿੰਦਰ ਸਿੰਘ ਪੰਜਗਰਾਈਂ, ਮੇਜ਼ਰ ਸਿੰਘ ਜੌਹਲ, ਯੁੱਧਵੀਰ ਸਿੰਘ ਸਰਜਾ,ਕਾਬਲ ਸਿੰਘ ਸ਼ਾਹਪੁਰ, ਸਤਨਾਮ ਸਿੰਘ,ਬਾਵਾ ਸਿੰਘ ਮਾਨਾਂ ਵਾਲਾ, ਕਵਲਜੀਤ ਸਿੰਘ ਕੋਟ ਸਿੱਧੂ ਵੀ ਹਾਜ਼ਰ ਸਨ।