ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਅਤੇ ਚੁਣੌਤੀਆਂ

ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਅਤੇ ਚੁਣੌਤੀਆਂ


ਇਕਬਾਲ ਸਿੰਘ ਲਾਲਪੁਰਾ
ਸਿੱਖ ਧਰਮ ਵਿਚ ਪ੍ਰਚਾਰ ਦੀ ਵਿਧੀ ਪਾਰਸ ਤੋਂ ਪਾਰਸ ਬਣਨ ਦੀ ਰਹੀ ਹੈ। ਪਾਰਸ ਨੂੰ ਜੇ ਲੋਹਾ ਜਾਂ ਤਾਂਬਾ ਛੂਹ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ, ਪਰ ਸਿੱਖੀ ਦੀ ਖਾਣ ਤਾਂ ਪਾਰਸ ਤੋਂ ਪਾਰਸ ਬਣਾਉਂਦੀ ਹੈ:
ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ॥ (ਅੰਗ 688)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਧਰਮ ਪ੍ਰਚਾਰ ਦੇ ਛੋਟੇ-ਛੋਟੇ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ‘ਚ ਭਾਈ ਲਾਲੋ ਨੂੰ ਏਮਨਾਬਾਦ, ਤੁਲੰਬਾਂ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ‘ਚ ਚਤਰਦਾਸ ਬ੍ਰਾਹਮਣ ਨੂੰ ਇਹ ਸੇਵਾ ਬਖ਼ਸ਼ੀ। ਉਹ ਗੁਰੂ ਜੀ ਦਾ ਉਪਦੇਸ਼ ਸੁਣਾਉਂਦੇ ਸਨ ਤੇ ਗੁਰਮਤਿ ਸਮੇਤ ਧਾਰਮਿਕ ਵਿਸ਼ਿਆਂ ‘ਤੇ ਵਿਚਾਰ ਚਰਚਾ ਕਰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਮੰਜੀ ਵਿਵਸਥਾ ਨੂੰ ਪ੍ਰਮੁੱਖਤਾ ਦਿੱਤੀ ਅਤੇ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਿਤ ਕਰ ਦਿੱਤੇ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਪ੍ਰਚਾਰ ਸੰਸਥਾਵਾਂ ਦੀ ਗਿਣਤੀ ਹੋਰ ਵੀ ਵਧਾ ਦਿੱਤੀ। ਮੰਜੀ ਪ੍ਰਾਪਤ ਕਰਨ ਵਾਲਾ ਆਪਣੇ ਇਲਾਕੇ ‘ਚ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ।
ਭਾਈ ਗੁਰਦਾਸ ਜੀ ਦੀ 11ਵੀਂ ਵਾਰ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਗੁਰੂ ਸਾਹਿਬਾਨ ਦੇ ਦੇਸ਼-ਵਿਦੇਸ਼ ਵਿਚੋਂ ਅਨੇਕਾਂ ਸਿੱਖਾਂ ਦੇ ਨਾਂਅ ਦਰਜ ਹਨ, ਜੋ ਭਾਰਤ, ਸ੍ਰੀਲੰਕਾ, ਤਿੱਬਤ ਤੇ ਅਫ਼ਗਾਨਿਸਤਾਨ ਆਦਿ ਦੇਸ਼ਾਂ ਵਿਚ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਇਹ ਮੰਜੀਆਂ ਫੇਰ ਧਰਮਸਾਲ ਤੇ ਗੁਰਦੁਆਰਾ ਸਾਹਿਬਾਨ ਬਣ ਗਈਆਂ। ਇਨ੍ਹਾਂ ਪ੍ਰਚਾਰਕਾਂ ਦੀ ਗਿਣਤੀ ਵਧਦੀ ਗਈ ਅਤੇ ਹੌਲੀ-ਹੌਲੀ ਇਨ੍ਹਾਂ ਨੂੰ ਮਸੰਦ/ਮਸਨਦ ਭਾਵ ਵੱਡੀ ਮੰਜੀ ਉਹ ਜੋ ਤਖ਼ਤ, ਗੱਦੀ ਜੋ ਸਿੰਘਾਸਨ ਤੋਂ ਨੀਵੀਂ ਹੋਵੇ ਬਖ਼ਸ਼ੀ ਗਈ। ਇਨ੍ਹਾਂ ਨੇ ਗੁਰੂ ਘਰਾਂ ਦੀ ਮਹਿਮਾ ਅਤੇ ਗੁਰਮਤਿ ਲੋਕਾਂ ‘ਚ ਪਹੁੰਚਾਈ ਤੇ ਸ਼ਰਧਾਲੂਆਂ ਦਾ ਦਸਵੰਦ ਗੁਰੂ ਘਰ ‘ਚ ਪਹੁੰਚਾਉਣ ਦਾ ਕੰਮ ਕੀਤਾ। ਪਰ ਹੌਲੀ-ਹੌਲੀ ਪੈਸੇ ਦੇ ਲਾਲਚ ਹੇਠ ਇਹ ਮਸੰਦ ਭ੍ਰਿਸ਼ਟ ਹੋ ਗਏ। ਇਸ ਕਾਰਨ ਇਹ ਮਸੰਦ ਪ੍ਰਥਾ ਬੰਦ ਕਰ ਦਿੱਤੀ ਅਤੇ ਦੋਸ਼ੀ ਮਸੰਦਾਂ ਨੂੰ ਸਜ਼ਾ ਵੀ ਦਿੱਤੀ ਗਈ। ਉਸ ਤੋਂ ਬਾਅਦ ਧਰਮ ਪ੍ਰਚਾਰ ਦਾ ਕੰਮ ਅੱਗੇ ਤੁਰਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਨਾਲ ਇਹ ਧਰਮ-ਪ੍ਰਚਾਰ ਤੇਜ਼ੀ ਨਾਲ ਅੱਗੇ ਵਧਿਆ। ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਿੱਖ ਮਹਾਰਾਜਿਆਂ ਨੇ ਆਪਣੀ ਪਰਜਾ ਲਈ ਮੰਦਰ ਤੇ ਮਸਜਿਦਾਂ ਦੀ ਉਸਾਰੀ ਵੀ ਕਰਵਾਈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖ਼ਤਮ ਕਰਨ ਵੇਲੇ ਅੰਗਰੇਜ਼ਾਂ ਨੇ ਸਿੱਖ ਫਲਸਫਾ ਤੇ ਸਿੱਖ-ਸਿਧਾਂਤ ਖ਼ਤਮ ਕਰਨ ਲਈ, ਗੁਰਦੁਆਰਾ ਸਾਹਿਬਾਨ ‘ਤੇ ਮਹੰਤਾਂ ਅਤੇ ਸਰਬਰਾਹ ਦਾ ਕਬਜ਼ਾ ਕਰਾ ਪ੍ਰਬੰਧ ਆਪਣੇ ਹੇਠ ਕਰ ਲਿਆ। ਸਿੱਖ ਯੋਧਿਆਂ ਤੋਂ ਡਰਿਆ ਅੰਗਰੇਜ਼, ਸਿੱਖਾਂ ਨੂੰ ਈਸਾਈ ਬਣਾਉਣ ਵੱਲ ਯਤਨ ਕਰਨ ਲੱਗਾ। ਇਸੇ ਲੜੀ ‘ਚ ਮਹਾਰਾਜਾ ਦਲੀਪ ਸਿੰਘ ਅਤੇ ਸ. ਹਰਨਾਮ ਸਿੰਘ ਆਹਲੂਵਾਲੀਆ ਈਸਾਈ ਬਣੇ। ਸਖ਼ਤੀ ਇਸ ਹੱਦ ਤੱਕ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ-ਪੋਤਰੀਆਂ ਨਾਲ ਕਿਸੇ ਸਿੱਖ ਸਰਦਾਰ ਨੇ ਨਾ ਆਪਣੀਆਂ ਲੜਕੀਆਂ ਦਾ ਵਿਆਹ ਕੀਤਾ ਅਤੇ ਨਾ ਹੀ ਆਪਣੇ ਕਿਸੇ ਫਰਜੰਦ ਨੂੰ ਰਾਜਕੁਮਾਰੀਆਂ ਨਾਲ ਸ਼ਾਦੀ ਕਰਨ ਲਈ ਪ੍ਰੇਰਿਆ। 1869 ਈ. ਵਿਚ ਪੈਦਾ ਹੋਈ ਰਾਜਕੁਮਾਰੀ ਬੰਬਾ 1912 ਈ. ਤੋਂ ਪਹਿਲਾਂ ਹੀ ਪੰਜਾਬ ਆ ਗਈ ਸੀ ਅਤੇ ਮਰਦੇ ਦਮ 1957 ਈ. ਤੱਕ ਲਾਹੌਰ ਵਿਚ ਰਹੀ। ਕਿਸੇ ਰਾਜਸੀ ਜਾਂ ਧਾਰਮਿਕ ਆਗੂ ਨੇ ਉਸ ਨੂੰ ਮੁੜ ਸਿੱਖੀ ਵਿਚ ਲਿਆਉਣ ਦਾ ਯਤਨ ਨਹੀਂ ਕੀਤਾ। ਉਸ ਦੀ ਵਿਦੇਸ਼ੀ ਨੌਕਰਾਣੀ ਤਾਂ ਇਕ ਵੱਡੇ ਸਿੱਖ ਖਾਨਦਾਨ ਦੇ ਘਰ ਦੀ ਨੂੰਹ ਜ਼ਰੂਰ ਬਣ ਗਈ।
1873 ਈ: ਵਿਚ ਅੰਗਰੇਜ਼ ਜਦੋਂ ਚਾਰ ਸਿੱਖ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਮਿਸ਼ਨ ਹਾਈ ਸਕੂਲ ਵਿਚ ਈਸਾਈ ਬਣਾਉਣ ਲੱਗਿਆ ਤਾਂ ਸ. ਠਾਕੁਰ ਸਿੰਘ ਸੰਧਾਵਾਲੀਆ, ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕਰਮ ਸਿੰਘ ਕਪੂਰਥਲਾ ਅਤੇ ਗਿਆਨੀ ਗਿਆਨ ਸਿੰਘ, ਅੰਮ੍ਰਿਤਸਰ ਨੇ ਆਵਾਜ਼ ਉਠਾਈ ਅਤੇ ਸਿੰਘ ਸਭਾ ਲਹਿਰ ਰਾਹੀਂ ਸਿੱਖ ਧਰਮ ਨੂੰ ਬਚਾਉਣ ਦਾ ਯਤਨ ਕੀਤਾ। ਫਲਸਰੂਪ ਅੰਗਰੇਜ਼ ਉਹ ਚਾਰ ਨੌਜਵਾਨਾਂ ਨੂੰ ਈਸਾਈ ਨਹੀਂ ਬਣਾ ਸਕਿਆ। ਇਸੇ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਵਲੈਤ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਸਿੰਘ ਸਜਣ ਲਈ ਪ੍ਰੇਰਿਆ ਅਤੇ ਖ਼ਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। 30, ਮਾਰਚ 1886 ਨੂੰ ਸ. ਠਾਕੁਰ ਸਿੰਘ ਸੰਧਾਵਾਲੀਆ ਦੇ ਉੱਦਮ ਸਦਕਾ ਮਹਾਰਾਜਾ ਦਲੀਪ ਸਿੰਘ ਮੁੜ ਸਿੰਘ ਸਜ ਗਿਆ ਪਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਅੰਗਰੇਜ਼ਾਂ ਨੇ, ਵਾਪਿਸ ਪੰਜਾਬ ਨਾ ਆਉਣ ਦਿੱਤਾ ਅਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਗਈ। ਇਸ ਲਹਿਰ ਨੂੰ ਕਮਜ਼ੋਰ ਕਰਨ ਲਈ ਸਿੰਘ ਸਭਾ, ਅੰਮ੍ਰਿਤਸਰ ਦੇ ਬਰਾਬਰ ਇਕ ਸਿੰਘ ਸਭਾ ਲਾਹੌਰ ਵਿਚ ਵੀ ਖੜ੍ਹੀ ਹੋਈ। ਅੰਗਰੇਜ਼ਾਂ ਨੇ ਇਨ੍ਹਾਂ ਸਿੰਘ ਸਭਾਵਾਂ ਨੂੰ ਜੋੜ ਕੇ 1902 ਈ. ਵਿਚ ਚੀਫ਼ ਖ਼ਾਲਸਾ ਦੀਵਾਨ ਬਣਾ, ਇਸ ਲਹਿਰ ਦਾ ਅੰਤ ਕਰ ਦਿੱਤਾ। ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਵਿਚ ਇਹ ਗੱਲ ਅੰਕਿਤ ਕਰ ਦਿੱਤੀ ਗਈ ਕਿ ਉਹ ਸਰਕਾਰ ਨਾਲ ਕੇਵਲ ਗੱਲਬਾਤ ਰਾਹੀਂ ਹੀ ਪੰਥਕ ਮਸਲੇ ਸੁਲਝਾਉਣਗੇ। ਇਹੀ ਦੌਰ ਸ਼ੁੱਧੀਕਰਨ ਆਦਿ ਲਹਿਰਾਂ ਦਾ ਸੀ, ਜਿੱਥੇ ਸਿੱਖਾਂ ਨੂੰ ਮੁੜ ਆਪਣੇ ਪੁਰਾਣੇ ਧਰਮਾਂ ਵੱਲ ਪਰਿਵਰਤਨ ਕਰਨ ਦੇ ਯਤਨ ਹੋਏ।
1920 ਤੋਂ 1925 ਈ: ਤੱਕ ਗੁਰਦੁਆਰਿਆਂ ਦੀ ਆਜ਼ਾਦੀ ਲਈ ਇਕ ਵੱਡਾ ਸੰਘਰਸ਼ ਹੋਇਆ, ਜੋ ਗ਼ਰੀਬ ਸਿੱਖ ਭਾਈਚਾਰੇ ਦੇ ਪ੍ਰਸ਼ਾਦਿ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਵਾਨ ਨਾ ਕਰਨ ‘ਤੇ ਆਰੰਭ ਹੋਇਆ ਸੀ। ਇਸ ਸੰਘਰਸ਼ ਵਿਚ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਇਨ੍ਹਾਂ ਕੁਰਬਾਨੀਆਂ ਸਦਕਾ ਕੌਮ ਨੇ ਸਰਕਾਰ ਤੇ ਉਸ ਦੇ ਪਿੱਠੂਆਂ, ਮਹੰਤਾਂ ਤੇ ਸਰਬਰਾਹਾਂ ਤੋਂ ਗੁਰਦੁਆਰਾ ਪ੍ਰਬੰਧ ਲੈ ਲਿਆ। ਮਹਾਤਮਾ ਗਾਂਧੀ ਨੇ ਇਸ ਸੰਘਰਸ਼ ਦੀ ਸਫਲਤਾ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਆਖ ਕੇ, ਸਿੱਖ ਆਗੂਆਂ ਨੂੰ ਵੀ ਰਾਜਨੀਤੀ ਵਿਚ ਆਪਣੇ ਨਾਲ ਜੋੜਨ ਦਾ ਯਤਨ ਕੀਤਾ। ਚੀਫ਼ ਖ਼ਾਲਸਾ ਦੀਵਾਨ, ਅੰਗਰੇਜ਼ ਪ੍ਰਸਤ ਰਈਸਾਂ ਕੋਲ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਾਂਗਰਸ ਦੇ ਨਾਲ ਜੁੜ ਗਏ ਤੇ ਮੈਂਬਰ ਵੀ ਬਣ ਗਏ। ਗੁਰਦੁਆਰਾ ਪ੍ਰਬੰਧ ਨਵੇਂ ਕਾਨੂੰਨ ਤਹਿਤ ਲੋਕਲ ਕਮੇਟੀਆਂ ਹਵਾਲੇ ਹੋਇਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਸਰਪ੍ਰਸਤ ਸੀ। ਬਾਅਦ ਵਿਚ ਕੁਝ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਕਰਨ ਦੇ ਸਰਕਾਰੀ ਹੁਕਮ ਵੀ ਜਾਰੀ ਹੋਏ। ਇਸ ਸਮੇਂ ਹੁਣ ਬਹੁਤੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਚੁੱਕੇ ਹਨ।
ਅੱਜ ਰਾਜਨੀਤਕ ਅੰਦੋਲਨਾਂ/ ਮੋਰਚਿਆਂ ਰਾਹੀਂ ਕੌਮ ਦਾ ਸਰਮਾਇਆ ਰਾਜਨੀਤੀ ਵਿਚ ਲੱਗ ਗਿਆ, ਜੋ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਆ ਸਕਦਾ ਸੀ। ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਧਾਰਮਿਕ ਫ਼ਲਸਫ਼ੇ ਅਤੇ ਸਿੱਖੀ ਕਿਰਦਾਰ ਤੋਂ ਥਿੜਕ ਗਏ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪ੍ਰਬੰਧ ਕੇਵਲ ਕੁਝ ਸੌ ਗੁਰਦੁਆਰਿਆਂ ਦਾ ਹੈ। ਲੇਕਿਨ ਦੇਸ਼-ਵਿਦੇਸ਼ ਤੇ ਪੰਜਾਬ ਵਿਚ ਤਾਂ ਗੁਰਦੁਆਰਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਕੋਈ ਵਿਧੀ ਪ੍ਰਚੱਲਿਤ ਨਹੀਂ। ਫਲਸਰੂਪ ਗੁਰਦੁਆਰਿਆਂ ਦੇ ਪ੍ਰਬੰਧਕ ਕੇਵਲ ਨਿਤ ਦੇ ਪੂਜਾ ਪਾਠ ਤੱਕ ਹੀ ਸੀਮਿਤ ਹੋ ਰਹੇ ਹਨ। ਇਸੇ ਲਈ ਖਲਾਅ ਵਿਚ ਦੂਜੇ ਧਰਮਾਂ ਦੇ ਪ੍ਰਚਾਰਕ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਜਿਸ ਲਈ ਇਕ ਨਵੀਂ ਸਿੰਘ ਸਭਾ ਦੀ ਤਰਜ਼ ‘ਤੇ ਸਮਾਜ ਨੂੰ ਜਾਗ੍ਰਿਤ ਕਰਨ ਤੇ ਅਗਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਅਣਖ ਤੇ ਅਨੰਦ ਦੇ ਨਿਰਮਲ ਫਲਸਫੇ ਨੂੰ ਅੱਗੇ ਤੋਰਿਆ ਜਾ ਸਕੇ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਕੌਮੀ ਮਸਲੇ ਸੁਲਝਾਏ ਜਾ ਸਕਣ। ਸੱਚੇ-ਦਿਲੋਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਸੁਮੱਤ ਬਖਸ਼ਣ ਕਿ ਅਸੀਂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਰਲ ਮਿਲ ਕੇ ਨਾ ਕੇਵਲ ਸੋਚੀਏ ਬਲਕਿ ਆਪਣਾ ਬਣਦਾ ਰੋਲ ਵੀ ਅਦਾ ਕਰੀਏ।

-ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।
ਮੋਬਾਈਲ : 97800-03333