ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਤੇ ਵਿਸਥਾਰ: ਦਰਪੇਸ਼ ਚੁਣੌਤੀਆਂ

ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਤੇ ਵਿਸਥਾਰ: ਦਰਪੇਸ਼ ਚੁਣੌਤੀਆਂ


ਇਕਬਾਲ ਸਿੰਘ ਲਾਲਪੁਰਾ
9780003333
ਦੁਨੀਆਂ ਦੇ ਪ੍ਰਮੁੱਖ ਧਰਮਾਂ ਵਿਚ ਸਿੱਖ ਧਰਮ ਦੀ ਪਹਿਚਾਣ ਬੜੀ ਵਿਕਲੋਤਰੀ ਹੈ। ਆਪਣੇ ਨਿਵੇਕਲੇ ਅਧਿਆਤਮਕ ਫਲਸਫੇ, ਮਾਨਵਵਾਦੀ, ਲੋਕ-ਪੱਖੀ ਸਰੂਪ, ਸ਼ਾਨਾਮੱਤੇ ਇਤਿਹਾਸ ਸਦਕਾ ਇਹ ਧਰਮ ਵਿਸ਼ਵ ਦੇ ਧਾਰਮਿਕ ਮਾਣ-ਚਿੱਤਰ ’ਤੇ ਵਿਸ਼ੇਸ਼ ਗੌਰਵ ਦਾ ਧਾਰਨੀ ਹੈ। ਇਸ ਧਰਮ ਦੇ ਪੈਰੋਕਾਰ ਭਾਵੇਂ ਵਿਸ਼ਵ ਭਰ ਦੀ ਆਬਾਦੀ ਵਿਚ ਗਿਣਤੀ ਪੱਖੋਂ ਘੱਟ ਹਨ ਪਰ ਦੇਸ਼ ਦੇ ਸਾਰੇ ਸੂਬਿਆਂ ਵਿਚ, ਵੱਖ-ਵੱਖ ਦੇਸ਼ਾਂ ਵਿਚ ਉਨ੍ਹਾਂ ਨੇ ਆਪਣੀ ਸਤਿਕਾਰਤ ਹੋਂਦ ਦਰਜ ਕਰਾਈ ਹੋਈ ਹੈ। ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਇਸ ਧਰਮ ਦੇ ਪੈਰੋਕਾਰ-ਸਿੱਖ ਉੱਚ ਪਦਵੀਆਂ ’ਤੇ ਆਸੀਨ ਰਹੇ ਹਨ ਅਤੇ ਅੱਜ ਵੀ ਹਨ। ਆਰਥਿਕ ਖੇਤਰ ਵਿਚ ਦਸ ਗੁਰੂ- ਸਾਹਿਬਾਨਾਂ ਦੇ ਵਰੋਸਾਏ ਸਿੱਖਾਂ ਨੇ ਮੱਲ੍ਹਾਂ ਮਾਰੀਆਂ ਹਨ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਉਹ ਕਿਰਦਾਰ ਹੈ ਜੋ ਦਸ ਗੁਰੂ-ਸਾਹਿਬਾਨਾਂ ਨੇ ਲਗਭਗ ਢਾਈ ਸਦੀਆਂ ਦੇ ਅਦੁੱਤੀ ਚਿੰਤਨ, ਕਦਰਾਂ ਕੀਮਤਾਂ, ਮਿਹਨਤ ਅਤੇ ਕੁਰਬਾਨੀਆਂ ਰਾਹੀ ਸਿਰਜਿਆ।
ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਤੇ ਗੁਰੂ ਘਰਾਂ ਦੀ ਬੇਅਦਬੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਬਹੁਤੇ ਦੋਸ਼ੀ ਸਿੱਖ ਪਹਿਚਾਣ ਵਾਲੇ ਹਨ ਕਿਉਂਕਿ ਉਨ੍ਹਾਂ ਦੇ ਨਾਂ ਪਿੱਛੇ ‘ਸਿੰਘ’ ਜਾਂ ’ਕੌਰ’ ਲਗਾ ਹੋਇਆ ਹੈ। ਅਜਿਹੇ ਬੇਅਦਬੀ ਦੇ ਦੋਸ਼ੀਆਂ ਨੂੰ ਕਤਲ ਕਰ ਦੇਣ ਦੀਆਂ ਘਟਨਾਵਾਂ ਵੀ ਹੋਈਆਂ, ਉਹ ਵੀ ਗੁਰੂ ਘਰਾਂ ਦੇ ਅੰਦਰ । ਹੋਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਕ ਵਿਸ਼ੇਸ਼ ਧਰਮ ਦੇ ਪ੍ਰਚਾਰਕਾਂ ਵੱਲੋਂ ਭੋਲੇ ਭਾਲੇ ਸਿੱਖਾਂ ਨੂੰ ਸਿੱਖੀ ਸਰੂਪ ਵਿੱਚ ਹੀ ਆਪਣੇ ਧਰਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜੋ ਆਪਣੀ ਪ੍ਰਾਰਥਨਾ ਰਾਹੀ ਚਮਤਕਾਰ ਕਰਨ ਦੀ ਗੱਲ ਕਰਦੇ ਹਨ। ਗੁਰੂਆਂ ਦੇ ਵਰੋਸਾਇ ਇਸ ਛੋਟੇ ਜਿਹੇ ਪੰਜਾਬ ਵਿੱਚ ਇਨ੍ਹਾਂ ਪ੍ਰਚਾਰਕਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ। ਇਸ ਤੋਂ ਵੀ ਹੋਰ ਦੁਖਦਾਈ ਗੱਲ ਇਹ ਹੈ ਕਿ ਸਿੱਖ ਨੌਜਵਾਨ ਪੀੜ੍ਹੀ ਲਗਾਤਾਰ ਪਤਿਤ ਹੋ ਰਹੀ ਹੈ ਅਤੇ ਪੰਜਾਬ ਆਰਥਿਕ ਰੂਪ ਤੋਂ ਕੰਗਾਲ ਹੋ ਰਿਹਾ ਹੈ ਪਰ ਅਸੀਂ ਚੁੱਪ ਕਰ ਕੇ ਬੈਠੇ ਹਾਂ।
ਸਿੱਖ ਧਰਮ ਦੁਨੀਆਂ ਦੇ ਪ੍ਰਮੁੱਖ ਧਰਮਾਂ ਵਿਚੋਂ ਅਜਿਹਾ ਧਰਮ ਹੈ, ਜੋ ਕਰਮਕਾਡਾਂ ਤੋਂ ਰਹਿਤ ਹੈ। ਇਸ ਧਰਮ ਵਿਚ ਗੁਰੂ ਅਤੇ ਪ੍ਰਭੂ ਨਾਲ ਜੁੜਨ ਲਈ ਪੁਜਾਰੀਆਂ ਦੀ ਲੋੜ ਨਹੀਂ ਹੈ। ਜੇਕਰ ਭਾਈ ਨੰਦ ਲਾਲ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਪ੍ਰਗਟ ਕੀਤੇ ਰਹਿਤਨਾਮੇ ’ਤੇ ਵਿਚਾਰ ਕਰੀਏ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਉਪਰੰਤ ਧਿਆਨ ਲਗਾਉਣ, ਵਾਹਿਗੁਰੂ ਮੰਤਰ ਦਾ ਜਾਪ ਤੇ ਪਾਠ ਕਰਨਾ ਜ਼ਰੂਰੀ ਹੈ। ਸ਼ਾਮ ਵੇਲੇ ਰਹਿਰਾਸ ਤੇ ਰਾਤਰੀ ਨੂੰ ਕੀਰਤਨ ਸੋਹਲੇ ਦਾ ਪਾਠ ਕਰਨਾ ਹੈ। ਗੁਰੂ ਹੁਕਮ ਅਨੁਸਾਰ ਇਹਨਾਂ ਵਿੱਚ ਜੇਕਰ ਕੋਈ ਇੱਕ ਨੇਮ ਵੀ ਪੁਗਾਵੋ ਤਾਂ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਇਸ ਲਈ ਗੁਰੂ ਸਾਹਿਬਾਨ, ਸ਼ਬਦ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਹਰ ਸਮੇਂ ਗਿਆਨ ਤੇ ਸੋਧ ਦੇਣ ਲਈ ਹਾਜ਼ਰ ਹਨ। ਜੋ ਗੁਰੂ ਸ਼ਬਦ ਦੇ ਨਾਲ ਪਿਆਰ ਕਰਦਾ ਹੈ, ਉਹ ਗੁਰੂ ਦੇ ਦਰਸ਼ਨ ਕਰਨ ਬਰਾਬਰ ਹੈ।
ਐਸੋ ਗੁਰਸਿਖ ਸੋਵ ਭੀ ਮਹਿੰ ਪਹੁੰਚੇ ਆਇ॥
ਸੁਨਹੁ ਨੰਦ ਚਿੱਤ ਦੇਇ ਕੈ ਮੁਕਤ ਬੈਕਠੇ ਜਾਇ॥
(ਭਾਈ ਨੰਦ ਲਾਲ ਜੀ)
ਅਕਾਲ ਪੁਰਖ, ਜੋ ਜਨਮ ਮਰਨ ਤੋਂ ਰਹਿਤ, ਨਿਰਭਉ, ਨਿਰਵੈਰ ਤੇ ਸਵੈ-ਪ੍ਰਕਾਸ਼ਮਾਨ ਹੈ, ਨੂੰ ਗੁਰੂ ਦੀ ਕ੍ਰਿਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਮਤਿ ਮਾਰਗ ਸਵੈ-ਮਾਣ ਨਾਲ ਅਨੰਦਮਈ ਜੀਵਨ ਦਾ ਰਾਹ ਦੱਸਦਾ ਹੈ। ਹੱਸਦੇ, ਖੇਲ੍ਹਦੇ, ਖਾਂਦੇ, ਪਹਿਨਦੇ ਵੀ ਅਕਾਲ ਪੁਰਖ ਨੂੰ ਸੇਵਾ ਤੇ ਸਿਮਰਨ ਰਾਹੀਂ ਪਹੁੰਚਿਆ ਜਾ ਸਕਦਾ ਹੈ
ਨਾਨਕ ਸਤਿਗੁਰੁ ਭੇਟਿਐ ਪੂਰੀ ਹੋਵੈ ਜੁਗਤ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਅੰਗ-512)
ਬਾਕੀ ਹਦਾਇਤਾਂ, ਸਿੱਖ ਨੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਤਨਖਾਹਨਾਮੇ ਵਿੱਚ ਦਰਜ ਹਨ। ਸਿੱਖ ਨੂੰ ਸਿਰ ’ਤੇ ਟੋਪੀ ਨਹੀਂ ਧਾਰਨ ਕਰਨੀ ਚਾਹੀਦੀ। ਸਿੱਖ ਨੇ ਹੁੱਕਾ, ਚਰਸ, ਤਮਾਕੂ, ਕੁੱਠਾ, ਗਾਂਜਾ, ਟੋਪੀ ਤਾੜੀ, ਖਾਕੂ ਦੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਸਿੱਖ ਨੇ ਜੂਆ, ਮਦਿਰਾ, ਚੋਰੀ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਹੈ। ਜੇਕਰ ਸਿੱਖ ਬਾਦਸ਼ਾਹ ਹੋਵੇ ਤਾਂ ਗ਼ਰੀਬ ਸਿੰਘਾਂ ਦੀ ਪਾਲਣਾ ਕਰੇ, ਉਨ੍ਹਾਂ ਨੂੰ ਹੀ ਨੌਕਰ ਰੱਖੇ ਅਤੇ ਪਰਦੇਸੀ ਸਿੰਘਾਂ ਦੀ ਸਵਾ ਵੀ ਕਰੇ। ਨਾ ਵੱਢੀ ਲੈ ਕੇ ਇਨਸਾਫ਼ ਕਰੇ ਅਤੇ ਨਾ ਝੂਠੀ ਗਵਾਹੀ ਦੇਵੇਂ, ਸਿੱਖ ਉੱਦਮ ਕਰਕੇ ਰੋਜ਼ੀ ਕਮਾਵੇ-
ਉਦਮੁ ਕਰੇਦਿਆ ਜੀਉ ਤੂੰ
ਕਮਾਵਦਿਆ ਸੁਖ ਭੁੰਚ ॥
ਧਿਆਇਦਿਆ ਤੂੰ ਪ੍ਰਭੂ ਮਿਲੁ
ਨਾਨਕ ਉਤਰੀ ਚਿੰਤ॥ (ਅੰਗ 522)
ਜੇਕਰ ਕੋਈ ਸਿੰਘ ਪੁਜਾਰੀ ਵੀ ਹੈ ਤਾਂ ਸਰੀਰ ਦੇ ਨਿਰਬਾਹ ਦੀ ਲੋੜ ਅਨੁਸਾਰ ਹੀ ਭੇਟਾ ਲਵੇ। ਪਿੰਡ ਵਿੱਚ ਇਕ ਅਸਥਾਨ ਸਾਧੂ ਸੰਗਤ ਕਾ ਬਨ੍ਹਵਾਉਣਾ, ਜਹਾਂ ਸਾਧੂ ਸੰਗਤ ਇਕੱਤਰ ਹੋਵੇ ਅਤੇ ਆਇਆ ਗਿਆ ਵਿਸਰਾਮ ਕਰੇ। ਜੇਕਰ ਸਿੱਖ ਤੋਂ ਕੁਰਹਿਤ ਹੋ ਜਾਵੇ ਤਾਂ ਪੰਜ ਸਿੰਘਾਂ ਅੱਗੇ ਹੱਥ ਜੋੜ ਕੇ ਤਨਖ਼ਾਹ ਲਗਵਾ ਕੇ ਭੁੱਲ ਬਖਸ਼ਾਵੇ, ਪਰ ਬਖਸ਼ਣ ਵਾਲਾ ਸਿੰਘ ਵੀ ਮੁਆਫ਼ੀ ਵੇਲੇ ਅੜੀ ਨਾ ਕਰਨ, ਸਿੱਖਾਂ ਦਾ ਮਸਲਾ ਸਿੱਖਾਂ ਵਿਚ ਹੀ ਨਿੱਬੜੇ। ਗੁਰਮਤਿ ਦਾ ਸਿਧਾਂਤ ਹੈ- ਖ਼ਾਲਸਾ ਅਕਾਲ ਪੁਰਖ ਦੇ ਰੂਪ ਵਿਚ ਪ੍ਰਗਟ ਹੋਇਆ ਹੈ।
ਅਕਾਲ ਪੁਰਖ ਦੀ ਮੂਰਤਿ ਇਹ।।
ਪ੍ਰਗਟਿਓ ਆਪ ਖ਼ਾਲਸਾ ਦੇਹ ॥ (ਸਰਬ ਲੋਹ ਗ੍ਰੰਥ)
ਕਿਉਂਕਿ ਖ਼ਾਲਸਾ ਅਕਾਲ ਪੁਰਖ ਦੀ ਫੌਜ ਹੈ। ਇਸ ਲਈ ਉਸਦੇ ਵਿੱਚ ਅਨੁਸ਼ਾਸਨ ਤੇ ਨਿਯਮ ਵੀ ਹਨ,
ਐਸੇ ਗੁਣ ਹਰਿ ਖਾਲਸਹਿ ਬਖਸ਼ੈ,
ਭਗਤਿ, ਗਿਆਨੀ, ਰਾਜ, ਜੋਗੇਸ਼ਵਰ
ਛਤ੍ਰਿਯ ਬਰਿਤਿ ਅਨਨਯੁਪਾਸਕ,
ਤਯਾਗੀ ਹਠੀ ਸੂਰ ਭਨੇਸ਼ਵਰ॥
ਅਰਥਾਤ ਖ਼ਾਲਸਾ ਉਹ ਹੈ ਜੋ ਭਗਤੀ ਵਾਲਾ, ਗਿਆਨ ਵਾਲਾ, ਰਾਜਿਆਂ ਦਾ ਸਵਾਮੀ, ਯੋਗੀਆਂ ਦਾ ਵੀ ਸਵਾਮੀ, ਛਤ੍ਰੀਆਂ ਵਰਗੀ ਉਪਜੀਵਕਾ ਵਾਲਾ, ਅਨਨਯੁਪਾਸਕ, ਪ੍ਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦਾ ਉਪਾਸਕ ਨਹੀਂ, ਤਯਾਗੀ, ਹਠੀ, ਸੂਰਬੀਰ ਅਤੇ ਭੁਵਨੇਸ਼ਵਰ-ਭਵਨ ਜ਼ਮੀਨ ਦਾ ਮਾਲਕ ਹੈ। ਇਸ ਲਈ ਅਕਾਲ ਪੁਰਖ ਦਾ ਸਿਪਾਹੀ ਔਗੁਣਾਂ ਤੋਂ ਰਹਿਤ ਦੀ ਹੋਣਾ ਚਾਹੀਦਾ ਹੈ-
ਤਯਾਗੀ ਦਸ ਬਿਰੋਧ ਅਤਿ ਸਾਧਨ ਹਿੰਸਾ
ਅਹੰਕਾਰ ਆਲਸ ਕ੍ਰਿਪਨਤੂ ਪ੍ਰਮਾਨੰ॥
ਕਠੋਹਤ ਜੜਤੁ ਕੁਚਿਲਿਤੁ ਅਸਊਚੰ
ਕਲਮ ਸ਼ਾ- ਰੁ ਅਭਿਗਤਿ ਆਨੰ॥
ਅਰਥਾਤ ਹਿੰਸਾ, ਅਹੰਕਾਰ, ਆਲਸ, ਕ੍ਰਿਪਣਤਵ-ਸੂਮਪਨ, ਕਠੋਰਪੁਣਾ (ਨਿਰਦਈ), ਜੜਤੁ-ਮੂਰਖਪੁਣਾ, ਕੁਚਲਿਤ-ਬੁਰਾ ਚਲਣ -ਬੁਰੇ ਵਿਚਾਰ, ਅਪਵਿੱਤਰਤਾ, ਕਲਮਸ਼ਾਰੂੰ -ਕਲਮ ਨਾਲ ਬੁਰਾ ਨਾ ਕਰਨਾ ਅਤੇ ਅਭਿਗਤਿ ਆਨੰ ਲੁੱਟ ਦੇ ਮਾਲ ਤੇ ਅਨੰਦ ਨਹੀਂ ਭੋਗਣਾ, ਇਹਨਾਂ ਔਗੁਣਾਂ ਤੋਂ ਰਹਿਤ ਹੀ ਖ਼ਾਲਸਾ ਸੰਤ ਸਿਪਾਹੀ ਤੇ ਗੁਰੂ ਦਾ ਰੂਪ ਹੈ। ਇਹਨਾਂ ਨਿਯਮਾਂ ’ਤੇ ਜੀਵਨ ਦਾ ਧਾਰਨੀ ਹੀ ਖ਼ਾਲਸਾ ਰੱਬ ਦਾ ਰੂਪ ਹੈ।
ਦਸ ਗ੍ਰਾਹੀ ਦਸ ਤਿਆਗੀ ਐਸੋ
ਤਾਹਿ ਖਾਲਸਹ ਕਥਤ ਸੁਜਾਨੰ॥
ਅਸੁ ਖਾਲਸਹਿ ਖਾਲਸ ਪਦ ਪ੍ਰਾਪਤਿ
ਨਿਰੰਕਾਰਿ ਸੁ ਸਵਰੂਪ ਮਹਾਨੰ ॥
ਸਿੱਖ ਧਰਮ ਵਿਚ ਪ੍ਰਚਾਰ ਦੀ ਵਿਧੀ ਪਾਰਸ ਨਾਲ ਛੂਹ ਕੇ ਪਾਰਸ ਬਣਨ ਦੀ ਰਹੀ ਹੈ। ਪਾਰਸ ਨੂੰ ਜੋ ਲੋਹਾ ਜਾਂ ਤਾਂਬਾ ਛੂਹ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ।
ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ॥
(ਅੰਗ 698)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਧਰਮ ਪ੍ਰਚਾਰ ਦੇ ਛੋਟੇ ਛੋਟੇ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਵਿੱਚ ਭਾਈ ਲਾਲੋ ਨੂੰ ਏਮਨਾਬਾਦ, ਤੁਲੰਬਾਂ ਵਿਖੇ ਸੱਜਨ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਨੂੰ ਇਹ ਸੇਵਾ ਬਖਸੀ। ਉਹ ਗੁਰੂ ਜੀ ਦਾ ਉਪਦੇਸ਼ ਸੁਣਾਉਂਦੇ ਸਨ ਤੇ ਗੁਰਮਤਿ ਸਮੇਤ ਧਾਰਮਿਕ ਵਿਸ਼ਿਆਂ ’ਤੇ ਵਿਚਾਰ ਚਰਚਾ ਕਰਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਵਿਵਸਥਾ ਨੂੰ ਪ੍ਰਮੁੱਖਤਾ ਦਿੱਤੀ ਤੇ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਿਤ ਕਰ ਦਿੱਤੇ। 22 ਮੰਜੀਆਂ ਕ੍ਰਮਵਾਰ 1, ਅਨਾਹਯਾਰਖਾਂ, 2. ਸਚਨ ਸੱਚ, 3, ਸਾਧਾਰਣ, 4, ਸਾਵਣ ਮੱਲ, 5. ਸੁੱਖਣ, 6. ਹੁੰਦਾਲ, 7, ਕੇਦਾਰੀ, 8, ਖੇਡਾ, 9. ਗੰਗੂ ਸ਼ਾਹ, 10 ਦਰਬਾਰੀ, 11. ਪਾਰੇ ਜੁਲਕਾਂ, 12, ਫੇਰਾ ਕਟਾਰਾ, 13, ਬੂਆ, 14 ਮਹੇਸਾ, 15, ਬਣੀ, 16 ਮਾਈਦਾਸ, 17, ਮਾਣਕ ਚੰਦ, 18 ਮਥੋਂ, ਮੁਰਾਰੀ 19, ਰਾਜਾਰਾਮ 20, ਰੰਗ ਸ਼ਾਹ 21, ਰੰਗ ਦਾਸ 22 ਲਾਲੋ ਨੂੰ ਬਖ਼ਸ਼ੀਆਂ, ਜਿਨ੍ਹਾਂ ਦੇ ਨਾਮ ਵੱਖ-ਵੱਖ ਸਰੋਤਾਂ ਵਿੱਚ ਦਰਜ ਮਿਲਦੇ ਹਨ। ਇੱਕ ਹੋਰ ਵਿਲੱਖਣ ਗੱਲ, ਇਸਤਰੀ ਪ੍ਰਚਾਰਕਾਂ ਲਈ 52 ਪੀੜੇ ਸਥਾਪਿਤ ਕਰਨ ਦੀ ਸੀ, ਜਿਸ ਦੀ ਅਗਵਾਈ ਕਰਨ ਵਾਲੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਆਦਿ ਦੇ ਨਾਮ ਖ਼ਾਸ ਤੌਰ ਤੇ ਕਾਬਿਲ-ਏ-ਜ਼ਿਕਰ ਹਨ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਪ੍ਰਚਾਰ ਸੰਸਥਾਵਾਂ ਦੀ ਗਿਣਤੀ ਹੋਰ ਵੀ ਵਧਾ ਦਿੱਤੀ। ਮੰਜੀ ਪ੍ਰਾਪਤ ਕਰਨ ਵਾਲਾ ਆਪਣੇ ਇਲਾਕੇ ਵਿਚ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲਦਾ ਸੀ।
ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਗੁਰੂ ਸਾਹਿਬਾਨ ਦੇ ਦੇਸ਼-ਵਿਦੇਸ਼ ਵਿੱਚੋਂ ਅਨੇਕਾਂ ਸਿੱਖਾਂ ਦੇ ਨਾਂ ਦਰਜ ਹਨ ਜੋ ਭਾਰਤ, ਸ੍ਰੀਲੰਕਾ, ਤਿੱਬਤ ਤੇ ਅਫ਼ਗ਼ਾਨਿਸਤਾਨ ਆਦਿ ਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ। ਇਸੇ ਤਰ੍ਹਾਂ ਇਹ ਮੰਜੀਆਂ ਫੇਰ ਧਰਮਸਾਲ ਤੇ ਗੁਰਦੁਆਰਾ ਸਾਹਿਬਾਨ ਬਣ ਗਈਆਂ। ਇਹਨਾਂ ਪ੍ਰਚਾਰਕਾਂ ਦੀ ਗਿਣਤੀ ਵਧਦੀ ਗਈ ਤੇ ਹੌਲੀ ਹੌਲੀ ਇਹਨਾਂ ਨੂੰ ਮਸੰਦ ਮਸਨਦ ਭਾਵ ਵੱਡੀ ਮੰਜੀ ਉਹ ਜੋ ਤਖ਼ਤ, ਗੱਦੀ ਜੋ ਸਿੰਘਾਸਣ ਤੋਂ ਨੀਵੀਂ ਹੋਵੇ ਬਖਸੀ ਗਈ। ਇਹਨਾਂ ਨੇ ਗੁਰੂ ਘਰਾਂ ਦੀ ਮਹਿਮਾ ਅਤੇ ਗੁਰਮਤਿ ਲੋਕਾਂ ਵਿਚ ਪਹੁੰਚਾਈ ਤੇ ਸ਼ਰਧਾਲੂਆਂ ਦਾ ਦਸਵੰਦ ਗੁਰੂ ਘਰ ਵਿਚ ਪਹੁੰਚਾਉਣ ਦਾ ਕੰਮ ਕੀਤਾ। ਪਰ ਹੌਲੀ ਹੌਲੀ ਪੈਸੇ ਦੇ ਲਾਲਚ ਵਿਚ ਮਸੰਦ ਭ੍ਰਿਸ਼ਟ ਹੋ ਗਏ। ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤੇ –
ਜੋ ਜੁਗੀਆਨ ਕੇ ਜਾਇ ਕਹੈ ਸਭ
ਜੋਗਨ ਕੋ ਗ੍ਰਹਿ ਮਾਲ ਉਠੈ ਦੈ ॥
ਜੋ ਪਰੋ ਭਾਜਿ ਸਨਯਾਸਨ ਦੈ ਕਹੈ
ਦੱਤ ਕੇ ਨਾਮ ਪੈ ਧਾਮ ਲੁਟੈ ਦੈ।।
ਜੋ ਕਰਿ ਕੋਊ ਮਸੰਦਨ ਸੌ ਕਹੈ
ਸਰਬ ਦਖਲ ਲੈ ਮੋਹਿ ਅਬੈ ਦੈ ॥
ਲੇਉ ਹੀ ਲੇਉ ਕਹੈ ਸਭ ਕੋ ਨਰ
ਕੋਊ ਨ ਬ੍ਰਹਮ ਬਤਾਇ ਹਮੈ ਦੈ ॥
ਜੋ ਕਰਿ ਸੇਵਾ ਮਸੰਦਨ ਕੀ ਕਹੈ
ਆਨਿ ਪ੍ਰਸਾਦਿ ਸਭੈ ਮੋਹਿ ਦੀਜੈ ॥
ਜੋ ਕਛੁ ਮਾਲ ਤਵਾਲਯ ਸੋ
ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ ॥
ਮੇਰੋ ਈ ਧਯਾਨ ਧਰੋ ਨਿਸ ਬਾਸੁਰ
ਭੂਲ ਕੈ ਅਉਰ ਕੋ ਨਾਮ ਨ ਲੀਜੈ ॥
ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ
ਬਿਨਾ ਨਹਿ ਨੈਕ ਪ੍ਰਸੀਜੈ॥ (ਸਵੈਯੇ, ਪਾਤਸ਼ਾਹੀ 10)
ਇਸ ਕਾਰਨ ਇਹ ਮਸੰਦ ਪ੍ਰਥਾ ਬੰਦ ਕਰ ਦਿੱਤੀ ਤੇ ਦੋਸ਼ੀ ਮਸੰਦਾਂ ਨੂੰ ਸਜ਼ਾ ਵੀ ਦਿੱਤੀ ਗਈ। ਉਸ ਤੋਂ ਬਾਅਦ ਧਰਮ ਪ੍ਰਚਾਰ ਦਾ ਕੰਮ ਅੱਗੇ ਤੁਰਿਆ। ਬਾਬਾ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਨਾਲ ਇਹ ਧਰਮ ਪ੍ਰਚਾਰ ਤੇਜ਼ੀ ਨਾਲ ਅੱਗੇ ਵਧਿਆ। ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਿੱਖ ਮਹਾਰਾਜਿਆਂ ਨੇ ਆਪਣੀ ਪਰਜਾ ਲਈ ਮੰਦਰ ਤੇ ਮਸਜਿਦਾਂ ਦੀ ਉਸਾਰੀ ਵੀ ਕਰਵਾਈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਵੇਲੇ ਅੰਗਰੇਜ਼ ਨੇ ਸਿੰਘ ਫਲਸਫਾ ਤੇ ਸਿੱਖ-ਸਿਧਾਂਤ ਖਤਮ ਕਰਨ ਲਈ, ਗੁਰਦੁਆਰਾ ਸਾਹਿਬਾਨਾਂ ’ਤੇ ਮਹੰਤਾ ਅਤੇ ਸਰਬਰਾਹ ਦਾ ਕਬਜਾ ਕਰਾ ਪ੍ਰਬੰਧ ਆਪਣੇ ਹੇਠ ਕਰ ਲਿਆ। ਸਿੱਖ ਯੋਧਿਆਂ ਤੋਂ ਡਰਿਆ ਅੰਗਰੇਜ਼, ਸਿੱਖਾਂ ਨੂੰ ਈਸਾਈ ਬਨਾਉਣ ਵੱਲ ਯਤਨ ਕਰਨ ਲੱਗਾ। ਇਸੇ ਲੜੀ ਵਿੱਚ ਮਹਾਰਾਜਾ ਦਲੀਪ ਸਿੰਘ ਤੇ ਸ. ਹਰਨਾਮ ਸਿੰਘ ਆਹਲੂਵਾਲੀਆ ਈਸਾਈ ਬਣੇ, ਸਖ਼ਤੀ ਇਸ ਹੱਦ ਤੱਕ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ-ਪੁੱਤਰੀਆਂ ਨਾਲ ਕਿਸੇ ਸਿੱਖ ਸਰਦਾਰ ਨੇ ਨਾ ਆਪਣੀਆਂ ਲੜਕੀਆਂ ਦਾ ਵਿਆਹ ਕੀਤਾ ਅਤੇ ਨਾ ਹੀ ਆਪਣੇ ਕਿਸੇ ਫਰਜੰਦ ਨੂੰ ਰਾਜਕੁਮਾਰੀਆਂ ਨਾਲ ਸ਼ਾਦੀ ਕਰਨ ਲਈ ਪ੍ਰੇਰਿਆ। 1869 ਈ. ਵਿੱਚ ਪੈਦਾ ਹੋਈ ਰਾਜਕੁਮਾਰੀ ਬੰਬਾ 1912 ਈ. ਤੋਂ ਪਹਿਲਾਂ ਹੀ ਪੰਜਾਬ ਆ ਗਈ ਸੀ ਤੇ ਮਰਦੇ ਦਮ 1957 ਈ. ਤੱਕ ਲਾਹੌਰ ਵਿਚ ਰਹੀ। ਕਿਸੇ ਰਾਜਸੀ ਜਾਂ ਧਾਰਮਿਕ ਆਗੂ ਨੇ ਉਸਨੂੰ ਮੁੜ ਸਿੱਖੀ ਵਿੱਚ ਲਿਆਉਣ ਦਾ ਯਤਨ ਨਹੀਂ ਕੀਤਾ। ਉਸਦੀ ਵਿਦੇਸ਼ੀ ਨੌਕਰਾਣੀ ਤਾਂ ਇੱਕ ਵੱਡੇ ਸਿੱਖ ਖ਼ਾਨਦਾਨ ਦੇ ਘਰ ਦੀ ਨੂੰਹ ਜਰੂਰ ਬਣ ਗਈ।
1873 ਈ. ਵਿਚ ਅੰਗਰੇਜ਼ ਜਦੋਂ ਚਾਰ ਸਿੱਖ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਮਿਸ਼ਨ ਹਾਈ ਸਕੂਲ ਵਿੱਚ ਈਸਾਈ ਬਨਾਉਣ ਲੱਗਿਆ ਤਾਂ ਸ. ਠਾਕੁਰ ਸਿੰਘ ਸੰਧਾਵਾਲੀਆ, ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕਰਮ ਸਿੰਘ ਕਪੂਰਥਲਾ ਅਤੇ ਗਿਆਨੀ ਗਿਆਨ ਸਿੰਘ, ਅੰਮ੍ਰਿਤਸਰ ਨੇ ਆਵਾਜ਼ ਉਠਾਈ ਅਤੇ ਸਿੰਘ ਸਭਾ ਲਹਿਰ ਰਾਹੀਂ ਸਿੱਖ ਧਰਮ ਨੂੰ ਬਚਾਉਣ ਦਾ ਯਤਨ ਕੀਤਾ। ਫਲਸਰੂਪ ਅੰਗਰੇਜ਼ ਉਹ ਚਾਰ ਨੌਜਵਾਨਾਂ ਨੂੰ ਈਸਾਈ ਨਹੀਂ ਬਣਾ ਸਕਿਆ। ਇਸੇ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਵਲੈਤ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਸਿੰਘ ਸਜਣ ਲਈ ਪ੍ਰੇਰਿਆ ਅਤੇ ਖ਼ਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਮਾਰਚ 20, 1886 ਨੂੰ ਸ. ਠਾਕੁਰ ਸਿੰਘ ਸੰਧਾਵਾਲੀਆ ਦੇ ਉੱਦਮ ਸਦਕਾ ਮਹਾਰਾਜਾ ਦਲੀਪ ਸਿੰਘ ਮੁੜ ਸਿੰਘ ਸਜ ਗਿਆ ਪਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਅੰਗਰੇਜ਼ ਨੇ, ਵਾਪਸ ਪੰਜਾਬ ਨਾ ਆਉਣ ਦਿੱਤਾ ਤੇ ਉਸਦੀ ਜਾਇਦਾਦ ਜ਼ਬਤ ਕਰ ਲਈ ਗਈ। ਇਸ ਲਹਿਰ ਨੂੰ ਕਮਜ਼ੋਰ ਕਰਨ ਲਈ ਸਿੰਘ ਸਭਾ, ਅੰਮ੍ਰਿਤਸਰ ਦੇ ਬਰਾਬਰ ਇੱਕ ਸਿੰਘ ਸਭਾ ਲਾਹੌਰ ਵਿਚ ਵੀ ਖੜ੍ਹੀ ਹੋਈ। ਅੰਗਰੇਜ਼ ਨੇ ਇਹਨਾਂ ਸਿੰਘ ਸਭਾਵਾਂ ਨੂੰ ਜੋੜ ਕੇ 1962 ਈ. ਵਿੱਚ ਚੀਫ਼ ਖ਼ਾਲਸਾ ਦੀਵਾਨ ਬਣਾ, ਇਸ ਲਹਿਰ ਦਾ ਅੰਤ ਕਰ ਦਿੱਤਾ। ਚੀਫ਼ ਖ਼ਾਲਸਾ ਦੀਵਾਨ ਦੇ ਸੰਵਿਧਾਨ ਵਿੱਚ ਇਹ ਗੱਲ ਅੰਕਿਤ ਕਰ ਦਿੱਤੀ ਗਈ ਕਿ ਉਹ ਸਰਕਾਰ ਨਾਲ ਕੇਵਲ ਗੱਲਬਾਤ ਰਾਹੀਂ ਹੀ ਪੰਥਕ ਮਸਲੇ ਸੁਲਝਾਉਣਗੇ। ਇਹੀ ਦੌਰ ਸ਼ੁਧੀਕਰਨ ਆਦਿ ਲਹਿਰਾਂ ਦਾ ਸੀ, ਜਿੱਥੇ ਸਿੱਖਾਂ ਨੂੰ ਮੁੜ ਆਪਣੇ ਪੁਰਾਣੇ ਧਰਮਾਂ ਵੱਲ ਪਰਿਵਰਤਨ ਕਰਨ ਦੇ ਯਤਨ ਹੋਏ।
ਮਿਸਲਾਂ ਦੇ ਰਾਜ ਕਾਲ ਵਿੱਚ ਕੌਮੀ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਸਾਂਝੇ ਰੂਪ ਵਿੱਚ ਕੀਤੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਵੀ ਕੁਝ ਜ਼ਮੀਨਾਂ-ਜਾਇਦਾਦਾਂ ਦੇ ਬਾਰੇ ਹੁਕਮਨਾਮੇ ਮਹਾਰਾਜ ਸਾਹਿਬ ਨੂੰ ਭੇਜੇ ਗਏ। ਪਰ 1919-20 ਈ. ਤੱਕ ਗੁਰਦੁਆਰਾ ਸਾਹਿਬਾਨ ਵਿਭਚਾਰ ਦੇ ਅੱਡੇ ਬਣ ਚੁੱਕੇ ਸਨ। ਮਹੰਤ ਨਰੈਣੂ ਨੇ ਤਾਂ ਨਨਕਾਣਾ ਸਾਹਿਬ ਵਿੱਚ 140 ਤੋਂ ਜ਼ਿਆਦਾ ਸਿੱਖ ਕਤਲ ਵੀ ਕਰਵਾ ਦਿੱਤੇ ਸਨ। ਜੋ ਵਿਅਕਤੀ ਅੰਗਰੇਜ਼ ਵਿਰੋਧੀ ਹੁੰਦਾ ਸੀ, ਉਸਨੂੰ ਸ.ਗੁਰਮੁਖ ਸਿੰਘ ਵਾਂਗ ਪੰਥ ਵਿਚੋਂ ਖਾਰਿਜ ਕਰ ਦਿੱਤਾ ਜਾਂਦਾ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਨਰਲ ਡਾਇਰ ਵਰਗਿਆਂ ਨੂੰ ਸਨਮਾਨਿਤ ਕਰਕੇ ਸਿੰਘ ਬਣਾਇਆ ਜਾਂਦਾ ਸੀ। ਕਿੰਨੀ ਦੁਖਦਾਈ ਗੱਲ ਹੈ ਕਿ ਇਹ ਵੀ ਹੁਕਮਨਾਮਾ ਜਾਰੀ ਹੋਇਆ ਕਿ ਬੱਜ-ਬੱਜ ਘਾਟ ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ। ਇਹ ਸੀ ਸਿੱਖ ਪੁਜਾਰੀਆਂ ਦੀ ਅੰਗਰੇਜ਼ ਪ੍ਰਤੀ ਸ਼ਰਧਾ ਤੇ ਮਾਨਸਿਕਤਾ। ਅੰਗਰੇਜ਼ ਨੇ ਸਿੱਖਾਂ ਨੂੰ ਸਿੱਖੀ ਤੋਂ ਖਾਰਿਜ ਕਰਾਉਣ ਦੇ ਹੀ ਹੁਕਮਨਾਮੇ 1920 ਈ: ਤੱਕ ਜਾਰੀ ਕਰਵਾਏ। 1920 ਤੋਂ 1925 ਈ. ਤਕ ਗੁਰਦੁਆਰਿਆਂ ਦੀ ਆਜ਼ਾਦੀ ਲਈ ਇੱਕ ਵੱਡਾ ਸੰਘਰਸ਼ ਹੋਇਆ ਜੋ ਗ਼ਰੀਬ ਸਿੱਖ ਭਾਈਚਾਰੇ ਦੇ ਪ੍ਰਸ਼ਾਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਵਾਨ ਨਾ ਕਰਨ ’ਤੇ ਆਰੰਭ ਹੋਇਆ ਸੀ। ਇਸ ਸੰਘਰਸ਼ ਵਿਚ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਇਨ੍ਹਾਂ ਕੁਰਬਾਨੀਆਂ ਸਦਕਾ ਕੌਮ ਨੇ ਸਰਕਾਰ ਤੇ ਉਸਦੇ ਪਿੱਠੂਆਂ, ਮਹੰਤਾਂ ਤੇ ਸਰਬਰਾਹਾਂ ਤੋਂ ਗੁਰਦੁਆਰਾ ਪ੍ਰਬੰਧ ਲੈ ਲਿਆ।
ਮਹਾਤਮਾ ਗਾਂਧੀ ਨੇ ਇਸ ਸੰਘਰਸ਼ ਦੀ ਸਫਲਤਾ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਆਖ ਕੇ, ਸਿੱਖ ਆਗੂਆਂ ਨੂੰ ਵੀ ਰਾਜਨੀਤੀ ਵਿਚ ਆਪਣੇ ਨਾਲ ਜੋੜਨ ਦਾ ਯਤਨ ਕੀਤਾ। ਚੀਫ਼ ਖ਼ਾਲਸਾ ਦੀਵਾਨ, ਅੰਗਰੇਜ਼ ਪ੍ਰਸਤ ਰਈਸਾਂ ਕੋਲ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਾਂਗਰਸ ਦੇ ਨਾਲ ਜੁੜ ਗਏ ਤੇ ਮੈਂਬਰ ਵੀ ਬਣ ਗਏ। ਗੁਰਦੁਆਰਾ ਪ੍ਰਬੰਧ ਨਵੇਂ ਕਾਨੂੰਨ ਤਹਿਤ ਲੋਕਲ ਕਮੇਟੀਆਂ ਹਵਾਲੇ ਹੋਇਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਦੀ ਸਰਪ੍ਰਸਤ ਸੀ। ਬਾਅਦ ਵਿੱਚ ਕੁਝ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹੇਠ ਕਰਨ ਦੇ ਸਰਕਾਰੀ ਹੁਕਮ ਵੀ ਜਾਰੀ ਹੋਏ। ਇਸ ਸਮੇਂ ਹੁਣ ਬਹੁਤੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਚੁੱਕੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਹੋਈ ਮਰਿਆਦਾ ਕਮੇਟੀ ਦੇ ਤਿਆਰ ਕੀਤੇ ਖਰੜੇ ਦੀ ਜੇਕਰ, ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਜੀ, ਭਾਈ ਦੇਸਾ ਸਿੰਘ, ਚੋਪਾ ਸਿੰਘ ਜੀ, ਭਾਈ ਦਇਆ ਸਿੰਘ ਜੀ ਆਦਿ ਦੇ ਰਹਿਤਨਾਮਿਆਂ ਨਾਲ ਤੁਲਨਾ ਕੀਤੀ ਜਾਵੇ, ਤਾਂ ਇਹ ਗੁਰਮਤਿ ਮਰਿਆਦਾ ਦੇ ਫਲਸਫੇ ਤੋਂ ਦੂਰ ਕਰਮਕਾਂਡ ਦੀ ਵਿਧੀ ਵੱਲ ਜ਼ਿਆਦਾ ਜ਼ੋਰ ਦਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਰਮਲ ਪੰਥ ਦੀ ਵਿਲੱਖਣਤਾ ਹੀ ਨਹੀਂ ਰਹੀ, ਤਾਂ ਦੂਜਿਆਂ ਨਾਲੋਂ ਫ਼ਰਕ ਕਿਵੇਂ ਪਤਾ ਲੱਗੇ? ਜਾਤ-ਪਾਤ ਰਹਿਤ ’ਏਕ ਪਿਤਾ ਏਕਸ ਕੇ ਹਮ ਬਾਰਿਕ’ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਸਪੁੱਤਰ ਤੇ ਸਪੁੱਤਰੀਆਂ ਦੀ ਜਾਤ ਵੱਖਰੀ ਕਿਵੇਂ ਹੋ ਗਈ? ਰਾਜਨੀਤਿਕ ਅੰਦੋਲਨਾਂ/ਮੋਰਚਿਆਂ ਰਾਹੀਂ ਕੌਮ ਦਾ ਸਰਮਾਇਆ ਰਾਜਨੀਤੀ ਵਿੱਚ ਲਗ ਗਿਆ, ਜੋ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਆ ਸਕਦਾ ਸੀ।ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਧਾਰਮਿਕ ਫਲਸਫੇ ਅਤੇ ਸਿੱਖੀ ਕਿਰਦਾਰ ਤੋਂ ਥਿੜਕ ਗਏ ਹਾਂ।
ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿ- ਸੰਸਥਾ ਸੀ, ਦੇ ਆਗੂ, 1925 ਈ. ’ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜ ਕੇ ਰਾਜਨੀਤੀ ਵਿਚ ਸਰਗਰਮ ਰਹੇ। ਅੱਜ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਹਿ ਸੰਸਥਾ ਬਣ ਗਈ ਹੈ। ਅੱਜ ਹਰ ਵਿਚਾਰਵਾਨ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਸਲ ਟੀਚੇ / ਉਦੇਸ਼ ਤੋਂ ਭਟਕ ਗਈ ਹੈ। ਸਿੱਖ ਫਲਸਫੇ ਦਾ ਪ੍ਰਚਾਰ- ਪ੍ਰਸਾਰ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜੀ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਕੋਈ ਰੋਡਮੇਪ ਹੈ ਅਤੇ ਸ਼ਾਇਦ ਨਾ ਹੀ ਇਸ ਦੀ ਕੋਈ ਪਹਿਲ ਹੈ। ਧਰਮਨਿਰਣੈ ਲੈਣ ਲਈ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲ ਹੀ ਵੇਖਦੀ ਨਜ਼ਰ ਆਉਂਦੀ ਹੈ। ਚਾਹੀਦਾ ਤਾਂ ਇਹ ਸੀ ਕਿ ਅਸੀਂ, ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਸਾਡੇ ਧਾਰਮਿਕ ਆਗੂ ਆਪਣੇ ਇਸ ਅਮੀਰ ਫ਼ਲਸਫ਼ੇ ਦਾ ਇਸ ਤਰ੍ਹਾਂ ਪ੍ਰਚਾਰ-ਪ੍ਰਸਾਰ ਕਰਦੇ ਕਿ ਅੱਜ ਵਿਸ਼ਵ ਵਿਚ ਸਿੱਖ ਫ਼ਲਸਫ਼ੇ ਦਾ ਪਰਚਮ ਲਹਿਰਾ ਰਿਹਾ ਹੁੰਦਾ ਪਰ ਸਥਿਤੀ ਵਿਪਰੀਤ ਬਣਦੀ ਜਾ ਰਹੀ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ । ਪਰ ਅਸੀਂ ਅੱਜ ਵੀ ਇਸ ਸਚਾਈ ਦੇ ਰੂਬਰੂ ਹੋਣ ਤੋਂ ਮੁਨਕਰ ਹਾਂ।
ਦੇਸ਼-ਵਿਦੇਸ਼ ਤੇ ਪੰਜਾਬ ਵਿੱਚ ਤਾਂ ਗੁਰਦੁਆਰਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜਿੱਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਕੋਈ ਵਿਧੀ ਪ੍ਰਚੱਲਿਤ ਨਹੀਂ। ਫਲਸਰੂਪ ਗੁਰਦੁਆਰਿਆਂ ਦੇ ਪ੍ਰਬੰਧਕ ਕੇਵਲ ਨਿੱਤ ਦੇ ਪੂਜਾ ਪਾਠ ਤੱਕ ਹੀ ਸੀਮਿਤ ਹੋ ਰਹੇ ਹਨ। ਇਸੇ ਲਈ ਖਲਾਅ ਵਿੱਚ ਦੂਜੇ ਧਰਮਾਂ ਦੇ ਪ੍ਰਚਾਰਕ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਜਿਸ ਲਈ ਇੱਕ ਨਵੀਂ ਸਿੰਘ ਸਭਾ ਦੀ ਤਰਜ਼ ’ਤੇ ਸਮਾਜ ਨੂੰ ਜਾਗ੍ਰਿਤ ਕਰਨ ਤੇ ਅਗਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਅਣਖ ਤੇ ਆਨੰਦ ਦੇ ਨਿਰਮਲ ਫਲਸਫੇ ਨੂੰ ਅੱਗੇ ਤੋਰਿਆ ਜਾ ਸਕੇ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਕੌਮੀ ਮਸਲੇ ਸੁਲਝਾਏ ਜਾ ਸਕਣ। ਸੱਚੇ-ਦਿਲੋਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਸੁਮੱਤ ਬਖਸ਼ਣ ਕਿ ਅਸੀਂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਰਲ ਮਿਲ ਕੇ ਨਾ ਕੇਵਲ ਸੋਚੀਏ ਬਲਕਿ ਆਪਣਾ ਬਣਦਾ ਰੋਲ ਵੀ ਅਦਾ ਕਰੀਏ।
ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ,
ਭਾਰਤ ਸਰਕਾਰ