ਸਿੱਖ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਦੇ ਵਰਚੁਅਲ ਸਤਿਸੰਗ ਦਾ ਵਿਰੋਧ

ਸਿੱਖ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਦੇ ਵਰਚੁਅਲ ਸਤਿਸੰਗ ਦਾ ਵਿਰੋਧ

ਸਲਾਬਤਪੁਰਾ ਡੇਰੇ ਵੱਲ ਜਾਣ ਵਾਲੇ ਰਾਹ ’ਤੇ ਆਵਾਜਾਈ ਰੋਕੀ; ਪੁਲੀਸ ਨੇ ਸਿੱਖ ਵਰਕਰ ਹਿਰਾਸਤ ’ਚ ਲਏ
ਭਗਤਾ ਭਾਈ- ਸ਼੍ਰੋਮਣੀ ਅਕਾਲੀ ਦਲ (ਅ) ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਡੇਰਾ ਸਿਰਸਾ ਦੇ ਮੁਖੀ ਵੱਲੋਂ ਪੰਜਾਬ ਵਿਚਲੇ ਆਪਣੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਵਿੱਚ ਕੀਤੇ ਜਾ ਰਹੇ ਵਰਚੁਅਲ ਸਤਿਸੰਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਡੇਰੇ ਨੂੰ ਜਾਣ ਵਾਲੇ ਮੁੱਖ ਰਸਤੇ ਬਾਜਾਖਾਨਾ-ਬਰਨਾਲਾ ਸੜਕ ’ਤੇ ਪਿੰਡ ਜਲਾਲ ਦੇ ਬੱਸ ਅੱਡੇ ਕੋਲ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਥੇਬੰਦੀਆਂ ਦੇ ਵਿਰੋਧ ਕਾਰਨ ਬਾਜਾਖਾਨਾ-ਬਰਨਾਲਾ ਸੜਕ ’ਤੇ ਵੱਡਾ ਜਾਮ ਲੱਗ ਗਿਆ, ਜਿਸ ਨੂੰ ਪੁਲੀਸ ਨੇ ਮਗਰੋਂ ਖੁੱਲ੍ਹਵਾ ਦਿੱਤਾ।
ਇਸ ਮੌਕੇ ਜਦੋਂ ਪੁਲੀਸ ਨੇ ਧਰਨਾ ਲਗਾਉਣ ਵਾਲੇ ਕਾਰਕੁਨਾਂ ਨੂੰ ਬੱਸਾਂ ਵਿੱਚ ਬਿਠਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਪੁਲੀਸ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲੀਸ ਵਿਭਾਗ ਵੱਲੋਂ ਸਵੇਰੇ ਹੀ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਇਸ ਥਾਂ ’ਤੇ ਤਾਇਨਾਤ ਕਰ ਦਿੱਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਭਾਈ ਰਣਜੀਤ ਸਿੰਘ ਵਾਂਦਰ, ਬਾਬਾ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਬਾਬਾ ਰੇਸ਼ਮ ਸਿੰਘ, ਗੁਰਚਰਨ ਸਿੰਘ ਭਗਤਾ, ਡਾ. ਬਲਜੀਤ ਸਿੰਘ ਸਰਾਵਾਂ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦਾ ਨਾਂ ਬੇਅਦਬੀ ਮਾਮਲੇ ਵਿੱਚ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਪੁਲੀਸ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁੜ-ਮੁੜ ਪੈਰੋਲ ਦੇਣ ’ਤੇ ਵੀ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸੰਗੀਨ ਦੋਸ਼ਾਂ ਹੇਠ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਚਾਰ ਵਾਰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡੇਰਾ ਮੁਖੀ ਦੇ ਸਤਿਸੰਗ ਬੰਦ ਨਾ ਕਰਵਾਏ ਗਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਬਹਿਬਲ ਇਨਸਾਫ਼ ਮੋਰਚੇ ਨੇ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਰੋਕੀਆਂ

ਕੋਟਕਪੂਰਾ/ਫ਼ਰੀਦਕੋਟ : ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਨੇ ਅੱਜ ਸਵੇਰੇ ਪਿੰਡ ਬਹਿਬਲ ਕਲਾਂ ਨੇੜੇ ਡੇਰਾ ਸਿਰਸਾ ਮੁਖੀ ਦੇ ਵਰਚੁਅਲ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਸਲਾਬਤਪੁਰਾ ਜਾ ਰਹੇ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਰੋਕ ਲਈਆਂ। ਰੋਕੀਆਂ ਗਈਆਂ ਅੱਧੀ ਦਰਜਨ ਬੱਸਾਂ ਵਿੱਚ 300 ਤੋਂ ਵੱਧ ਡੇਰਾ ਪ੍ਰੇਮੀ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀਆਂ ਨਾਲ ਭਰੀਆਂ ਬੱਸਾਂ ਪਿੰਡ ਬਹਿਬਲ ਕਲਾਂ ਨੇੜੇ ਇਨਸਾਫ਼ ਲਈ ਲੱਗੇ ਮੋਰਚੇ ਕੋਲੋਂ ਲੰਘਣ ਲੱਗੀਆਂ ਤਾਂ ਬਹਿਬਲ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਹੇਠ ਸਿੱਖ ਕਾਰਕੁਨਾਂ ਨੇ ਉਕਤ ਬੱਸਾਂ ਨੂੰ ਰੋਕ ਲਿਆ। ਇਸ ਮੌਕੇ ਕੁਝ ਸਿੱਖ ਕਾਰਕੁਨਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਤਕਰਾਰ ਵੀ ਹੋਈ, ਪਰ ਮੌਕੇ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਪਹੁੰਚ ਜਾਣ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲੀਸ ਦੇ ਦਖ਼ਲ ਮਗਰੋਂ ਡੇਰਾ ਪ੍ਰੇਮੀ ਆਪਣੀਆਂ ਬੱਸਾਂ ਫ਼ਰੀਦਕੋਟ ਵਾਪਸ ਲੈ ਗਏ। ਇਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਫ਼ਰੀਦਕੋਟ ਜ਼ਿਲ੍ਹੇ ਅੰਦਰ ’ਚ ਪੈਂਦੇ ਕੌਮੀ ਮਾਰਗ-54 ’ਤੇ ਨਾਕਾਬੰਦੀ ਕਰ ਦਿੱਤੀ।