ਸਿੱਖ ਜਗਤ ਇਕੱਠਾ ਹੋ ਕੇ ਕੌਮੀ ਇਨਸਾਫ ਮੋਰਚੇ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਸਫਲ ਬਣਾਵੇ!!

ਸਿੱਖ ਜਗਤ ਇਕੱਠਾ ਹੋ ਕੇ ਕੌਮੀ ਇਨਸਾਫ ਮੋਰਚੇ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਸਫਲ ਬਣਾਵੇ!!

ਸ:ਜੰਗ ਸਿੰਘ
ਵਟੱਸ ਅੱਪ ਨੰ
+1 415 603 7380

ਕੌਮੀ ਇਨਸਾਫ ਮੋਰਚੇ ਨੇ 7 ਜਨਵਰੀ 2023 ਨੂੰ ਚਾਰ ਸਿੱਖ ਮੁੱਖ ਮੰਗਾਂ ਜਿਸ ਵਿੱਚ ਸਾਲ 2015 ਵਿੱਚ ਪਿੰਡ ਜਵਾਹਰੇ ਕੇ ਵਿਖੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਉਪਰੰਤ 600 ਅੰਗਾਂ ਨੂੰ ਪਾੜ੍ਹ ਕੇ ਗਲੀਆਂ ਵਿੱਚ ਖਿਲਾਰਣ ਵਾਲੇ ਦੋਸ਼ੀਆਂ ਨੂੰ ਫੜ੍ਹਣ, ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰੰ ਸਜਾਵਾਂ ਦੇਣ ਅਤੇ ਬੰਦੀ ਸਿੰਘ ਜਿਨ੍ਹਾਂ ਨੇ ਸਿੱਖ ਸੰਘਰਸ਼ ਦੌਰਾਨ ਵੱਖ ਵੱਖ ਦੋਸ਼ਾਂ ਤਹਿਤ ਉਮਰ ਕੈਦ ਤੋਂ ਵੀ ਦੁੱਗਣੀਆਂ ਸਜਾਵਾਂ ਤਕ ਪੂਰੀਆਂ ਕਰ ਲਈਆਂ ਹਨ ਨੂੰ ਪੱਕੇ ਤੌਰਤੇ ਰਿਹਾਅ ਕੀਤਾ ਜਾਵੇ ਦੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਚੰਡੀਗੜ੍ਹ ਬਾਰਡਰ ਜਿਥੇ ਕੌਮੀ ਸਿੱਖ ਮੋਰਚੇ ਦੇ ਯੋਧਿਆਂ ਨੂੰ ਮੁਜਾਹਰਾ ਕਰਕੇ ਚੰਡੀਗੜ੍ਹ ਜਾਂਦੇ ਹੋਏ ਜੱਥੇ ਨੂੰ ਪੁਲੀਸ ਨੇ ਜਬਰੀ ਰੋਕਿਆ ਸੀ ਉਸੇ ਸਥਾਨ ਤੇ ਉਨਾਂ ਨੇ ਪੱਕੇ ਤੌਰਤੇ ਟੈਂਟ ਲਗਾ ਕੇ ਉਸ ਥਾਂ ਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਉਨਾਂ ਨੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ 26 ਜਨਵਰੀ 2023 ਨੂੰ ਮੁਹਾਲੀ ਵਿਖੇ ਲਾ ਮਿਸਾਲ ਰੋਸ ਮਾਰਚ ਕੀਤਾ ਸੀ ਜਿਸ ਬਾਰੇ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਮੀਡੀਏ ਵਲੋਂ ਇਹ ਦਸਿਆ ਗਿਆ ਸੀ ਕਿ ਸਿੱਖ ਸੰਗਤਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਪ੍ਰਤੀ ਇਤਨਾ ਰੋਸ ਸੀ ਕਿ ਇਹ ਮਾਰਚ 18 ਕਿਲੋਮੀਟਰ ਤੋਂ ਕਿਤੇ ਵਧੇਰੇ ਲੰਮੇਰਾ ਸੀ ।ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖ ਕੌਮ ਦੀਆਂ ਸਾਂਝੀਆਂ ਮੰਗਾਂ ਹੋਣ ਤੇ ਲੜਾਈ ਸਿਰਫ ਕੌਮੀ ਇਨਸਾਫ ਮੋਰਚੇ, ਦੱਲ ਖਾਲਸਾ, ਸ਼੍ਰੋਮਣੀ ਅਕਾਲੀ ਦੱਲ (ਅੰਮ੍ਰਿਤਸਰ) ਆਦਿ ਜਥੇਬੰਦੀਆਂ ਹੀ ਲੜ੍ਹ ਰਹੀਆਂ ਹਨ। ਬਾਕੀ ਸਿੱਖ ਜਥੇਬੰਦੀਆਂ ਤੇ ਸਿੱਖ ਜਗਤ ਦਾ ਇਕੱਠਿਆਂ ਨਾ ਹੋਣ ਦਾ ਨਤੀਜਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਿੱਚ ਤੇ ਹੋਰ ਮੰਗਾਂ ਨੂੰ ਪ੍ਰਵਾਨ ਕਰਾਉਣ ਵਿੱਚ ਸਰਕਾਰ ਦੀ ਬੇਰੁੱਖੀ ਚਲੀ ਆ ਰਹੀ ਹੈ।
ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਤੋਂ ਵੀ ਇਕ ਰੋਸ ਸ਼ੁਰੂ ਕਰਕੇ ਪੰਜਾਬ ਦੇ ਗਵਰਨਰ ਨੂੰ ਮਿਲਣ ਲਈ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਉਸ ਨਾਲ ਮੀਟਿੰਗ ਦੌਰਾਨ ਜੋ ਗਲ ਬਾਤ ਹੋਈ ਸੀ ਜਿਸ ਵਿੱਚ ਉਨਾਂ ਨੇ ਇਹ ਕਿਹਾ ਸੀ ਕਿ ਉਹ ਉਨਾਂ ਨੂੰ ਬੰਦੀ ਸਿੰਘ ਜਿਨਾਂ ਦੀ ਰਿਹਾਈ ਦੀ ਉਹ ਮੰਗ ਕਰ ਰਹੇ ਹਨ ਤੇ ਉਨਾਂ ਨੇ ਕਿੰਨੀਆਂ ਕਿੰਨੀਆਂ ਸਜਾਵਾਂ ਕੱਟ ਲਈਆਂ ਹਨ ਉਨਾਂ ਦੀ ਲਿਸਟ ਦੇਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਹ ਮੰਗੀ ਜਾਣਕਾਰੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ ਨਿਸਚਿਤ ਸਮੇਂ ਵਿੱਚ ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪ੍ਰੌਹਤ ਨੂੰ ਦੇ ਵੀ ਦਿੱਤੀ ਸੀ। ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੀ ਇਕ ਹੋਰ ਮੀਟਿੰਗ 14 ਅਗਸਤ 2023 ਨੂੰ ਇਨਾਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਦੇ ਗਵਰਨਰ ਨਾਲ ਹੋਈ ਸੀ ਜਿਸ ਵਿੱਚ ਉਨਾਂ ਨੇ ਫਿਰ 10 ਦਿਨ ਦਾ ਸਮਾਂ ਮੰਗਿਆ ਸੀ। ਇਥੇ ਦੱਸਣਾ ਬਣਦਾ ਹੈ ਕਿ ਇਕ ਸਾਲ ਪਹਿਲਾਂ ਵੀ ਇਹੋ ਗੱਲ ਪੰਜਾਬ ਦੇ ਗਵਰਨਰ ਨੇ ਸਿੱਖ ਆਗੂਆਂ ਨਾਲ ਇਕ ਮਿਲਣੀ ਦੌਰਾਨ ਸਤ ਦਿਨਾਂ ਦਾ ਸਮਾਂ ਮੰਗਣ ਵਾਲੀ ਗੱਲ ਦਾ ਜ਼ਿਕਰ ਕੀਤਾ ਸੀ ਉਸੇ ਸਮੇਂ ਸਿੱਖ ਆਗੂਆਂ ਨੇ ਗਵਰਨਰ ਸਾਹਿਬ ਨੂੰ ਚੇਤੇ ਕਰਵਾਉਂਦਿਆ ਕਿਹਾ ਸੀ ਕਿ ਇਹ ਗੱਲ ਤਾਂ ਤੁਸੀ ਇਕ ਸਾਲ ਪਹਿਲਾਂ ਵੀ ਕਹਿ ਚੁੱਕੇ ਹੋ ਪਰ ਹਾਲੇ ਤਕ ਮਸਲਾ ਉਥੇ ਦਾ ਉਥੇ ਹੁਣ ਤਕ ਖੜਾ ਹੈ। ਕੋਈ ਨਤੀਜਾ ਨਹੀਂ ਨਿਕਲਿਆ? ਇਹ ਸੁਣ ਕੇ ਗਵਰਨਰ ਸਾਹਿਬ ਝਿੱਥੇ ਜਿਹੇ ਤਾਂ ਜਰੂਰ ਪੈ ਗਏ ਸਨ। ਇਹ ਲਫਜ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਪੰਜਾਬ ਦੇ ਗਵਰਨਰ ਸਮੇਤ ਕਂੇਦਰ ਦੀ ਸਰਕਾਰ ਇਸ ਮਸੱਲੇ ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਲੱਟਕਾ ਕੇ ਰੱਖਣਾ ਚਾਹੁੰਦੀ ਹੈ। ਹੁਣ ਜੇ ਕਰ ਇਨਾਂ ਮਸੱਲਿਆਂ ਤੇ ਝਾਤ ਮਾਰੀਏ ਤਾਂ ਸਾਲ 2015 ਵਿੱਚ ਜਦੋਂ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਾਂ ਗੋਲੀ ਚਲੀ ਸੀ ਜਿਸ ਵਿੱਚ ਦੋ ਬੇਦੋਸ਼ੇ ਸਿੱਖ ਨੌਜੁਆਨਾਂ ਦੀ ਮੌਤ ਹੋਈ ਸੀ ਉਸ ਸਮੇਂ ਪੰਜਾਬ ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੌਮਣੀ ਅਕਾਲੀ ਦੱਲ ਦੀ ਸਰਕਾਰ ਰਾਜ ਕਰ ਰਹੀ ਸੀ ਜਿਸ ਦੇ ਆਗੂ ਖੁਦ ਸ੍ਰੀ ਗ੍ਰੰਥ ਸਾਹਿਬ ਨੂੰ ਆਪਣਾ ਗੁਰੂੁ ਮੰਨਦੇ ਸਨ। ਇਹ ਲੀਡਰਸ਼ਿਪ ਇੰਨੀ ਸੁਆਰਥੀ ਸੀ ਕਿ ਉਨਾਂ ਨੂੰ ਆਪਣੇ ਗੁਰੁੂ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਵੱਧ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਪਿਆਰੀਆਂ ਸਨ ਜਿਸ ਕਰਕੇ ਦੋਸ਼ੀਆਂ ਦਾ ਪਤਾ ਹੋਣ ਦੇ ਬਾਵਜੂਦ ਕਿ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਪਿਛੇ ਸਿਰਸੇ ਵਾਲੇ ਬਾਬੇ ਸ੍ਰੀ ਰਾਮ ਰਹੀਮ ਸਿੰਘ ਦਾ ਹੱਥ ਹੈ। ਉਨ੍ਹਾਂ ਨੂੰ ਫੜਿ੍ਹਆ ਨਹੀਂ ਗਿਆ। ਇਸੇ ਅਖੌਤੀ ਸਾਧ ਰਾਮ ਰਹੀਮ ਸਿੰਘ ਜਿਸ ਨੇ ਦਸਮ ਪਾਤਸ਼ਾਹ ਦੇ ਅੰਮ੍ਰਿਤ ਦੀ ਨਕਲ ਕਰਦਿਆਂ ‘ਜਾਮ ਇਨਸਾਂ’ ਪਿਆ ਕੇ ਇਕ ਤਰ੍ਹਾਂ ਨਾਲ ਸਿੱਖ ਧਰਮ ਦੀ ਖਿੱਲ਼੍ਹੀ ਉਡਾਈ ਸੀ ਉਸੇ ਸਾਧ ਨੂੰ ਸ੍ਰੀ ਅਕਾਲ ਤਖਤ ਤੋਂ ਬਿਨ ਮੁਆਫੀ ਮੰਗੇ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਦੇ ਪੰਜ ਜਥੇਦਾਰਾਂ ਕੋਲੋਂ ਜਬਰੀ ਮੁਆਫੀ ਦੁਆਈ ਗਈ ਸੀ ।ਜਿਸ ਦਾ ਸਿੱਖ ਪੰਥ ਨੇ ਸਖਤ ਵਿਰੋਧ ਕੀਤਾ ਤਾਂ ਇਸ ਮੁਆਫੀ ਨੂੰ ਸਹੀ ਦਰਸਾਉਣ ਲਈ ਸ਼੍ਰੌਮਣੀ ਕਮੇਟੀ ਵਲੋਂ ਲਗ ਭਗ ਇਕ ਕਰੋੜ੍ਹ ਰੁਪਏ ਦੇ ਵੱਖ ਵੱਖ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਗਏ। ਇਸ ਦੇ ਬਾਵਜੂਦ ਜਦੋਂ ਸਿੱਖ ਕੌਮ ਨੇ ਇਸ ਦਾ ਵਿਰੋਧ ਜਾਰੀ ਰਖਿਆ ਤਾਂ ਫਿਰ ਕਿਧਰੇ ਜਾ ਕੇ ਮਜਬੂਰ ਹੋ ਕੇ ਉਸੇ ਮੁਆਫੀ ਨੂੰ ਸਿੱਖ ਕੌਮ ਦੇ ਜਥੇਦਾਰਾਂ ਨੂੰ ਰੱਦ ਕਰਨਾ ਪਿਆ ਸੀ। ਉਪਰੰਤ ਕਾਂਗਰਸ ਪਾਰਟੀ ਦੀ ਸਰਕਾਰ ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਪੰਜ ਸਾਲਾਂ ਤਕ ਕਰਦੇ ਰਹੇ ਸਜਾਵਾਂ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਵਲੋਂ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ। ਉਪਰੰਤ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੂੰ ਹੋਂਦ ਵਿੱਚ ਆਇਆਂ ਡੇਢ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ ਜਿਹੜੀ ਪਾਰਟੀ ਆਪਣੇ ਆਪ ਨੂੰ ਰਵਾਇਤੀ ਪਾਰਟੀਆਂ ਤੋਂ ਵੱਖਰਾ ਦਸਦੀ ਸੀ ਇਸ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜਿਹਨਾਂ ਨੇ ਆਪਣੇ ਸਿਰ ਤੇ ਸ਼ਹੀਦ ਭਗਤ ਸਿੰਘ ਦੀ ਪੱਗ ਦੇ ਰੰਗ ਵਾਲੀ ਬਸੰਤੀ ਪੱਗ ਸਜਾਈ ਹੋਈ ਹੈ ਜਿਨਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਸੀ ਇਕ ਮਹੀਨੇ ਵਿੱਚ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜ੍ਹ ਕੇ ਸਜਾਵਾਂ ਦੇਵਾਂਗੇ ।ਅੱਜ ਇਸ ਪਾਰਟੀ ਦਾ ਕਿਰਦਾਰ ਵੀ ਰਵਾਇਤੀ ਪਾਰਟੀਆਂ ਵਰਗਾ ਬਣ ਜਾਣ ਕਰਕੇ ਇਸ ਪਾਰਟੀ ਨੇ ਵੀ ਮਸਲੇ ਨੂੰ ਹੱਲ ਕਰਨ ਦੀ ਹੁਣ ਤਕ ਪੂਣੀ ਵੀ ਨਹੀਂ ਕੱਤੀ। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਨ ਸਭਾ ਮੈਂਬਰ ਕੰਵਰ ਪ੍ਰਤਾਪ ਸਿੰਘ ਕਈ ਵਾਰ ਪੰਜਾਬ ਸਰਕਾਰ ਦਾ ਧਿਆਨ ਇਸ ਮੰਗ ਵਲ ਦੁਆ ਚੁੱਕੇ ਹਨ ਨਾਂ ਤਾਂ ਉਨਾਂ ਨੂੰ ਵਿਧਾਨ ਸਭਾ ਵਿੱਚ ਗੱਲ ਕਰਨ ਦਾ ਮੌਕਾ ਦਿੱਤਾ ਗਿਆ ਨਾ ਹੀ ਮੱਸਲਾ ਹੱਲ ਕੀਤਾ ਹੈ।ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਬਾਰੇ ਪੰਜਾਬੀਆਂ ਦੇ ਭੁਲੱਖੇ ਕਾਫੀ ਹੱਦ ਤਕ ਦੂਰ ਹੋ ਗਏ ਹਨ ਕਿ ਆਮ ਆਦਮੀ ਪਾਰਟੀ ਦੀ ਉਹ ਹੀ ਨੀਤੀ ਹੈ ਜੋ ਭਾਜਪਾ ਦੀ ਹੈ।ਇਸ ਪਾਰਟੀ ਨੇ ਚੋਣਾਂ ਜਿੱਤਣ ਖਾਤਰ ਸਜਾਵਾਂ ਦੇਣ ਦੀ ਅਵਾਜ ਬੁਲੰਦ ਕਰਕੇ ਪੰਜਾਬੀਆਂ ਦੀਆਂ ਵੋਟਾਂ ਬਟੋਰੀਆਂ ਹਨ ਜਿਸ ਕਾਰਨ ਇਹ ਪਾਰਟੀ ਵੀ ਦਿਨ ਬ ਦਿਨ ਪੰਜਾਬੀਆਂ ਦੇ ਮਨੋਂ ਲਹਿ ਰਹੀ ਹੈ । ਪੰਜਾਬ ਦੇ ਲੋਕਾਂ ਦੇ ਮਸਲੇ ਉਂਝ ਦੇ ਉਂਝ ਬਰਕਰਾਰ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਕੇਜਰੀਵਾਲ ਦੀ ਕਠਪੁੱਤਲੀ ਬਣ ਕੇ ਕਰੋੜ੍ਹਾਂ ਰੁਪਏ ਦੇ ਦੂਸਰੇ ਪ੍ਰਾਂਤਾਂ ਵਿੱਚ ਪੰਜਾਬ ਦੇ ਇਸ਼ਤਿਹਾਰ ਦੇ ਕੇ , ਆਮ ਆਦਮੀ ਪਾਰਟੀ ਦੀਆਂ ਚੋਣਾਂ ਵਿੱਚ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਚੌਪਰ ਵਿੱਚ ਬਿਠਾ ਕੇ ਦੂਜੇ ਪ੍ਰਾਤਾਂ ਜਿਥੇ ਚੋਣਾਂ ਹੋ ਰਹੀਆਂ ਹਨ ਉਨਾਂ ਪ੍ਰਾਤਾਂ ਵਿੱਚ ਘੁੰਮਾ ਕੇ ਪੰਜਾਬ ਨੂੰ ਕਰਜੇ ਦੀ ਦਲ ਦਲ ਵਿੱਚ ਹੋਰ ਧਕਦੇ ਆ ਰਹੇ ਹਨ। ਪੰਜਾਬ ਦੇ ਲੋਕ ਇਹ ਸਭ ਕੁਝ ਵੇਖਦੇ ਆ ਰਹੇ ਹਨ। ਜਿਸ ਕਾਰਨ ਬਸੰਤੀ ਪੱਗੜ੍ਹੀ ਬੰਨਣ ਵਾਲੇ ਸ੍ਰ ਮਾਨ ਵੀ ਹੁਣ ਪੰਜਾਬੀਆਂ ਦੀਆਂ ਅੱਖਾਂ ਵਿੱਚ ਰੜ੍ਹਕਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਸੰਗਰੂਰ ਦੀਆਂ ਚੋਣਾਂ ਵਿੱਚ ਹਾਰ ਦੁਆ ਕੇ ਇਕ ਟਰੇਲਰ ਰਾਹੀਂ ਪ੍ਰੱਤਖ ਦਸ ਦਿਤਾ ਸੀ ਕਿ ਪੰਜਾਬ ਦੇ ਲੋਕ ਸ੍ਰੀ ਕੇਜਰੀਵਾਲ ਜਿਸ ਨੇ ਸਾਰੇ ਪੰਜਾਬ ਨੂੰ ਆਪਣੀ ਜਕੜ੍ਹ ਵਿੱਚ ਲੈ ਰਖਿਆ ਹੈ ਉਸ ਨੂੰ ਬਿਲਕੁਲ ਸਵੀਕਾਰ ਕਰਨ ਵਾਲੇ ਨਹੀਂ।
ਕੌਮੀ ਇਨਸਾਫ ਮੋਰਚੇ ਦੇ ਪ੍ਰਮੁੱਖ ਇਕ ਆਗੂ ਬਾਪੂ ਤਰਲੋਕ ਸਿੰਘ ਜਿਹੜੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਹਨ ਨੇ ਇਕ ਮੁਲਾਕਾਤ ਵਿੱਚ ਦਸਿਆ ਕਿ ਉਨਾਂ ਨੇ ਮੋਰਚਾ ਲਗਾਉਣ ਤੋਂ ਪਹਿਲਾਂ ਤੇ ਹੁਣ ਤਕ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸੰਪਰਕ ਕੀਤਾ ਹੈ ਪਰ ਉਹ ਹਾਲੇ ਤਕ ਉਹ ਖਾਮੋਸ਼ ਬੈਠੀਆਂ ਹਨ। ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਇਸ ਸਮੇਂ ਸਿੱਖ ਕੌਮ ਲੀਡਰ ਰਹਿਤ ਹੈ। ਸ਼੍ਰੋਮਣੀ ਅਕਾਲੀ ਦੱਲ ਜਿਸ ਨੇ ਪੰਜਾਬ ਵਿੱਚ ਲਗਭਗ ਤਿੰਨ ਦਹਾਕੇ ਰਾਜ ਹੀ ਨਹੀਂ ਕੀਤਾ ਬਲਕਿ ਕੇਂਦਰ ਵਿੱਚ ਵੀ ਭਾਜਪਾ ਸਰਕਾਰ ਵਿੱਚ ਭਾਈਵਾਲ ਰਹੀ ਹੈ ਪਰ ਇਸ ਨੇ ਵੀ ਪੰਜਾਬ ਦਾ ਇਕ ਵੀ ਮਸੱਲਾ ਹੱਲ ਨਹੀਂ ਕਰਵਾਇਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀ ਤੇ ਡੈਮਾਂ ਆਦਿ ਸਭ ਮੱਸਲੇ ਉਂਝ ਦੇ ਉਂਝ ਲਟਕਦੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤਾਂ ਦੂਰ ਦੀ ਗੱਲ ਸ੍ਰ ਪਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਬੰਦੀ ਸਿੰਘਾਂ ਬਾਰੇ ਇੰਝ ਕਹਿ ਕੇ ਜੇ ਕਰ ਇਨਾਂ ਬੰਦੀ ਸਿੰਘਾਂ ਨੂੰ ਪੰਜਾਬ ਵਿੱਚ ਰਖਿਆ ਗਿਆ ਤਾਂ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਵਿਗੜ ਸਕਦੀ ਹੈ ਬੰਦੀ ਸਿੰਘਾਂ ਨੂੰ ਪੰਜਾਬ ਵਿੱਚ ਰੱਖਣ ਦੀ ਥਾਂ ਤੇ ਦੂਸਰੇ ਪ੍ਰਾਂਤਾਂ ਵਿੱਚ ਭੇਜਦੀ ਰਹੀ ਹੈ। ਇਸੇ ਤਰ੍ਹਾਂ ਹੀ ਦਿੱਲੀ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਚੌਥੀ ਵਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਦੀ ਹੋਰ ਮਕਾਰੀ ਵੇਖੋ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ 1995 ਤੋਂ ਜੇਲ ਵਿੱਚ ਬੰਦ ਹਨ ਉਨਾਂ ਵਿਰੁੱਧ ਹੁਣ 28 ਸਾਲਾਂ ਬਾਅਦ ਚਾਰਸ਼ੀਟ ਜਾਰੀ ਕੀਤੀ ਹੈ ਜਿਸ ਦੀ ਸਤੰਬਰ ਵਿੱਚ ਸੁਣਵਾਈ ਰੱਖੀ ਗਈ ਹੈ ਤਾਂ ਕਿ ਉਸ ਦੀ ਰਿਹਾਈ ਨੂੰ ਲਟਕਾਇਆ ਜਾ ਸਕੇ। ਜੋ ਸਰਕਾਰ ਦੀ ਸਿੱਖਾਂ ਪ੍ਰਤੀ ਮੰਦੀ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ। ਇਸ ਸਮੇਂ ਸਿੱਖ ਕੌਮ ਨੂੰ ਸੁਹਿਰਦ ਆਗੂ ਦੀ ਜਰੂਰਤ ਹੈ ਜਿਹੜਾ ਪੰਜਾਬ ਦੇ ਮੁੱਖ ਮੱਸਲੇ ਹੱਲ ਕਰਵਾ ਸਕੇ।
ਸਿੱਖ ਪੰਥ ਨੇ ਬਾਦਲਾਂ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਨੀਤੀਆਂ ਨੂੰ ਵੇਖਦਿਆਂ ਹੋਇਆਂ ਉਨਾਂ ਨੂੰ ਬਿਲਕੁਲ ਨਕਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ ਜਿਨਾ ਦਾ ਨਾਂ ਸਿੱਖ ਜਗਤ ਵਿੱਚ ਸਤਿਕਾਰ ਵਜੋਂ ਲਿਆ ਜਾਂਦਾ ਹੈ ਉਨਾਂ ਨੂੰ ਇਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੀ ਬਾਂਹ ਫੜਣੀ ਚਾਹੀਦੀ ਹੈ। ਸ੍ਰੀ ਗੁਰੂੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ੍ਹੇ ਤੇ ਭਾਰਤ ਦੇ ਰਾਸ਼ਟਰਪਤੀ ਨੇ ਜਿਨਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਦੀ ਰਿਹਾਈ ਦਾ ਐਲਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸੁਲਤਾਨ ਪੁਰ ਲੋਧੀ ਵਿਖੇ ਕਰ ਚੁੱਕੇ ਹਨ ਇਸ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ. ਫੂਲਕਾ ਸਾਹਿਬ ਨੂੰ ਇਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਆਪਣੀ ਚਾਰਾਜੋਰੀ ਸ਼ੁਰੂ ਕਰਨੀ ਚਾਹੀਦੀ ਹੈ। ਇਸ ਸਬੰਧ ਵਿੱਚ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਵੀ ਸ੍ਰ ਫੂਲਕਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੰਸਾਰ ਭਰ ਦੇ ਸਿੱਖਾਂ ਜਿਨ੍ਹਾਂ ਦੇ ਮਨਾਂ ਵਿੱਚ ਪੰਜਾਬ ਪ੍ਰਤੀ ਮੋਹ ਹੈ ਉਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲ ਕਦਮੀ ਕਰਕੇ ਪੰਜਾਬ ਦੀਆਂ ਵੱਖ ਵੱਖ ਪਾਰਟੀਆਂ ਦੇ ਈਮਾਨਦਾਰ ਆਗੂਆਂ ਂਭਾਜਪਾ ਨੂੰ ਛੱਡ ਕੇ ਬੁੱਧੀਜੀਵੀਆਂ, ਸਿੱਖ ਚਿੰਤਕਾਂ, ਕਿਸਾਨ ਆਗੂਆਂ ਆਦਿ ਨੂੰ ਸ਼ਾਮਲ ਕਰਕੇ ਇਕ ਕਮੇਟੀ ਦਾ ਗੱਠਨ ਕਰਨਾ ਚਾਹੀਦਾ ਹੈ ਜੋ ਪੰਜਾਬ ਦੇ ਸਾਰੇ ਵਿੰਗਾਂ ਚਾਹੇ ਉਹ ਇਸਤਰੀਆਂ ਹਨ, ਵਿਦਿਆਰਥੀ ਹਨ, ਨੌਜੁਆਨ ਹਨ ਸਭਨਾ ਦਾ ਸੰਗਠਨ ਮਜਬੂਤ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਦਾ ਰੂਪ ਦੇਣਾ ਚਾਹੀਦਾ ਹੈ ਜੋ ਕਿ ਇਸ ਸਮੇਂ ਦੀ ਵੱਡੀ ਮੰਗ ਹੈ ਤਾਂ ਕਿ ਪੰਜਾਬ ਦੇ ਮਸਲਿਆਂ ਸਬੰਧੀ ਸਾਂਝੀ ਜਦੋਜਹਿਦ ਸ਼ੁਰੂ ਕਰਕੇ ਉਨਾਂ ਦਾ ਹੱਲ ਕਰਵਾਇਆ ਜਾ ਸਕੇ। ਜਿੰਨਾਂ ਚਿਰ ਸਰਬ ਸਾਂਝੀ ਜਥੇਬੰਦੀ ਹੋਂਦ ਵਿੱਚ ਨਹੀਂ ਆਉਂਦੀ ਉਨਾਂ ਚਿਰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਨਾਲ ਹੋਰ ਜਿਹੜੀਆਂ ਉਪਰੋਕਤ ਬਿਆਨੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਕੌੰਮੀ ਇਨਸਾਫ ਮੋਰਚੇ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਉਹ ਇਸ ਸੰਘਰਸ਼ ਵਿੱਚ ਮੁਕੰਮਲ ਰੂਪ ਵਿੱਚ ਸਫਲ ਹੋ ਸਕਣ।
ਅਮੀਨ ! ਅਮੀਨ !!