ਸਿੱਖ ਗੁਰੂਆਂ ਨੇ ਦੇਸ਼ ਖਾਤਰ ਜਿਊਣਾ ਸਿਖਾਇਆ: ਮੋਦੀ

ਸਿੱਖ ਗੁਰੂਆਂ ਨੇ ਦੇਸ਼ ਖਾਤਰ ਜਿਊਣਾ ਸਿਖਾਇਆ: ਮੋਦੀ

ਪ੍ਰਧਾਨ ਮੰਤਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਕਰਵਾਏ ਗਏ ‘ਵੀਰ ਬਾਲ ਦਿਵਸ’ ਸਮਾਗਮ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਿੱਖ ਗੁਰੂਆਂ ਨੇ ਭਾਰਤੀਆਂ ਨੂੰ ਆਪਣੇ ਦੇਸ਼ ਦੇ ਮਾਣ ਲਈ ਜਿਊਣਾ ਸਿਖਾਇਆ ਅਤੇ ਦੇਸ਼ ਨੂੰ ਬਿਹਤਰ ਅਤੇ ਵਿਕਸਤ ਬਣਾਉਣ ਲਈ ਇੱਕ ਪ੍ਰੇਰਨਾ ਵਜੋਂ ਕੰਮ ਕੀਤਾ ਹੈ। ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਕਰਵਾਏ ਗਏ ‘ਵੀਰ ਬਾਲ ਦਿਵਸ’ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ‘ਗੁਲਾਮੀ ਦੀ ਮਾਨਸਿਕਤਾ’ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਅੱਜ ਦੇ ਭਾਰਤ ਨੂੰ ਆਪਣੇ ਲੋਕਾਂ, ਆਪਣੀ ਸਮਰੱਥਾ ਅਤੇ ਆਪਣੇ ਵਿਰਸੇ ’ਤੇ ਪੂਰਾ ਮਾਣ ਹੈ।’’

ਉਨ੍ਹਾਂ ਕਿਹਾ, ‘‘ਜਦੋਂ ਤੱਕ ਅਸੀਂ ਆਪਣੇ ਵਿਰਸੇ ਦਾ ਸਤਿਕਾਰ ਨਹੀਂ ਕੀਤਾ, ਦੁਨੀਆਂ ਨੇ ਵੀ ਸਾਡੀ ਵਿਰਾਸਤ ਦੀ ਕਦਰ ਨਹੀਂ ਕੀਤੀ। ਅੱਜ ਜਦੋਂ ਅਸੀਂ ਆਪਣੀ ਵਿਰਾਸਤ ’ਤੇ ਮਾਣ ਕਰ ਰਹੇ ਹਾਂ ਤਾਂ ਦੁਨੀਆ ਦਾ ਨਜ਼ਰੀਆ ਵੀ ਬਦਲ ਗਿਆ ਹੈ।’’ ਮੋਦੀ ਨੇ ਕਿਹਾ ਕਿ ਮੁਗਲਾਂ ਵੱਲੋਂ ਨੀਹਾਂ ਵਿੱਚ ਚਿਣਵਾਏ ਗਏ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਨੂੰ ਅੱਜ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ ਅਤੇ ਗਰੀਸ ਸਮੇਤ ਹੋਰ ਮੁਲਕਾਂ ਵਿੱਚ ਵੀ ਯਾਦ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਭਾਰਤ ਦੇ ਨੌਜਵਾਨਾਂ ਦੇ ਸੁਫ਼ਨੇ ਪੂਰੇ ਕਰਨ ਲਈ ਇੱਕ ਸਪੱਸ਼ਟ ਨਜ਼ਰੀਆ ਅਤੇ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 25 ਸਾਲ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਲੈ ਕੇ ਆਉਣਗੇ। ਉਨ੍ਹਾਂ ਨੇ ਭਾਰਤੀ ਅਰਚਚਾਰੇ ਦੇ ਆਕਾਰ ਵਿਚ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਸਪੱਸ਼ਟ ਹੈ ਅਤੇ ਇਸ ਦੀ ਨੀਅਤ ਵਿੱਚ ਕੋਈ ਖੋਟ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਅੱਜ ਭਾਰਤ ਨੂੰ ਮੌਕਿਆਂ ਦੇ ਮੰਚ ਵਜੋਂ ਦੇਖ ਰਹੀ ਹੈ ਅਤੇ ਦੇਸ਼ ਆਲਮੀ ਚੁਣੌਤੀਆਂ ਹੱਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਮੋਦੀ ਨੇ ਕਿਹਾ ਕਿ ਭਾਰਤ ਅਰਥਵਿਵਸਥਾ, ਵਿਗਿਆਨ, ਖੋਜ ਅਤੇ ਖੇਡਾਂ ਸਮੇਤ ਹਰ ਖੇਤਰ ਵਿੱਚ ਮਾਣ ਨਾਲ ਖੜ੍ਹਾ ਹੈ। ਅੱਜ ਦੀ ਨੌਜਵਾਨ ਸ਼ਕਤੀ ਭਾਰਤ ਨੂੰ ਕਿਸ ਬੁਲੰਦੀਆਂ ’ਤੇ ਲਿਜਾ ਸਕਦੀ ਹੈ, ਇਹ ਕਲਪਨਾ ਤੋਂ ਪਰ੍ਹੇ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੀ ਖੁਰਾਕ ਲੈਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਧਾਰਮਿਕ ਆਗੂਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਨਸ਼ੇ ਖ਼ਿਲਾਫ਼ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ।