ਸਿੱਖ ਗੁਰਦੁਆਰਾ ਸੈਨਹੋਜ਼ੇ ਵਿਖੇ ਸਜਿਆ ਧਾਰਮਿਕ ਕਵੀ ਦਰਬਾਰ

ਸਿੱਖ ਗੁਰਦੁਆਰਾ ਸੈਨਹੋਜ਼ੇ ਵਿਖੇ ਸਜਿਆ ਧਾਰਮਿਕ ਕਵੀ ਦਰਬਾਰ

ਸੈਨੇਹੋਜ਼ੇ (ਪ੍ਰਮਿੰਦਰ ਸਿੰਘ ਪ੍ਰਵਾਨਾ) : ਅਮਰੀਕੀ ਪੰਜਾਬੀ ਕਵੀਆਂ ਵਲੋਂ ਹਫ਼ਤਾਵਾਰੀ ਸਜੇ ਦੀਵਾਨਾ ਵਿਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਭਾਈ ਰਾਜਿੰਦਰ ਸਿੰਘ ਮੰਗਰ ਸਟੇਜ ਸਕੱਤਰ ਵਲੋਂ ਪ੍ਰਵਾਨਾ ਨੂੰ ਧਾਰਮਿਕ ਕਵੀ ਦਰਬਾਰ ਦੇ ਸੰਚਾਲਨ ਦਾ ਸੱਦਾ ਦਿੱਤਾ ਗਿਆ। ਪ੍ਰਵਾਨਾ ਨੇ ਇਤਿਹਾਸ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਮੁਗਲ ਸੂਬਾ ਲਾਹੌਰ ਜਕਰੀਆ ਖਾਨ ਨੇ ਹਰਿਮੰਦਰ ਸਾਹਿਬ ਵਿਖੇ ਪੁਰਬ ਮਨਾਉਣ ਉਤੇ ਸਰਕਾਰੀ ਪਾਬੰਦੀ ਲਾਈ ਹੋਈ ਸੀ। ਪਾਬੰਦੀ ਹਟਾਉਣ ਲਈ ਸੁਰੱਖਿਆ ਵਾਸਤੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਮੰਗ ਰੱਖੀ ਸੀ। ਭਾਈ ਸਾਹਿਬ ਨੇ ਸ਼ਰਤ ਪ੍ਰਵਾਨ ਕਰਦਿਆਂ ਸੰਗਤਾਂ ਨੂੰ ਦੀਪਮਾਲਾ ਪੁਰਬ ਹਰਿਮੰਦਰ ਸਾਹਿਬ ਵਿਖੇ ਮਨਾਉਣ ਦਾ ਸੱਦਾ ਸੰਗਤਾਂ ਨੂੰ ਭੇਜਿਆ। ਜ਼ਕਰੀਆ ਖਾਨ ਦੀ ਨੀਅਤ ਇਕੱਠੇ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਸੀ। ਭਾਈ ਸਾਹਿਬ ਨੂੰ ਇਸ ਗੱਲ ਦੀ ਸੂਹ ਮਿਲੀ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਪੁਰਬ ’ਤੇ ਇਕੱਠੇ ਹੋਣ ਤੋਂ ਰੋਕ ਦਿੱਤਾ। ਨਤੀਜੇ ਵਜੋਂ ਲੋੜੀਂਦੀ ਰਕਮ ਇਕੱਠੀ ਨਾ ਹੋ ਸਕੀ ਕਿ ਸਰਕਾਰੀ ਅਦਾਇਗੀ ਕੀਤੀ ਜਾਂਦੀ। ਸਰਕਾਰ ਨੇ ਇਕ ਹੋਰ ਪੁਰਬ ਵਿਸਾਖੀ ਮਨਾਉਣ ਦੀ ਇਜਾਜ਼ਤ ਦਿੱਤੀ ਕਿ ਰਕਮ ਇਕੱਠੀ ਕਰ ਲਓ। ਪਰ ਇਹ ਚਾਲ ਵੀ ਸਿੰਘਾਂ ਨੂੰ ਮਾਰ ਮੁਕਾਉਣ ਦੀ ਹੀ ਸੀ। ਭਾਈ ਸਾਹਿਬ ਨੇ ਫਿਰ ਸੰਗਤਾਂ ਨੂੰ ਵਿਸਾੀ ਪੁਰਬ ’ਤੇ ਆਉਣ ਲਈ ਰੋਕ ਦਿੱਤਾ। ਸਰਕਾਰੀ ਰਕਮ ਅਦਾ ਨਾ ਕਰ ਸਕਣ ਲਈ ਭਾਈ ਸਾਹਿਬ ਨੂੰ ਬੰਦ ਬੰਦ ਕਟਵਾ ਕੇ ਸ਼ਹੀਦ ਕਰ ਦਿੱਤਾ ਗਿਆ।
ਧਾਰਮਿਕ ਕਵੀ ਦਰਬਾਰ ਵਿਚ ਸ਼ਾਮਲ ਗੁਰਦਿਆਲ ਸਿੰਘ ਨੂਰਪੁਰੀ, ਤ੍ਰਲੋਚਨ ਸਿੰਘ ਦੁਪਾਲਪੁਰ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮਾਂਟ, ਬੀਬੀ ਬਲਵਿੰਦਰ ਕੌਰ, ਪ੍ਰਮਿੰਦਰ ਸਿੰਘ ਪ੍ਰਵਾਨਾ ਆਦਿ ਸ਼ਾਮਲ ਸਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਸਮੂਹ ਸ਼ਹੀਦਾਂ ਦੀਆਂ ਬੀਰਰਸੀ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਇਤਿਹਾਸਕ ਸਾਰਥਿਕ ਪ੍ਰੋਗਰਾਮ ਦਾ ਆਨੰਦ ਮਾਣਿਆ।
ਡਾਇਰੈਕਟਰ ਸੁਖਦੇਵ ਸਿੰਘ ਬੈਨੀਪਾਲ ਵਲੋਂ ਕਵੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਵੀ ਸਮੇਂ ਸਮੇਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਕਵੀ ਦਰਬਾਰ ਸਜਾਉਣ ਦਾ ਉਦਮ ਕਰਦੇ ਹਨ, ਜੋ ਸ਼ਲਾਘਾ ਦੇ ਯੋਗ ਹੈ। ਕਵੀਆਂ ਦਾ ਮਾਣ-ਸਨਮਾਨ ਕਰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਕੀਤਾ ਗਿਆ। ਇਕ ਯਾਦਗਾਰੀ ਤਸਵੀਰ ਨਾਲ ਪ੍ਰੋਗਰਾਮ ਸੰਪਨ ਹੋਇਆ।