ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਧਾਰਮਿਕ ਸਮਾਗਮਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀਆਂ ਭੇਟ
ਦਿੜ੍ਹਬਾ ਮੰਡੀ-ਅਕਾਲ ਅਕੈਡਮੀ ਧਰਮਗੜ੍ਹ ਛੰਨਾ ਅਤੇ ਅਕਾਲ ਅਕੈਡਮੀ ਧਰਮਗੜ੍ਹ ਛੰਨਾ (ਬੜੂ ਸਾਹਿਬ) ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਾਂ ਦੀ ਅਗਵਾਈ ਹੇਠ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਇਸ ਮੌਕੇ ਇਲਾਕੇ ਦੇ ਗ੍ਰੰਥੀ ਸਿੰਘਾਂ ਤੇ ਅਕੈਡਮੀ ਦੇ ਬੱਚਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਅਤੇ ਸਿੱਖ ਪੰਥ ਦੇ ਸ਼ਹੀਦਾਂ ਦੀਆਂ ਜੀਵਨੀਆਂ ਸਬੰਧੀ ਸ਼ਬਦ ਕੀਰਤਨ ਕੀਤੇ ਗਏ। ਅਕੈਡਮੀ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਨਗਰ ਕੀਰਤਨ ਸਵੇਰੇ ਅਕਾਲ ਅਕੈਡਮੀ ਧਰਮਗੜ੍ਹ ਛੰਨਾ ਤੋ ਚੱਲ ਕੇ ਪਿੰਡ ਕੜਿਆਲ, ਮੁਨਸ਼ੀਵਾਲਾ, ਸਮੂੰਰਾਂ, ਸਫੀਪੁਰ ਖੁਰਦ, ਸਫੀਪੁਰਕਲਾਂ, ਕਮਾਲਪੁਰ ਤੇ ਪਿੰਡ ਸਿਹਾਲ ਹੁੰਦਾ ਹੋਇਆ ਵਾਪਿਸ ਅਕੈਡਮੀ ਵਿਖੇ ਪੁੱਜਿਆ। ਇਸ ਦੌਰਾਨ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਪਿੰਡ ਸਫੀਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਪਿੰਡ ਕਮਾਲਪੁਰ ਦੇ ਤਿੰਨ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਅੀ ਦੇ ਪ੍ਰਧਾਨ ਜਥੇਦਾਰ ਜਗਵਿੰਦਰ ਸਿੰਘ ਕਮਾਲਪੁਰ ਅਤੇ ਪਿੰਡ ਕਮਾਲਪੁਰ ਵਾਸੀਆਂ ਵੱਲੋਂ ਪੰਜ ਪਿਆਰਿਆਂ, ਪ੍ਰਿੰਸੀਪਲ ਅਤੇ ਹੋਰ ਗ੍ਰੰਥੀ ਸਿੰਘਾਂ ਦਾ ਸਿਰਪਾਓ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।

ਇਸੇ ਤਰ੍ਹਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦਿੜ੍ਹਬਾ ਵਿੱਚ ਬਾਬਾ ਜੀ ਦਾ ਸ਼ਹੀਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦਿੜ੍ਹਬਾ ਪਿੰਡ ਅਤੇ ਸ਼ਹਿਰ ਵਿੱਚੋਂ ਦੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਸੰਦੌੜ (ਪੱਤਰ ਪ੍ਰੇਰਕ): ਇਥੇ ਗੁਰੂ ਹਰਿ ਰਾਇ ਮਾਡਲ ਹਾਈ ਸਕੂਲ ਝੁਨੇਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ‘ ਸਫ਼ਰ- ਏ- ਸ਼ਹਾਦਤ’ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਹੀਦੀ ਸਾਕੇ ਨਾਲ਼ ਸਬੰਧਿਤ ਕਵਿਤਾਵਾਂ, ਧਾਰਮਿਕ ਗੀਤ, ਭਾਸ਼ਣ ਮੁਕਾਬਲੇ ਕਰਵਾਏ ਗਏ। ਘਨੌਰ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਮਰਦਾਂਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਸਮੂਹ ਸੰਗਤ ਦੁਆਰਾ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਅਤੇ ਕਥਾ ਕੀਰਤਨ ਦਰਬਾਰ ਸਜਾਏ ਗਏ। ਜਇਸੇ ਦੌਰਾਨ ਗੁਰਦੁਆਰਾ ਸਾਹਿਬ ਪਿੱਪਲ ਮੰਘੌਲੀ ਵਿੱਚ ਭਾਈ ਮਨਜੀਤ ਸਿੰਘ ਅਤੇ ਭਾਈ ਪਰਮਜੀਤ ਸਿੰਘ ਨੇ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।

ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ, ਫਤਹਿ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।