ਸਿੱਖ ਕੌਮ ਦੇ ਸ਼ਹੀਦਾਂ ਨੂੰ ਆਦਰਸ਼ ਬਣਾਉਣ ਨੌਜਵਾਨ: ਜਥੇਦਾਰ

ਸਿੱਖ ਕੌਮ ਦੇ ਸ਼ਹੀਦਾਂ ਨੂੰ ਆਦਰਸ਼ ਬਣਾਉਣ ਨੌਜਵਾਨ: ਜਥੇਦਾਰ

ਅੰਮ੍ਰਿਤਸਰ – ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਧਰਤੀ ’ਤੇ ਵਧ ਰਹੇ ਧਰਮ ਪਰਿਵਰਤਨ ਦੇ ਰੁਝਾਨ ’ਤੇ ਫਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਅਜੋਕੇ ਅਤੇ ਪੁਰਾਤਨ ਸਿੱਖਾਂ ਦੇ ਕਿਰਦਾਰ ਵਿੱਚ ਬਹੁਤ ਫਰਕ ਹੈ।

ਉਨ੍ਹਾਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਫ਼ਿਲਮੀ ਕਲਾਕਾਰਾਂ ਦੀ ਥਾਂ ਕੌਮ ਦੇ ਸ਼ਹੀਦਾਂ ਨੂੰ ਸਿੱਖ ਨੌਜਵਾਨ ਆਪਣਾ ਆਦਰਸ਼ ਬਣਾਉਣ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਨੌਜਵਾਨਾਂ ਲਈ ਆਦਰਸ਼ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਇਹ ਕੁਰਬਾਨੀਆਂ ਸਿੱਖ ਇਤਿਹਾਸ ਨੂੰ ਹੋਰ ਗੌਰਵਮਈ ਬਣਾਉਂਦੀਆਂ ਹਨ, ਇਸ ਲਈ ਸਿੱਖਾਂ ਨੂੰ ਆਪਣੇ ਇਤਿਹਾਸ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਸਿੱਖ ਧਰਮ ਦੇ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਸਿੱਖੀ ਨੂੰ ਆਖਰੀ ਸਵਾਸਾਂ ਤਕ ਨਿਭਾਇਆ ਪਰ ਅੱਜ ਧਰਮ ਪਰਿਵਰਤਨ ਦਾ ਰੁਝਾਨ ਆਮ ਹੀ ਹਰ ਗਲੀ-ਮੁਹੱਲੇ ਸੁਣਨ ਨੂੰ ਮਿਲ ਰਿਹਾ ਹੈ। ਜਥੇਦਾਰ ਨੇ ਕਿਹਾ ਕਿ ਲੋਕ ਆਪਣੇ ਛੋਟੇ-ਛੋਟੇ ਨਿੱਜੀ ਹਿੱਤਾਂ ਲਈ ਧਰਮ ਨੂੰ ਛੱਡਣ ਲਈ ਤਿਆਰ ਬੈਠੇ ਹਨ, ਜਦੋਂ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਨੇ ਹੂਕਮਤ ਵੱਲੋਂ ਦਿੱਤੇ ਗਏ ਲਾਲਚਾਂ ਨੂੰ ਠੁਕਰਾਉਂਦਿਆਂ ਸਿੱਖ ਧਰਮ ਪ੍ਰਤੀ ਆਪਣੀ ਦ੍ਰਿੜਤਾ, ਸਵੈਮਾਣ ਅਤੇ ਅਣਖ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖ ਨੌਜਵਾਨਾਂ ਨੂੰ ਧਰਮ ਦੇ ਮਾਰਗ ’ਤੇ ਚੱਲਦਿਆਂ ਅੱਗੇ ਵਧਣਾ ਚਾਹੀਦਾ ਹੈ।

ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਅੱਜ ਇੱਥੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਪ੍ਰਚਾਰਕ ਭਾਈ ਹਰਮਿੱਤਰ ਸਿੰਘ ਨੇ ਸੰਗਤ ਨੂੰ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਬਾਰੇ ਦੱਸਿਆ। ਉਨ੍ਹਾਂ ਨੌਜਵਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਸਰੂਪ ਵਿੱਚ ਪਰਪੱਕ ਰਹਿਣ ਅਤੇ ਅੰਮ੍ਰਿਤਪਾਨ ਕਰਨ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਸ਼ਿਰਕਤ ਕੀਤੀ।