ਸਿੱਖ ਕੌਮ ਦਿਆਲੂ ਹੈ ਪਰ ਹੈਂਕੜਬਾਜਾਂ ਨੂੰ ਕਦੇ ਨਹੀਂ ਬਖਸ਼ਦੀ: ਜਥੇਦਾਰ ਹਵਾਰਾ

ਸਿੱਖ ਕੌਮ ਦਿਆਲੂ ਹੈ ਪਰ ਹੈਂਕੜਬਾਜਾਂ ਨੂੰ ਕਦੇ ਨਹੀਂ ਬਖਸ਼ਦੀ: ਜਥੇਦਾਰ ਹਵਾਰਾ

ਅੰਮ੍ਰਿਤਸਰ : ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖਾਂ ਨੂੰ ਕਤਲ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਿਆਲੂ ਵੀ ਹੈ ਪਰ ਹੈਂਕੜਬਾਜਾਂ ਨੂੰ ਕਦਾਚਿੱਤ ਵੀ ਨਹੀਂ ਬਖਸ਼ਦੀ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਨੇ ਜਥੇਦਾਰ ਹਵਾਰਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਕੱਟੜ ਜਥੇਬੰਦੀ’ ਇਸਲਾਮਿਕ ਸਟੇਟ ਖੁਰਾਸਾਨ’ ਨੇ ਇਨ੍ਹਾਂ ਕਤਲਾਂ ਦੀ ਜਿੰਮੇਵਾਰੀ ਲਈ ਹੈ। 

ਉਨ੍ਹਾਂ ਕਾਤਿਲ ਧਿਰ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ ਦੋ ਨਿਹੱਥੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਉਹ ਆਪਣੇ ਆਪ ਨੂੰ ਸੂਰਮੇਂ ਜਾਂ ਮੁਜਾਹਦੀਨ ਨਾ ਸਮਝਣ। ਭਾਰਤ ਵਿੱਚ ਕਈ ਮੌਕਿਆਂ ‘ਤੇ ਸਿੱਖਾਂ ਨੇ ਆਪਣੀਆਂ ਜਾਨਾਂ ‘ਤੇ ਖੇਡ ਕੇ ਮੁਸਲਮਾਨਾਂ ਦੀਆਂ ਜਾਨਾਂ ਤੇ ਇੱਜਤਾਂ ਬਚਾਈਆਂ ਹਨ। ਇਸਲਾਮ ਦੇ ਇਹ ਨਕਲੀ ਸੇਵਾਦਾਰ ਜੇਕਰ ਸਿੱਖਾਂ ਦੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੇ ਤਾਂ ਨਿਹੱਥੇ ਸਿੱਖਾਂ ਦੇ ਲਹੂ ਨਾਲ ਹੱਥ ਰੰਗ ਕੇ ਅਕ੍ਰਿਤਘਣ ਨਾ ਬਨਣ। ਉਹ ਸਮਝ ਲੈਣ ਕਿ ਸਿੱਖਾਂ ਵਿੱਚ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਦੇ ਵਾਰਸ ਹਾਲੇ ਜਿਊਂਦੇ ਹਨ।