ਸਿੱਖ ਕਤਲੇਆਮ: ਪੀੜਤਾਂ ਦਾ ਵਫ਼ਦ ਜਥੇਦਾਰ ਨੂੰ ਮਿਲਿਆ

ਸਿੱਖ ਕਤਲੇਆਮ: ਪੀੜਤਾਂ ਦਾ ਵਫ਼ਦ ਜਥੇਦਾਰ ਨੂੰ ਮਿਲਿਆ

ਅੰਮ੍ਰਿਤਸਰ- ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਦੀ ਜਥੇਬੰਦੀ ‘ਦੰਗਾ ਪੀੜਤ ਵੈੱਲਫੇਅਰ ਸੁਸਾਇਟੀ’ ਦਾ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲਿਆ। ਜਥੇਦਾਰ ਨੂੰ ਮੰਗ ਪੱਤਰ ਸੌਂਪਦਿਆਂ ਵਫ਼ਦ ਨੇ ਖਦਸ਼ਾ ਪ੍ਰਗਟਾਇਆ ਕਿ ਸਰਕਾਰਾਂ ਵੱਲੋਂ ਸਾਜ਼ਿਸ਼ ਤਹਿਤ ਦੰਗਾ ਪੀੜਤਾਂ ਦੇ ਬਣਾਏ ਗਏ ‘ਲਾਲ ਕਾਰਡ’ ਰੱਦ ਕਰ ਕੇ ਮੁੜ ਉਨ੍ਹਾਂ ਨੂੰ ਉਜਾੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਨ੍ਹਾਂ ਦਾ ਮਾਮਲਾ ਸਰਕਾਰਾਂ ਤੱਕ ਪਹੁੰਚਾਉਣ।

ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਤੇ ਹੋਰਨਾਂ ਨੇ ਕਿਹਾ ਕਿ ’84 ਵਿੱਚ ਲਗਪਗ ਦਸ ਹਜ਼ਾਰ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਦੇਸ਼ ਭਰ ਵਿੱਚੋਂ ਲਗਪਗ 25 ਹਜ਼ਾਰ ਸਿੱਖ ਪਰਿਵਾਰ ਉੱਜੜ ਕੇ ਪੰਜਾਬ ਆਏ ਸਨ। ਉਸ ਵੇਲੇ ਪੰਜਾਬ ਸਰਕਾਰ ਵੱਲੋਂ ਉਕਤ ਪਰਿਵਾਰਾਂ ਨੂੰ ਲਾਲ ਸ਼ਨਾਖ਼ਤੀ ਕਾਰਡ ਜਾਰੀ ਕਰਦਿਆਂ ਮਾਲੀ ਸਹਾਇਤਾ ਵਜੋਂ ਦੋ-ਦੋ ਲੱਖ ਰੁਪਏ ਵੀ ਦਿੱਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿੱਚ ਆਪਣੇ ਕੁਝ ਹਮਾਇਤੀਆਂ ਨੂੰ ਜਾਅਲੀ ਦੰਗਾ ਪੀੜਤ ਬਣਾ ਕੇ ਲਾਭ ਦਿੱਤੇ ਗਏ ਸਨ, ਜਿਨ੍ਹਾਂ ਵੱਲੋਂ ਦੰਗਾ ਪੀੜਤਾਂ ਖ਼ਿਲਾਫ਼ ਕਈ ਬੇਬੁਨਿਆਦ ਸ਼ਿਕਾਇਤਾਂ ਤੇ ਅਦਾਲਤਾਂ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ ਹਨ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਕਤ ਰੱਦ ਕੀਤੇ ਕਾਰਡਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ‘ਆਪ’ ਸਰਕਾਰ ਨੇ ਵੀ ਬਿਨਾ ਕੋਈ ਸੁਣਵਾਈ ਕੀਤਿਆਂ ਵੱਡੀ ਗਿਣਤੀ ਲਾਲ ਕਾਰਡ ਰੱਦ ਕਰਦਿਆਂ ਬਾਕੀਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜਥੇਦਾਰ ਹਰਪ੍ਰੀਤ ਸਿੰਘ ਨੇ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਦੰਗਾ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਰੋਪ ਵੇਅ ਲਈ ਜਥੇਦਾਰ ਵੱਲੋਂ ਪ੍ਰਧਾਨ ਮੰਤਰੀ ਦੀ ਸ਼ਲਾਘਾ

ਅੰਮ੍ਰਿਤਸਰ (ਟਨਸ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਥੇ ਉਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਵਾਸਤੇ ਰੋਪ ਵੇਅ ਬਣਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਨੀਂਹ ਪੱਥਰ ਰੱਖੇ ਜਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦਿੰਦਿਆਂ ਇੱਕ ਪੱਤਰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਰੋਪਵੇਅ ਤਿਆਰ ਹੋਣ ਨਾਲ ਵੱਡੀ ਗਿਣਤੀ ਸੰਗਤ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਕੀਤਾ ਇਹ ਕਾਰਜ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਪਰੰਪਰਾਵਾਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ੍ਰੀ ਅਕਾਲ ਤਖ਼ਤ ਵਿਖੇ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਸਿੱਖਾਂ ਦੇ ਭਖਦੇ ਮੁੱਦੇ ਹੱਲ ਕੀਤੇ ਜਾਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਸਿੱਖਾਂ ਦੇ ਭਖ਼ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਸਿੱਖ ਕੌਮ ਦੇ ਉਜਵਲ ਭਵਿੱਖ ਲਈ ਫ਼ੈਸਲੇ ਲੈਣਗੇ।