ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦੀ ਆਸ ਬੱਝੀ: ਕਾਲਕਾ

ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦੀ ਆਸ ਬੱਝੀ: ਕਾਲਕਾ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਕੇਸ ਵਿਚ ਸੀਬੀਆਈ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨਾ ਸਿੱਖ ਕੌਮ ਦੀ ਵੱਡੀ ਜਿੱਤ ਹੈ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ 39 ਸਾਲਾਂ ਤੋਂ ਸਿੱਖ ਕੌਮ ਦੁਨੀਆ ਦੇ ਸਭ ਤੋਂ ਵੱਡੇ ਕਤਲੇਆਮ ਦੇ ਇਨਸਾਫ਼ ਲਈ ਲੜਾਈ ਲੜ ਰਹੀ ਹੈ, ਜਿਸ ’ਚ ਹੁਣ ਇਨਸਾਫ਼ ਦੀ ਆਸ ਬੱਝੀ ਹੈ। ਜਗਦੀਪ ਕਾਹਲੋਂ ਨੇ ਦੱਸਿਆ ਕਿ ਇਹ ਮਾਮਲਾ ਗੁਰਦੁਆਰਾ ਪੁਲ ਬੰਗਸ਼ ਇਲਾਕੇ ਦਾ ਹੈ ਜਿੱਥੇ ਜਗਦੀਸ਼ ਟਾਈਟਲਰ ਨੇ ਕਤਿਥ ਤੌਰ ’ਤੇ ਖੁਦ ਭੀੜ ਦੀ ਅਗਵਾਈ ਕਰਦਿਆਂ ਸਿੱਖਾਂ ਦਾ ਕਤਲੇਆਮ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸੀਬੀਆਈ ਨੇ ਪਹਿਲਾਂ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਸਰਕਾਰ ਬਦਲੀ ਤਾਂ ਇਸ ਮਾਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਮੁੜ ਤੋਂ ਪੈਰਵੀ ਕੀਤੀ।
ਇਸ ਮਗਰੋਂ ਹੋਈ ਜਾਂਚ ’ਚ ਐੱਸਪੀ ਅਮਨਜੀਤ ਕੌਰ ਤੇ ਹੁਣ ਮੌਜੂਦਾ ਐੱਸਪੀ ਰਾਜਵੀਰ ਸਿੰਘ ਨੇ ਬਹੁਤ ਪਾਰਦਰਸ਼ਤਾ ਨਾਲ ਕੇਸ ਦੀ ਜਾਂਚ ਕੀਤੀ। ਇਸ ਮਾਮਲੇ ਵਿਚ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਬੇਦੀ ਤੇ ਹਰਪਾਲ ਕੌਰ ਦੇ 29 ਮਾਰਚ ਨੂੰ ਧਾਰਾ 164 ਤਹਿਤ ਮੈਜਿਸਟਰੇਟ ਸਾਹਮਣੇ ਬਿਆਨ ਦਰਜ ਕਰਵਾਏ ਗਏ ਸਨ। ਹਰਪਾਲ ਕੌਰ ਦੇ ਘਰ ਵਿਚ ਹੀ ਵਿਚ ਗੁਰਚਰਨ ਸਿੰਘ ਚੰਨੀ, ਬਾਦਲ ਸਿੰਘ, ਠਾਕੁਰ ਸਿੰਘ ਦਾ ਕਤਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਸੀਬੀਆਈ ਨੇ ਰਾਊਜ ਐਵੇਨਿਊ ਕੋਰਟ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਹੁਣ ਜਗਦੀਸ਼ ਟਾਈਟਲਰ ਦਾ ਜੇਲ੍ਹ ਜਾਣਾ ਤੈਅ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਇੰਨੇ ਸਾਲਾਂ ਦੌਰਾਨ ਜਗਦੀਸ਼ ਟਾਈਟਲਰ ਵਰਗੇ ਕਥਿਤ ਦੋਸ਼ੀਆਂ ਦਾ ਸਟੇਜਾਂ ’ਤੇ ਸਨਮਾਨ ਕੀਤਾ ਤੇ ਸਿੱਖ ਭਾਈਚਾਰੇ ਨੂੰ 1984 ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦਿੱਤੀਆਂ, ਉਹ ਵੀ ਅੱਜ ਆਪਣੇ ਕੀਤੇ ’ਤੇ ਘਰ ਬੈਠੇ ਪਛਤਾ ਰਹੇ ਹੋਣਗੇ।

ਜਗਦੀਸ਼ ਟਾਈਟਲਰ ਦਾ ਜੇਲ੍ਹ ਜਾਣਾ ਤੈਅ: ਸਿਰਸਾ
ਨਵੀਂ ਦਿੱਲੀ : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਸੀਬੀਆਈ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ 1984 ਦੇ ਸਿੱਖ ਕਤਲੇਆਮ ਕੇਸ ਵਿਚ ਚਾਰਜਸ਼ੀਟ ਦਾਇਰ ਕਰਨਾ ਸਿੱਖ ਕੌਮ ਦੀ ਵੱਡੀ ਜਿੱਤ ਹੈ। ਉਨ੍ਹਾਂ ਟਾਈਟਲਰ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਬੀਆਈ ਦਾ ਧੰਨਵਾਦ ਕੀਤਾ ਹੈ। ਸਿਰਸਾ ਨੇ ਕਿਹਾ ਕਿ ਜਦੋਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਨ ਤਾਂ ਉਨ੍ਹਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਆਖਿਆ ਸੀ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਤਾਜ਼ਾ ਸਬੂਤ ਉਪਲੱਬਧ ਹਨ ਜਿਸ ਮਗਰੋਂ ਅਦਾਲਤ ਨੇ ਅਰਜ਼ੀ ਪ੍ਰਵਾਨ ਕਰ ਲਈ ਸੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਵਾਂਗ ਹੁਣ ਜਗਦੀਸ਼ ਟਾਈਟਲਰ ਵੀ 1984 ਸਿੱਖ ਕਤਲੇਆਮ ਕੇਸ ਵਿਚ ਭੂਮਿਕਾ ਲਈ ਜੇਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ 39 ਸਾਲਾਂ ਤੋਂ ਇਹ ਲੜਾਈ ਲੜ ਰਹੀ ਹੈ।