ਸਿੱਖ ਇਤਿਹਾਸ ਵਿੱਚ ਧਰੂ ਤਾਰੇ ਵਰਗੀ ਚਮਕ ਵਾਲਾ ਜਰਨੈਲ – ਬਾਬਾ ਬੰਦਾ ਸਿੰਘ ਬਹਾਦੁਰ

ਸਿੱਖ ਇਤਿਹਾਸ ਵਿੱਚ ਧਰੂ ਤਾਰੇ ਵਰਗੀ ਚਮਕ ਵਾਲਾ ਜਰਨੈਲ – ਬਾਬਾ ਬੰਦਾ ਸਿੰਘ ਬਹਾਦੁਰ

ਬਲਵਿੰਦਰ ‘ਬਾਲਮ’
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ: 98156-25409

ਬਾਬਾ ਬੰਦਾ ਸਿੰਘ ਬਹਾਦੁਰ ਸਿੱਖ ਇਤਿਹਾਸ ਵਿੱਚ ਤੇ ਭਾਰਤੀ ਇਤਾਹਾਸ ਦੇ ਗਗਨ ਵਿੱਚ ਉਨਾਂ ਬਹਾਦੁਰ ਯੋਧਿਆਂ ਦੀਆਂ ਸ਼ਹੀਦੀਆਂ ਦੇ ਸਿਤਾਰਿਆਂ ਅੰਦਰ ਧਰੂ ਤਾਰੇ ਦੇ ਵਾਂਗੂ ਚਮਕਦਾ ਰਵੇਗਾ ਜੋ ਕੌਮ ਨੂੰ ਕੁਰਬਾਨੀ ਤੇ ਬਹਾਦੁਰੀ ਦੇ ਅਸ਼ੀਰਵਾਦ ਦੀ ਗੁੜਤੀ ਦੇ ਗਏ ਹਨ। ਸਿੱਖ ਇਤਿਹਾਸ ਦੇ ਗੁਲਸ਼ਨ ਵਿੱਚ ਬਾਬਾ ਬੰਦਾ ਬਹਾਦੁਰ ਦੀ ਕੁਰਬਾਨੀ ਤੇ ਸ਼ਹੀਦੀ ਦੀਆਂ ਜੜਾਂ ਚੋਂ ਫਿਰ ਪੂੰਗਰੇ ਖੂਬਸੂਰਤ ਸਿੱਖ ਮਰਿਆਦਾ ਦੇ ਫੁੱਲ ਆਪਣੀ ਖੁਸ਼ਬੂ ਨਾਲ ਪਰੰਪਰਾਵਾਂ ਨੂੰ ਹਮੇਸ਼ਾ ਲਈ ਰਹਿੰਦੀ ਦੁਨੀਆ ਤੱਕ ਕਾਇਮ ਰੱਖਣਗੇ। ਜਿਸ ਨਾਲ ਇਤਿਹਾਸ ਦੇ ਰਾਹਾਂ ਵਿੱਚ ਬਾਬਾ ਬੰਦਾ ਬਹਾਦੁਰ ਦੀ ਯਾਦ ਨਵੀਆਂ ਪੈੜਾਂ ਲਈ ਇੱਕ ਸੁਨੇਹਾ ਇੱਕ ਸੰਦੇਸ਼ ਦਿੰਦਾ ਰਵੇਗੀ।
ਬਾਬਾ ਬੰਦਾ ਸਿੰਘ ਬਹਾਦੁਰ ਸੱਚਾਈ ਦਾ ਤੂਫਾਨ, ਕ੍ਰਾਂਤੀਕਾਰੀ ਯੋਧਾ ਤੋ ਬੇਸਹਾਰਿਆਂ ਦੇ ਨੇਰਾਂ ਲਈ ਚਮਕਦੇ ਸੂਰਜ ਦਾ ਪ੍ਰਤੀਕ ਸੀ। ਉਹ ਜ਼ਾਲਿਮਾਂ ਦੀ ਹਿੱਕ ਤੋ ਲਟਕਦੀ ਤਲਵਾਰ ਸੀ। ਦੁਸ਼ਮਣ ਲਈ ਕਿਤੇ ਖੋਫ ਦਾ ਬੁੱਂਲਾ, ਗ਼ਰੀਬਾਂ ਦਾ ਹਮਦਰਦ, ਪਰਬਤ ਵਰਗੀ ਤਾਕਤ ਦਾ ਸਵਾਮੀ, ਪਿਆਰ ਦਯਾ ਤੇ ਕੋਮਲ ਹਿਰਦੇ ਦਾ ਭਗਤੀ ਪੂਰਵਕ ਰਾਹਗੀਰ, ਭਾਣਾ ਮੰਨਣ ਦੀ ਭਾਵਨਾ, ਸਿਰੜੀ, ਮਿਹਨਤੀ ਤੇ ਗੁਰੂ ਗੋਬਿੰਦ ਸਿੰਘ ਨੂੰ ਦਿੱਤੇ ਵਚਨਾਂ ਦਾ ਰਖਵਾਲਾ ਅਤੇ ਜਿਸ ਨੇ ਪਣੇ ਜਿਸਮ ਦਾ ਤਿਲ-ਤਿਲ ਸਿੱਖ ਕੌਮ ਦੇ ਲੇਖੇ ਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦੁਰ ਦੀ ਸਮੁੱਚੀ ਸ਼ੈਲੀ ਦੇ ਅਤੀਤ ਚੋਂ ਝਾਕ ਕੇ ਵੇਖਿਆ ਜਾਵੇ ਤਾਂ ਉਸ ਦੀ ਜੀਵਨ ਸ਼ੈਲੀ, ਯੋਧਾ ਸ਼ੈਲੀ ਇਤਿਹਾਸ ਵਿੱਚ ਦੁਰਲਭ ਤੇ ਵਿਸ਼ੇਸ਼ ਕਿਸਮ ਦੀ ਹੈ। ਜਿਸ ਨੇ ਕੌਮਾਂ ਲਈ ਨਵਾਂ ਇਤਿਹਾਸ ਰਚ ਕੇ, ਉਨਾਂ ਵਿੱਚ ਦਲੇਰੀ, ਦਯਾ, ਈਮਾਨਦਾਰੀ, ਸੱਚਾਈ ਤੇ ਕੁਰਬਾਨੀ ਆਦਿ ਦੀਆਂ ਨੀਹਾਂ ਰੱਖੀਆਂ। ਜਿਸ ਨਾਲ ਭਵਿੱਖ ਦੇ ਮਹੱਲਾ ਨੂੰ ਮਜ਼ਬੂਤੀ ਮਿਲੀ।
ਬੰਦਾ ਸਿੰਘ ਬਹਾਦੁਰ ਦਾ ਜਨਮ 18 ਅਕਤੂਬਰ 1670 ਈ. ਨੂੰ ਪੂਣਛ ਜਿਲੇ ਦੇ ਇੱਕ ਪਿੰਡ ਰਜੋਰੀ(ਜੰਮੂ) ਵਿਖੇ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਰਾਮਦੇਵ ਸੀ। ਜੋ ਰਾਜਪੂਤ ਘਰਾਣੇ ਦੇ ਨਾਲ ਸਬੰਧ ਰੱਖਦੇ ਸਨ ਅਤੇ ਕਿਸਾਨ ਪਰਿਵਾਰ ਦੇ ਅਨੁਯਾਈ ਸਨ। ਇਤਿਹਾਸ ਦੱਸਦਾ ਹੈ ਕਿ ਉਨਾਂ ਦੇ ਬਚਪਨ ਦਾ ਨਾਂ ਰਾਮਦੇਵ ਜਾਂ ਲਛਮਣ ਦਾਸ, ਜਾਂ ਨਰਾਇਣ ਦਾਸ ਸੀ। ਉਨਾਂ ਦੇ ਨਾਂ ਬਾਰੇ ਕਈ ਮੱਤਭੇਦ ਸਨ। ਬਾਬਾ ਬੰਦਾ ਬਹਾਦੁਰ ਦਾ ਪਿੰਡ ਰਜੋਰੀ ਪਠਾਨਕੋਟ ਤੋਂ ਲਗਪਗ 172 ਕਿਲੋਮੀਟਰ ਅਤੇ ਜੰਮੂ ਤੋਂ 102 ਕਿ.ਮੀ. ਦੀ ਦੂਰੀ ਤੇ ਸਥਿਤ ਹੈ।
ਬਾਬਾ ਬੰਦਾ ਬਹਾਦੁਰ ਨੇ ਕਿਸ਼ੋਰ ਅਵਸਥਾ ਵਿੱਚ ਹੀ ਘੋੜ ਸਵਾਰੀ, ਨਿਸ਼ਾਨੇਬਾਜੀ, ਸ਼ਿਕਾਰ ਕਰਨਾ, ਤਲਵਾਰ ਚਲਾਉਣਾ, ਫੁਰਤੀਲੇ ਹੁਨਰ ਅਤੇ ਚੁਸਤੀਲੀ ਸ਼ੈਲੀ ਵਾਲੀਆਂ ਵਿਧੀਆਂ ਵਿੱਚ ਪਰਪੰਕਤਾ ਹਾਸਿਲ ਕਰ ਲਈ ਸੀ। ਉਨ੍ਹਾਂ ਦੇ ਜਿਸਮ ਵਿੱਚ ਸੰਜਮ ਤੇ ਉੱਦਮ ਦੀ ਬਿਜਲੀ ਚਮਕਦੀ ਸੀ। ਜਿਸ ਕਰਕੇ ਉਹ ਭਵਿੱਖ ਵਿੱਚ ਦੁਸ਼ਮਣਾਂ ਦੀ ਹਿੱਕ ਤੇ ਖੇਡੇ।
ਇਤਿਹਾਸ ਦੱਸਦਾ ਹੈ ਕਿ ਉਹ 15 ਸਾਲ ਦੀ ਉਮਰ ਵਿੱਚ ਇੱਕ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਦੇ ਸੰਪਰਕ ਵਿੱਚ ਆਏ ਤੇ ਬਾਬਾ ਬੰਦਾ ਬਹਾਦੁਰ ਜੀ ਨੇ ਉਨਾਂ ਨੂੰ ਗੁਰੂ ਧਾਰ ਲਿਆ। ਉਨਾਂ ਦੇ ਗੁਰੂ ਨੇ ਉਨਾਂ ਦਾ ਨਾਂਅ ਮਾਧੋ ਦਾਸ ਰੱਖ ਦਿੱਤਾ। ਬੈਰਾਗੀ ਮਾਧੋਦਾਸ ਨੇ ਨਦੇੜ ਦੇ ਨੇੜੇ, ਗੋਦਾਵਰੀ ਨਦੀ ਦੇ ਪਵਿੱਤਰ ਕੰਢੇ ਉੱਤੇ ਯੋਗ ਸਾਧਨਾ, ਇਕਾਗਰਤਾ ਲਈ ਇੱਕ ਸ਼ਾਂਤ ਤੇ ਅਧਿਆਤਮਿਕ ਸਥਾਨ ਬਣਾਇਆ। ਇਸ ਜਗ?ਹਾ ਤੇ ਉਨਾਂ ਨੇ ਆਪਣੇ ਜਿਸਮ ਦੀਆਂ ਸਾਰੀਆਂ ਅੰਦਰੂਨੀ ਸ਼ਕਤੀਆਂ ਨੂੰ ਸੰਜਮ ਵਿੱਚ ਢਾਲਿਆ। ਇੱਕ ਜੋਗੀ ਦਾ ਰੂਪ ਲਿਆ। ਦਿਲ ਤੇ ਦਿਮਾਗ਼ ਨੂੰ ਇਕਾਗਰਤਾ ਵਿੱਚ ਪਿਰੇ ਕੇ ਆਤਮਿਕ ਬਲ ਵਿੱਚ ਰਹਿਣਾ ਸਿੱਖਿਆ। ਉਸ ਸਮੇਂ ਦੇ ਵਿਗਿਆਨ ਨੂੰ ਜਾਣਿਆ, ਪਖਿਆ, ਖੋਜਿਆ ਤੇ ਕਈ ਗੁਣਾੰ ਨੂੰ ਹਾਸਲ ਕੀਤਾ।
3 ਸਤੰਬਰ 1708 ਨੂੰ ਡੇਰੇ ਨਦੇੜ ਵਿਖੇ ਮਾਧੋ ਦਾਸ ਦੀ ਮੁਲਾਕਾਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਗੁਰੂ ਜੀ ਮਾਧੋ ਦਾਸ ਦੀ ਸਰੀਰਕ ਤਾਕਤ, ਇਕਾਗਰ ਬੱਲ ਤੇ ਹੋਰ ਸ਼ਕਤੀਆਂ ਵੇਖ ਕੇ ਪ੍ਰਸੰਨ ਹੋਏ ਤੇ ਉਸ ਸਮੇਂ ਉਨਾਂ ਨੂੰ ਇਸ ਤਰ੍ਹਾਂ ਦੇ ਬਹਾਦੁਰ, ਨਿਡਰ, ਦਲੇਰ, ਤੇ ਸੰਜਮੀ ਵਿਅਕਤੀ ਦੀ ਜ਼ਰੂਰਤ ਸੀ। ਜਿਸ ਵਿੱਚ ਅਗਵਾਈ ਕਰਨ ਦੇ ਵੀ ਸਾਰੇ ਗੁਣ ਹੋਣ। ਬੰਦਾ ਸਿੰਘ ਬਹਾਦੁਰ ਗੁਰੂ ਜੀ ਦੇ ਸੱਚੇ ਮਿੱਤਰ ਬਣ ਗਏ ਤੇ ਗੁਰੂ ਜੀ ਦੀ ਫਿਲਾਸਫੀ, ਸਿਧਾਂਤਾ ਨਾਲ ਸਹਿਮਤ ਹੋ ਗਏ। ਗੁਰੂ ਜੀ ਨੇ ਮਾਧੋ ਦਾਸ ਦਾ ਨਾਂ ਬੰਦਾ ਸਿੰਘ ਬਹਾਦੁਰ ਰੱਖ ਦਿੱਤਾ, ਕਿਉਂਕੀ ਬਾਬਾ ਬੰਦਾ ਸਿੰਘ ਬਹਾਦੁਰ ਸਰਵਗੁਣ ਸਪੰਨ ਸੀ ਜਿਸ ਦੀ ਗੁਰੂ ਜੀ ਨੂੰ ਲੋੜ ਸੀ ਅਤੇ ਬਿਨਾਂ ਟਰੇਨਿੰਗ ਦੇ ਉਹ ਦੁਸ਼ਮਣ ਦੇ ਨਾਲ ਲੋਹਾ ਲੈ ਸਕਦਾ ਸੀ। ਗੁਰੂ ਜੀ ਨੇ ਉਨਾਂ ਨੂੰ ਇੱਕ ਜਥੇਦਾਰ, ਇੱਕ ਜਰਨੈਲ ਥਾਪ ਕੇ ਪੰਜਾਬ ਵੱਲ ਤੋਰਿਆ ਸੀ। ਉਨ੍ਹਾਂ ਦੀ ਮਦਦ ਲਈ ਕੁੱਝ ਤੀਰ, ਹਥਿਆਰ ਤੇ ਹੋਰ ਸਮੱਗਰੀ ਚਿੰਨ ਆਦਿ ਵੀ ਦਿੱਤੇ। ਬਾਬਾ ਬੰਦਾ ਬਹਾਦੁਰ ਦੇ ਨਾਲ ਪੰਜ ਸਿੰਘ ਸਾਹਿਬਾਨ, ਖਾਲਸਾ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ ਜੀ, ਬਾਬਾ ਬਾਜ ਸਿੰਘ, ਭਈ ਦਇਆ ਸਿੰਘ, ਭਾਈ ਰਣ ਸਿੰਘ ਵੀ ਪੰਜਾਬ ਲਈ ਰਵਾਨਾ ਹੋਏ। ਇਹ ਅਕਤੂਬਰ 1708 ਦੇ ਕਰੀਬ ਦੀ ਗੱਲ ਹੈ। ਦੱਸਿਆ ਜਾਂਦਾ ਹੈ ਕਿ ਕਿ ਦੁਸ਼ਮਣਾ ਨੇ ਗੁਰੂ ਗੋਬਿੰਦ ਸਿੰਘ ਨੂੰ ਧੋਖਾ ਦੇ ਕੇ ਛੁਰੇ ਨਾਲ ਜਖਮੀ ਕਰ ਦਿੱਤਾ ਸੀ। ਜਦੋਂ ਉਹ ਤੀਰ ਚੜਾਉਣ ਲੱਗੇ ਤਾਂ ਜ਼ਖ਼ਮ ਖਿੱਲਰ ਗਿਆ ਜਿਸ ਕਰਕੇ ਉਹ ਜੋਤੀ ਜੋਤ ਸਮਾ ਗਏ।
ਬਾਬਾ ਬੰਦਾ ਸਿੰਘ ਬਹਾਦੁਰ ਵਿੱਚ ਗੁਰੂ ਜੀ ਦੇ ਪਰਿਵਾਰ ਦੀ ਸ਼ਹੀਦੀ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਗੁੱਸਾ, ਦੁਸ਼ਮਣ ਨੂੰ ਸਬਕ ਸਿਖਾਉਣ ਲਈ ਹੁਣ ਕਾਫੀ ਸੀ। ਰੋਹ ਦੇ ਬੱਦਲ ਉਨਾਂ ਦੇ ਦਿਮਾਗ਼ ਵਿੱਚ ਗਰਜਣ ਲੱਗੇ। ਜੋਸ਼ ਦੇ ਜਵਾਲਾਮੁੱਖੀ ਫੱਟਣ ਲੱਗੇ। ਬਾਬਾ ਬੰਦਾ ਸਿੰਘ ਬਹਾਦੁਰ ਦੁਸ਼ਮਣਾ ਦੇ ਆਹੂ ਲਾਉਂਦਾ ਚਲਾ ਗਿਆ। ਉਨਾਂ ਨਾਲ ਕਾਫੀ ਫੌਜ ਸੀ।
ਬਾਬਾ ਬੰਦਾ ਸਿੰਘ ਬਹਾਦੁਰ ਨੇ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਨਸਕਾ, ਸ਼ਾਹਬਾਦ, ਮੁਸਤਾਫਾਬਾਦ, ਕਪੂਰੀ, ਸਫੋਰਾ, ਛੱਤ ਬੰਨੜ ਉੱਤੇ ਕਬਜਾ ਕੀਤਾ। 12 ਮਈ 1710 ਨੂੰ ਆਹੁ ਲਾਉਣ ਵਾਲੀ ਲੜਾਈ ਵਿੱਚ ਸੂਬੇਦਾਰ ਵਜੀਰ ਖਾਂ ਮਾਰਿਆ ਗਿਆ।14 ਮਈ 1710 ਨੂੰ ਸਿੱਖ ਜੈਤੂ ਬਣਕੇ ਸਰਹਿੰਦ ਵਿੱਚ ਦਾਖਿਲ ਹੋਏ। ਬੰਦੇ ਨੇ ਸਢੋਰਾ ਤੇ ਨਾਹਨਗੜ ਵਿੱਚਕਾਰ ਮੁੱਖਲਿਸਗੜ ਨੂੰ ਆਪਣੀ ਰਾਜਧਾਨੀ ਬਣਾਇਆ ਜਿਸ ਦਾ ਨਾਂ ਉਨਾਂ ਲੋਹਗੜ ਰੱਖਿਆ। ਇੱਥੇ ਰਹਿ ਕੇ ਉਨ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ। ਸਹਾਰਨਪੁਰ, ਜਲਾਲਾਬਾਦ ਤੋ ਠਠੱਤਾ ਫਤਿਹ ਕਰਨ ਤੋਂ ਬਾਅਦ ਇਸੇ ਤਰਾਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੌਹਰ ਵਿਖਾਉਂਦੇ ਹੋਏ ਤੇ ਦੁਸ਼ਮਣਾ ਦੇ ਦੰਦ ਖੱਟੇ ਕਰਦੇ ਹੋਏ ਅੱਗੇ ਵੱਧਦੇ ਗਏ। ਹੁਣ ਸਿੱਖ ਪੰਜਾਬ ਦੇ ਮਾਲਿਕ ਅਖਵਾਉਣ ਲੱਗੇ। ਉਸ ਸਮੇਂ ਦਾ ਬਾਦਸ਼ਾਹ ਬਹਾਦੁਰ ਸ਼ਾਹ ਖੁਦ ਪੰਜਾਬ ਵਿੱਚ ਦਾਖਿਲ ਹੋਇਆ ਤੇ ਹਲਾਤਾਂ ਮੁਤਾਬਿਕ ਸਿੱਖ ਪਿੱਛੇ ਹਟ ਗਏ। ਬਾਬਾ ਬੰਦਾ ਸਿੰਘ ਬਹਾਦੁਰ ਸਮੇਤ ਸਿੱਖ ਫਿਰ ਲੋਹਗੜ ਦੇ ਕਿਲੇ ਵਿੱਚ ਆ ਗਏ। ਮੁਗਲ ਸੈਨਾ ਨੇ ਇਹ ਕਿਲਾ ਘੇਰ ਲਿਆ। ਹਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਬਾਬਾ ਬੰਦਾ ਬਹਾਦੁਰ ਨੇ ਇੱਕ ਯੋਜਨਾ ਤਹਿਤ ਕਿਲਾ ਛੱਡ ਦਿੱਤਾ ਤੇ ਪਹਾੜਾਂ ਵੱਲ ਚਲੇ ਗਏ। ਇੱਥੇ ਉਨਾਂ ਨੇ ਇਰਖਾਲੂ ਰਾਜੇ ਭੀਮ ਚੰਦ ਨੂੰ ਮੋਤ ਦੇ ਘਾਟ ਉਤਾਰਿਆ ਅਤੇ ਚੰਬੇ ਦੇ ਰਾਜੇ ਦੀ ਪੁੱਤਰੀ ਸਾਹਿਬ ਕੋਰ ਨਾਲ ਵਿਆਹ ਕਰਵਾ ਲਿਆ। ਸਾਹਿਬ ਕੋਰ ਦੀ ਕੁੱਖ ’ਚੋਂ ਇੱਕ ਪੁੱਤਰ ਰਣਜੀਤ ਸਿੰਘ ਪੈਦਾ ਹੋਇਆ।
18 ਫਰਵਰੀ 1712 ਨੂੰ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੋਤ ਹੋ ਗਈ। ਬਾਬਾ ਬੰਦਾ ਸਿੰਘ ਬਹਾਦੁਰ ਨੇ ਫਿਰ ਚੰਬੇ ਦੇ ਇਲਾਕੇ ਵਿੱਚੋਂ ਨਿਕਲ ਕੇ ਮਾਰਚ 1715 ਨੂੰ ਕਲਾਨੌਰ ਤੇ ਬਟਾਲੇ ਤੇ ਕਬਜ਼ਾ ਕੀਤਾ। ਪਰ ਮੁਗਲ ਫੋਜ ਉਨਾਂ ਦੇ ਪਿੱਛੇ ਲੱਗੀ ਹੋਈ ਸੀ।
ਆਖਿਰ 7 ਦਿਸੰਬਰ 1715 ਈ. ਨੂੰ ਮੁਗਲ ਫੋਜਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੇ ਸਿੱਖਾਂ ਨੂੰ ਦੂਨੀ ਚੰਦ ਦੀ ਉੱਚੀ ਵਿਸ਼ਾਲ ਹਵੇਲੀ ਵਿੱਚ ਗੁਰਦਾਸ ਨੰਗਲ ਵਿਖੇ ਘੇਰ ਲਿਆ, ਜਿਸ ਨੂੰ ਗੁਰਦਾਸ ਨੰਗਲ ਦੀ ਕੱਚੀ ਗੜੀ ਜਾਂ ਗੁਰਦਾਸ ਨੰਗਲ ਦਾ ਥੇਹ ਵੀ ਕਿਹਾ ਜਾਂਦਾ ਹੈ। ਇਹ ਗੜੀ ਗੁਰਦਾਸਪੁਰ ਤੋਂ 5 ਕਿਲੋਮੀਟਰ ਦੂਰ ਹੈ। ਸ਼ਾਹੀ ਫੋਜਾਂ ਦਾ ਸਿੱਖਾਂ ਨੇ ਡੱਕ ਕੇ ਮੁਕਾਬਲਾ ਕੀਤਾ। ਸਿੱਖਾਂ ਦਾ ਬਾਹਰ ਆਉਣਾ-ਜਾਣਾ, ਰਾਸ਼ਨ ਅਤੇ ਹਰ ਤਰਾਂ ਦੀ ਬਾਹਰੀ ਸਮੱਗਰੀ ਬੰਦ ਸੀ। ਆਖਿਰ 7 ਦਿਸੰਬਰ 1715 ਨੂੰ ਸ਼ਾਹੀ ਫੋਜ ਨੇ ਗੁਰਦਾਸ ਨੰਗਲ ਦੀ ਗੜੀ ਤੇ ਕਬਜ਼ਾ ਕਰ ਲਿਆ।
ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸ਼ਾਹੀ ਫੋਜ ਕਦੇ ਵੀ ਕੈਦ ਨਹੀਂ ਬਣਾ ਸਕਦੀ ਅਤੇ ਨਾ ਹੀ ਉਸ ਨੂੰ ਜ਼ਿੰਦਾ ਫੜ ਸਕਦੀ। ਉਸਦੇ ਆਪਣੇ ਹੀ ਸਾਥੀ ਸ਼ਾਹੀ ਫੋਜ ਨਾਲ ਜਾ ਮਿਲੇ, ਸ਼ਾਹੀ ਫੌਜ ਨੇ ਬੰਦੇ ਦੇ ਸਾਥੀਆਂ ਨੂੰ ਅਨੇਕਾਂ ਹੀ ਲਾਲਚ ਦੇ ਕੇ ਖਰੀਦ ਲਿਆ। ਜਿਸ ਕਰਕੇ ਉਨਾਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਸਾਰੇ ਭੇਦ ਸ਼ਾਹੀ ਫੌਜ ਨੂੰ ਦੇ ਦਿੱਤੇ। ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦੁਰ ਸ਼ਾਹੀ ਫੋਜ ਦੇ ਕੈਦੀ ਬਣੇ। ਸ਼ਾਹੀ ਫੌਜ ਨੇ ਬਾਬਾ ਬੰਦਾ ਸਿੰਘ ਬਹਾਦੁਰ ਤੇ ਅੰਨਾ ਤਸੱਦਦ ਕੀਤਾ। ਉਨਾਂ ਦੇ ਨਾਲ ਅਨੇਕਾਂ ਹੀ ਸਿੱਖਾਂ ਦਾ ਕਤਲ ਕੀਤਾ ਗਿਆ। ਇੱਕ ਭਿਆਨਕ ਤਰਾਂ ਦੇ ਤਸੀਹੇ ਦਿੱਤੇ ਗਏ। ਬਾਬਾ ਬੰਦਾ ਸਿੰਘ ਬਹਾਦੁਰ ਨੂੰ ਇੱਕ ਵੱਡੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। ਇਹ ਪਿੰਜਰਾ ਹਾਥੀ ਉੱਤੇ ਰੱਖ ਕੇ ਜਲੂਸ ਦੀ ਸ਼ਕਲ ਵਿੱਚ ਲਾਹੋਰ ਲਿਜਾਇਆ ਗਿਆ। ਪਿੰਜਰੇ ਦੇ ਅੱਗੇ-ਅੱਗੇ ਸਿੱਖਾਂ ਦੇ ਸਿਰ ਨੇਜਿਆਂ ਉਤੇ ਟੰਗੇ ਗਏ। ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ। ਬਾਬਾ ਬੰਦਾ ਸਿੰਘ ਬਹਾਦੁਰ ਦੀ ਪਤਨੀ ਅਤੇ ਉਨ੍ਹਾਂ ਦੇ 4 ਸਾਲ ਦੇ ਬੱਚਾ ਅਜੇ ਸਿੰਘ ਤੇ ਵੀ ਤਸੱਦਦ ਕੀਤਾ ਗਿਆ। 9 ਜੂਨ 1716 ਨੂੰ ਜਲੂਸ ਦੀ ਸ਼ਕਲ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਉਸਦੇ 4 ਸਾਲ ਦੇ ਬੱਚੇ ਨੂੰ ਅਨੇਕਾਂ ਸਿੱਖਾਂ ਨਾਲ ਕੁਤਬ ਮਿਨਾਰ ਦੇ ਨੇੜੇ ਖੋਆਜਾ ਕੁਤਬਦੀਨ, ਬਖਤਿਆਰ ਕਾਕੀ ਦੇ ਰੋਜੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦੁਰ ਦੇ ਪੁੱਤਰ ਅਜੇ ਸਿੰਘ ਦਾ ਦਿਲ ਕੱਢ ਕੇ ਉਨਾਂ ਦੇ ਮੂੰਹ ਵਿੱਚ ਪਾਇਆ। 9 ਜੂਨ 1716 ਨੂੰ ਦਿੱਲੀ ਵਿੱਖੇ ਅਨੇਕਾਂ ਤਸੱਦਦ ਸਹਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦੁਰ ਸ਼ਹੀਦ ਹੋ ਗਏ। ਉਨਾਂ ਨੂੰ ਮੁਸਲਮਾਨ ਬਨਣ ਦੀ ਜਾਂ ਮੋਤ ਸਵੀਕਾਰ ਕਰਨ ਲਈ ਕਿਹਾ ਗਿਆ। ਪਰ ਉਹ ਹੱਸ-ਹੱਸ ਕੇ ਆਪਣੀ ਮੋਤ ਕੌਮ ਤੋਂ ਜਾਨ ਨਿਸ਼ਾਵਰ ਕਰ ਗਏ। ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਦਾ ਨਾਂਅ ਸੁਨਹਿਰੀ ਅੱਖਰਾਂ ਦੇ ਨਾਲ ਹਮੇਸ਼ਾ-ਹਮੇਸ਼ਾ ਅੰਕਿਤ ਰਹੇਗਾ।