ਸਿੱਖ ਇਤਿਹਾਸ ਜਾਨਣ ਲਈ ਹਿੰਦੂ ਨੌਜਵਾਨ ਨੇ ਸਿੱਖੀ ਫ਼ਾਰਸੀ

ਸਿੱਖ ਇਤਿਹਾਸ ਜਾਨਣ ਲਈ ਹਿੰਦੂ ਨੌਜਵਾਨ ਨੇ ਸਿੱਖੀ ਫ਼ਾਰਸੀ

ਟੱਲੇਵਾਲ- ਸੂਬੇ ਭਰ ਵਿੱਚ ਜਦੋਂ ਨੌਜਵਾਨਾਂ ਵਿੱਚ ਅੰਗਰੇਜ਼ੀ ਭਾਸ਼ਾ ਲਈ ਆਈਲੈਟਸ ਦਾ ਦੌਰ ਚੱਲ ਰਿਹਾ ਹੈ ਤਾਂ ਅਜਿਹੇ ਸਮੇਂ ਪਿੰਡ ਚੀਮਾ ਦੇ ਹਿੰਦੂ (ਬਾਜ਼ੀਗਰ ਬਰਾਦਰੀ ਨਾਲ ਸਬੰਧਿਤ) ਨੌਜਵਾਨ ਦੀ ਫ਼ਾਰਸੀ ਭਾਸ਼ਾ ਪ੍ਰਤੀ ਖਿੱਚ ਬਣੀ ਹੋਈ ਹੈ। ਇਹ ਖਿੱਚ ਉਸ ਨੂੰ ਸਿੱਖ ਇਤਿਹਾਸ ਜਾਨਣ ਲਈ ਪੈਦਾ ਹੋਈ ਹੈ। ਇਸ ਇੱਛਾ ਨੂੰ ਪੂਰਾ ਕਰਨ ਲਈ ਜਗਸੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਕਾਇਦਾ ਫ਼ਾਰਸੀ ਭਾਸ਼ਾ ਦਾ ਡਿਪਲੋਮਾ ਵੀ ਕੀਤਾ ਹੈ।

42 ਸਾਲਾ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਭਾਵੇਂ ਹਿੰਦੂ ਪਰਿਵਾਰ ਨਾਲ ਸਬੰਧਿਤ ਹੈ ਪਰ ਉਹ ਪੰਜਾਬੀ ਤੇ ਸਿੱਖ ਸਾਹਿਤ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਸਿੱਖ ਇਤਿਹਾਸ ਦਾ ਵੱਡਾ ਹਿੱਸਾ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਫ਼ਾਰਸੀ ਭਾਸ਼ਾ ਵਿੱਚ ਹਨ ਅਤੇ ਬਹੁਤੇ ਪੁਰਾਤਨ ਫ਼ਾਰਸੀ ਤੇ ਉਰਦੂ ਸਾਹਿਤ ਦਾ ਪੰਜਾਬੀ ਵਿੱਚ ਤਰਜਮਾ ਨਹੀਂ ਹੋਇਆ। ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸ ਨੂੰ ਫ਼ਾਰਸੀ ਭਾਸ਼ਾ ਦੀ ਜਾਣਕਾਰੀ ਜ਼ਰੂਰੀ ਸੀ। ਉਸ ਨੇ ਦੱਸਿਆ ਕਿ ਫ਼ਾਰਸੀ ਭਾਸ਼ਾ ਬਹੁਤ ਪੁਰਾਣੀ ਅਤੇ ਅਮੀਰ ਭਾਸ਼ਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਸ ਭਾਸ਼ਾ ਨੂੰ ਰਾਜ ਭਾਸ਼ਾ ਦਾ ਮਾਣ ਹਾਸਲ ਸੀ। ਇਸ ਕਰ ਕੇ ਇਸ ਭਾਸ਼ਾ ਨੂੰ ਸਿੱਖਣਾ ਹਰ ਸਿੱਖ ਲਈ ਜ਼ਰੂਰੀ ਹੈ। ਇਸੇ ਮੰਤਵ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫ਼ਾਰਸੀ ਭਾਸ਼ਾ ਦਾ ਡਿਪਲੋਮਾ ਕਰਨ ਤੋਂ ਇਲਾਵਾ ਗ੍ਰੈਜੂਏਸ਼ਨ ਪੂਰੀ ਕੀਤੀ। ਉਸ ਦੀ ਐਮਏ ਇਤਿਹਾਸ ਦੀ ਪੜ੍ਹਾਈ ਜਾਰੀ ਹੈ‌। ਉਸ ਦੀ ਇੱਛਾ ਸੂਫ਼ੀ ਸਾਹਿਤ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਅਕਬਰਨਾਮਾ, ਜ਼ਫ਼ਰਨਾਮਾ ਸਣੇ ਹੋਰ ਫ਼ਾਰਸੀ ‘ਚ ਲਿਖੇ ਸਾਹਿਤ ਨੂੰ ਪੜ੍ਹ ਚੁੱਕਿਆ ਹੈ।

ਉਸ ਨੇ ਕਿਹਾ ਕਿ ਫ਼ਾਰਸੀ ਭਾਸ਼ਾ ਸਿਖਾਉਣ ਦਾ ਕੰਮ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਕਰਨਾ ਚਾਹੀਦਾ ਸੀ ਪਰ ਅਫ਼ਸੋਸ ਐਸਜੀਪੀਸੀ ਅਜਿਹੇ ਯਤਨ ਨਹੀਂ ਕਰ ਸਕੀ। ਜਗਸੀਰ ਨੇ ਸਿੱਖ ਚਿੰਤਕਾਂ ਨੂੰ ਅਪੀਲ ਕੀਤੀ ਕਿ ਫ਼ਾਰਸੀ ਭਾਸ਼ਾ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।