ਸਿੱਖ ਅਤੇ ਅਜ਼ਾਦੀ – ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ

ਸਿੱਖ ਅਤੇ ਅਜ਼ਾਦੀ – ਭਾਰਤ ਦੀ ਅਜ਼ਾਦੀ ਲਈ ਸਿੱਖਾਂ ਦੀਆਂ ਕੁਰਬਾਨੀਆਂ

ਸ. ਗੁਰਦੀਪ ਸਿੰਘ
ਦੇਸ਼ ਦੀ ਅਜ਼ਾਦੀ ਦਾ ਕੋਈ ਵੀ ਫਰੰਟ ਐਸਾ ਨਹੀਂ ਜਿਸ ਦੇ ਹਰ ਮੁਹਾਜ਼ ’ਤੇ ਸਿੱਖ ਕੌਮ ਨੇ ਵਧ-ਚੜ੍ਹ ਕੇ ਹਿੱਸਾ ਨਾ ਪਾਇਆ ਹੋਵੇ। ਭਾਵੇਂ ਸਿੱਖ ਕੌਮ ਦੀ ਅਬਾਦੀ ਉਸ ਸਮੇਂ 1.5 ਫੀਸਦੀ ਦੇ ਕਰੀਬ ਸੀ ਤਾਂ ਵੀ ਅਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਵਿਚ ਇਸ ਦਾ ਹਿੱਸਾ 90 ਫੀਸਦੀ ਤੋਂ ਉੱਪਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੰਬੀ ਗ਼ੁਲਾਮੀ ਨੇ ਇਸ ਦੇਸ਼ ਦੀ ਬੀਰਤਾ, ਅਣਖ ਤੇ ਗ਼ੈਰਤ ਨੂੰ ਪੈਰਾਂ ਥੱਲੇ ਰੋਲ ਦਿੱਤਾ ਸੀ।
ਅਸਲ ਵਿਚ 1521 ਈ. ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਕਤ ਦੇ ਮੀਰ ਬਾਬਰ ਨੂੰ ਜਾਬਰ ਆਖਿਆ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ 360)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਦੇ ਵਿਰੁੱਧ ਅਵਾਜ਼ ਉਠਾਈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ। ਦੇਸ਼ਵਾਸੀਆਂ ਨੂੰ ਸੁਤੰਤਰਤਾ ਦਾ ਅਹਿਸਾਸ ਦਿਵਾਇਆ। ਸਮਾਜ ਵਿਚ ਇਸਤਰੀਆਂ ਨੂੰ ਯੋਗ ਸਥਾਨ ਲਈ ਤੇ ਜਾਤ-ਪਾਤ, ਊਚ-ਨੀਚ ਵਿਰੁੱਧ ਆਵਾਜ਼ ਬੁਲੰਦ ਕੀਤੀ। ਨਸ਼ਿਆਂ ਦੀ ਰੋਕਥਾਮ ਤੇ ਸਰਬੱਤ ਦੇ ਭਲੇ ਲਈ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਤੰਤਰਤਾ ਸੈਲਾਨੀਆਂ ਦੀ ਇਕ ਕੌਮ ਦੀ ਨੀਂਹ ਰੱਖੀ ਅਤੇ ਦੇਸ਼- ਵਾਸੀਆਂ ਦੇ ਸੀਨੇ ਵਿਚ ਅਜ਼ਾਦੀ ਦੇ ਜਜ਼ਬੇ ਦੀ ਜੋਤ ਜਗਾਈ। ਆਪ ਤੋਂ ਪਿੱਛੋਂ ਗੁਰੂ ਸਾਹਿਬਾਨ ਨੇ ਇਸ ਜੋਤ ਨੂੰ ਜਗਦਾ ਰੱਖਣ ਦਾ ਬੀੜਾ ਚੁੱਕਿਆ। ਇਸ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੇਸ਼ ਦੀ ਸੁਤੰਤਰਤਾ ਦੀ ਵੇਦੀ ਉੱਤੇ ਆਪਣੀ ਸ਼ਹੀਦੀ ਦਿੱਤੀ। ਉਨ੍ਹਾਂ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ (ਕਸ਼ਮੀਰੀ ਪੰਡਤਾਂ ਦੀ ਪੁਕਾਰ ’ਤੇ) ਸ਼ਹੀਦੀ ਦਿੱਤੀ। ਉਨ੍ਹਾਂ ਦੇ ਨਾਲ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਉਸੇ ਸਮੇਂ ਸ਼ਹੀਦ ਕੀਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਬੇਅੰਤ ਸਿੱਖਾਂ ਨੇ ਸੁਤੰਤਰਤਾ ਦੀ ਪ੍ਰਾਪਤੀ ਲਈ ਦੇਸ਼-ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸਿੱਖਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਜਨਮ ਤੋਂ, ਵਿਰਸੇ ਵਿਚ ਹੀ ਮਿਲਿਆ ਹੈ। ਇਹੋ ਕਾਰਨ ਹੈ ਕਿ ਦੇਸ਼ ਦੀ ਸੁਤੰਤਰਤਾ ਦਾ ਕੋਈ ਅਜਿਹਾ ਅੰਦੋਲਨ ਨਹੀਂ ਜਿਸ ਵਿਚ ਇਨ੍ਹਾਂ ਨੇ ਅੱਗੇ ਹੋ ਕੇ ਕੁਰਬਾਨੀ ਨਾ ਦਿੱਤੀ ਹੋਵੇ। ‘ਗਲੈਸਗੋ ਹੈਰਾਲਡ’ ਕਲਕੱਤਾ ਮਿਤੀ 3-11-1825 ਅਨੁਸਾਰ, ‘1824 ਈਸਵੀ ਦੇ ਬਰਮਾ ਯੁੱਧ ਵਿਚ ਸਿੱਖ ਸੈਨਿਕਾਂ ਦੀ ਕੰਪਨੀ 47 ਨੇਟਿਵ ਇਨਫੈਂਟਰੀ ਵਿਚ ਵਿਦਰੋਹ ਭੜਕਾਉਣ ਦੇ ਦੋਸ਼ ਲਾ ਕੇ ਰਿਸਾਲਦਾਰ ਸੁਰ ਸਿੰਘ, ਜਾਤਾ ਸਿੰਘ, ਬਲਾਕਾ ਸਿੰਘ ਤੇ ਇਕ ਬੰਗਾਲੀ ਮਿ. ਦਾਸ ਨੂੰ ਫਾਂਸੀ ਚੜ੍ਹਾਇਆ ਗਿਆ। ਇਸ ਵਿਦਰੋਹ ਵਿਚ 880 ਫੌਜੀ ਮਾਰੇ ਗਏ ਜਾਂ ਫਾਂਸੀ ਚੜ੍ਹਾਏ ਗਏ।’
ਜੁਲਾਈ 1824 ਵਿਚ ਰੁੜਕੀ ਦੇ ਨੇੜੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿਚ ਗੋਰਾ ਤੇ ਗੋਰਖਾ ਫੌਜਾਂ ਨਾਲ ਲੜਦੇ ਹੋਏ 200 ਦੇਸ਼ ਭਗਤ ਸ਼ਹੀਦ ਹੋਏ ਜਿਨ੍ਹਾਂ ਵਿਚ 88 ਸਿੱਖ ਸਨ।
14 ਅਕਤੂਬਰ, 1825 ਨੂੰ ਗਾਰਨੇਡੀਅਰ ਕੰਪਨੀ ਜਿਸ ਨੇ ਅਸਾਮੀ ਭਰਾਵਾਂ ਦੀ ਅਜ਼ਾਦੀ ਨੂੰ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਵਿਦਰੋਹ ਵਿਚ 400 ਦੇ ਕਰੀਬ ਸਿੱਖ ਸ਼ਹੀਦ ਹੋਏ।
1849 ਵਿਚ ਸਿੱਖਾਂ ਨੇ ਅੰਗਰੇਜ਼ਾਂ ਨਾਲ ਭਾਰਤ ਦੀ ਅਜ਼ਾਦੀ ਦੀ ਆਖ਼ਰੀ ਜੰਗ ਲੜੀ। ਇਸ ਪਿੱਛੋਂ ਸਿੱਖਾਂ ਦੀ ਹਾਰ ਕਾਰਨ ਸੰਪੂਰਨ ਭਾਰਤ ਅੰਗਰੇਜ਼ੀ ਰਾਜ ਵਿਚ ਮਿਲਾ ਦਿੱਤਾ ਗਿਆ।
1869 ਵਿਚ ਬਾਬਾ ਰਾਮ ਸਿੰਘ ਨੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ ਸੀ। 1871 ਵਿਚ ਗਊ-ਹੱਤਿਆ ਅੰਦੋਲਨ ਵਿਚ ਥਾਉਂ-ਥਾਈਂ ਬੁੱਚੜਾਂ ਨੂੰ ਵੱਢ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਦੇ ਨਾਲ ਕਰਕੇ ਇਕ ਬੁੱਚੜਖਾਨਾ ਖੋਲ੍ਹਿਆ ਗਿਆ ਸੀ ਜਿਸ ਨਾਲ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤ- ਸਰੋਵਰ ਦੀ ਪਵਿੱਤਰਤਾ ਭੰਗ ਹੁੰਦੀ ਸੀ। ਰਾਤੋ-ਰਾਤ ਕਸਾਈਆਂ ਨੂੰ ਕੱਟ-ਵੱਢ ਸੁੱਟਿਆ ਤੇ ਬੁੱਚੜਖਾਨਾ ਢਾਹ ਕੇ ਥਾਂ ਪੱਧਰਾ ਕੀਤਾ ਗਿਆ।
ਮਿਲਟਰੀ ਵਿਚ ਸਿੱਖ-ਸੈਨਿਕਾਂ ਨੇ ਸਾਮਰਾਜੀਆਂ ਵਿਰੁੱਧ ਬਗ਼ਾਵਤ ਫੈਲਾਉਣ ਦਾ ਯਤਨ ਕੀਤਾ ਤੇ 1872 ਈਸਵੀ ਵਿਚ ਸਿੱਖਾਂ ਨੇ ਅਸਲਾਖ਼ਾਨੇ ’ਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਇਸ ਯਤਨ ਵਿਚ ਕੋਤਵਾਲ ਤੇ 7 ਫੌਜੀ ਮਾਰੇ ਗਏ ਪਰ ਲੁਧਿਆਣੇ ਦੇ ਡੀ.ਸੀ. ਨੇ ਫੌਜੀ ਸਹਾਇਤਾ ਤੇ ਰਿਆਸਤਾਂ ਦੀ ਸਹਾਇਤਾ ਨਾਲ ਇਸ ਦਲ ਨੂੰ ਗ੍ਰਿਫ਼ਤਾਰ ਕਰ ਲਿਆ।
1907 ਈਸਵੀ ਵਿਚ ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ) ਨੇ ‘ਪਗੜੀ ਸੰਭਾਲ ਜੱਟਾ’ ਦਾ ਨਾਹਰਾ ਲਗਾ ਕੇ ਅੰਗਰੇਜ਼ ਸਰਕਾਰ ਨੂੰ ਇਕ ਖੁੱਲ੍ਹਾ ਚੈਲੰਜ ਦਿੱਤਾ। ਇਸ ਸਾਲ ਹੀ ਕੈਨੇਡਾ ਵਿਚ ‘ਬੱਬਰ ਅਕਾਲੀ ਲਹਿਰ’ ਤੇ ਕੈਲੇਫੋਰਨੀਆ ਵਿਚ ‘ਗਦਰ ਪਾਰਟੀ’ ਸੰਗਠਨ ਸ਼ੁਰੂ ਕੀਤੇ ਗਏ।
1913 ਈਸਵੀ ਵਿਚ ਬਾਬਾ ਸੋਹਣ ਸਿੰਘ ਜੀ ਭਕਨਾ ਨੇ ‘ਗਦਰ ਪਾਰਟੀ’ ਦੀ ਨੀਂਹ ਰੱਖੀ।
1914 ਈ. ਵਿਚ ਬਾਬਾ ਗੁਰਦਿੱਤ ਸਿੰਘ ਜੀ ਨੇ 376 ਯਾਤਰੂਆਂ (ਜਿਨ੍ਹਾਂ ਵਿਚ 355 ਸਿੱਖ ਸਨ) ਕਾਮਾਗਾਟਾਮਾਰੂ ਜਹਾਜ਼ ਵਿਚ ਪ੍ਰਦੇਸ਼ ਵਿਚ ਵੱਸਦੇ ਦੇਸ਼-ਭਗਤ ਭਾਰਤੀਆਂ ਨੂੰ ਲੈ ਕੇ ਭਾਰਤ ਆਏ ਤਾਂ ਸਾਮਰਾਜ ਨੇ 29 ਦਸੰਬਰ, 1914 ਨੂੰ ਪੰਜਾਹ ਸਿੱਖ ਸ਼ਹੀਦ ਕਰ ਦਿੱਤੇ ਤੇ ਬਾਕੀ ਬੰਦੀ ਬਣਾ ਲਏ। ਇਸ ਦੀ ਖ਼ਬਰ ਜਦ ਬਦੇਸ਼ਾਂ ਵਿਚ ਪੁੱਜੀ ਤਾਂ ਰੋਸ ਭੜਕ ਪਿਆ ਤੇ ਮਨੀਲਾ, ਸ਼ਿੰਘਾਈ, ਜਪਾਨ, ਅਮਰੀਕਾ ਆਦਿ ਵਿਚ ਵੱਸਦੇ 170 ਸਿੱਖਾਂ ਦਾ ਜਥਾ 24 ਅਕਤੂਬਰ, 1914 ਨੂੰ ਭਾਰਤ ਪੁੱਜਾ ਤਾਂ ਸਭ ਨੂੰ ਗ੍ਰਿਫ਼ਤਾਰ ਕਰ ਕੇ ਮਿੰਟਗੁਮਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
1915 ਈ. ਵਿਚ ਸ. ਕਰਤਾਰ ਸਿੰਘ ਸਰਾਭਾ ਨੇ ਭਾਰਤੀ ਫੌਜੀਆਂ ਨੂੰ ਦੇਸ਼ ਦੀ ਸਵਾਧੀਨਤਾ ਦੇ ਜ਼ਜਬੇ ਵਿਚ ਉਤਸ਼ਾਹ ਦੇਣ ਦਾ ਪ੍ਰੋਗਰਾਮ ਬਣਾਇਆ ਪਰ ਸਫ਼ਲ ਨਾ ਹੋਣ ਕਰਕੇ 14 ਨਵੰਬਰ, 1917 ਨੂੰ 12 ਸਿੱਖ ਸਾਥੀਆਂ ਸਮੇਤ ਫਾਂਸੀ ਦੇ ਤਖ਼ਤੇ ’ਤੇ ਲਟਕਾ ਦਿੱਤਾ। ਉਨ੍ਹਾਂ ਦੇ 15 ਸਾਥੀਆਂ ਨੂੰ ਬਾਅਦ ਵਿਚ ਅਦਾਲਤ ਨੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ।
ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ ਦਾ ਖੂਨੀ ਕਾਂਡ ਹੋਇਆ ਜਿਸ ਵਿਚ ਸ਼ਹੀਦ ਹੋਣ ਵਾਲੇ 1300 ਦੇਸ਼-ਭਗਤਾਂ ਵਿਚ 769 ਸਿੱਖ ਸੂਰਬੀਰ ਸਨ।
1922 ਈ. ਵਿਚ ਬੱਬਰ ਅਕਾਲੀ ਲਹਿਰ ਦਾ ਮੁੱਢ ਬੰਨ੍ਹ, ਬੱਬਰਾਂ ਨੇ ਸਾਮਰਾਜ ਦੀ ਪਕੜ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।
ਗੁਰਦੁਆਰਾ ਲਹਿਰ (1921 ਤੋਂ 1924 ਈਸਵੀ) ਅਸਲ ਵਿਚ ਦੇਸ਼ ਦੇ ਸੁਤੰਤਰਤਾ ਅੰਦੋਲਨ ਦਾ ਆਰੰਭ ਸੀ ਜਿਸ ਨੂੰ ਦੇਸ਼ ਦੇ ਕੌਮੀ ਆਗੂਆਂ ਨੇ ਸਵੀਕਾਰ ਕੀਤਾ ਹੈ। ਇਸ ਬਾਬਤ ਉਨ੍ਹਾਂ ਦੇ ਵਿਚਾਰ ਇਸ ਤਰ੍ਹਾਂ ਹਨ:
“ਮੈਂ ਪ੍ਰਣਾਮ ਕਰਦਾ ਹਾਂ ਅਕਾਲੀਆਂ ਨੂੰ ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਘੋਲ ਅਰੰਭਿਆ ਹੈ ਅਤੇ ਅਜ਼ਾਦੀ ਲਈ ਲੜ ਰਹੇ ਹਨ।” (ਪੰਡਤ ਮੋਤੀ ਲਾਲ ਨਹਿਰੂ) “ਗੁਰੂ ਕੇ ਬਾਗ ਵਿੱਚੋਂ ਹੀ ਦੇਸ਼ ਦੀ ਸੁਤੰਤਰਤਾ ਦੀ ਲਹਿਰ ਉੱਠੀ ਹੈ, ਹੁਣ ਇਸ ਨੇ ਹੀ ਦੇਸ਼ ਨੂੰ ਅਜ਼ਾਦ ਕਰਵਾਉਣਾ ਹੈ।” (ਪੰਡਤ ਮਦਨ ਮੋਹਨ ਮਾਲਵੀਆ) “ਅਜ਼ਾਦੀ ਹਰ ਇਕ ਦਾ ਹੱਕ ਹੈ। ਅਸੀਂ ਕਪੁੱਤਰ ਹਾਂ ਪਰ ਅਕਾਲੀ ਸਪੁੱਤਰ ਹਨ ਜਿਹੜੇ ਕਿ ਇਸ ਹੱਕ ਲਈ ਲੜ ਰਹੇ ਹਨ।” (ਲਾਲਾ ਲਾਜਪਤ ਰਾਏ)
“ਸਿੱਖ ਵੀਰਾਂ ਨੇ ਸਾਨੂੰ ਦੇਸ਼-ਸੁਤੰਤਰਤਾ ਦੀ ਪ੍ਰਾਪਤੀ ਦੀ ਜਾਚ ਸਿਖਾ ਦਿੱਤੀ ਹੈ। ਹੁਣ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਬਹੁਤ ਦੇਰ ਤਕ ਗੁਲਾਮ ਨਹੀਂ ਰੱਖ ਸਕਦੀ।” (ਦਾਦਾ ਭਾਈ ਨਾਰੋ ਜੀ)
ਗੁਰੂ ਕੇ ਬਾਗ ਮੋਰਚੇ ਪਿੱਛੋਂ ਸ਼੍ਰੀ ਸੀ.ਐਫ. ਐਂਡਰਿਊਜ਼ ਲਿਖਦਾ ਹੈ :
“ਸ੍ਰੀ ਗੁਰੂ ਨਾਨਕ ਦੇ ਸਿੱਖਾਂ ਨੇ ਦੁਨੀਆਂ ਨੂੰ ਅਹਿੰਸਾ ਦਾ ਇਕ ਨਵਾਂ ਸਬਕ ਸਿਖਾਇਆ ਹੈ।”
ਪੰਡਤ ਮਦਨ ਮੋਹਨ ਮਾਲਵੀਆ ਤਾਂ ਸਿੱਖਾਂ ਦੀ ਕਥਨੀ ਤੇ ਕਰਨੀ ਤੋਂ ਇਤਨਾ ਪ੍ਰਭਾਵਿਤ ਹੋਇਆ ਸੀ ਕਿ ਉਸ ਨੇ ਹਿੰਦੂਆਂ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਜੇ ਬਦੇਸ਼ੀ ਹਕੂਮਤ ਦੀ ਗ਼ੁਲਾਮੀ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਫਿਰ ਹਰ ਹਿੰਦੂ ਘਰ ਨੂੰ ਘੱਟੋ-ਘੱਟ ਆਪਣਾ ਇਕ ਪੁੱਤਰ ਸਿੰਘ ਸਜਾਉਣਾ ਚਾਹੀਦਾ ਹੈ।
ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਪਹਿਲੇ ਸ਼ਹੀਦ ਸ. ਹਜ਼ਾਰਾ ਸਿੰਘ ਦੀ ਵੀਰ ਗਾਥਾ ਸੁਣ ਕੇ ਗਾਂਧੀ ਜੀ ਨੇ ਗੁਰਦੁਆਰਾ ਅਜ਼ਾਦ ਹੋਣ ’ਤੇ ਅਕਾਲੀ ਦਲ ਨੂੰ ਤਾਰ ਦਿੱਤੀ:
“ਮੈਨੂੰ ਦੇਸ਼ ਅਜ਼ਾਦ ਕਰਾਉਣ ਦਾ ਨੁਸਖਾ ਮਿਲ ਗਿਆ ਹੈ। ਗੁਰਦੁਆਰਾ ਅਜ਼ਾਦ ਹੋ ਗਿਆ। ਮੁਬਾਰਕ ਹੋਵੇ। ਹੁਣ ਦੇਸ਼ ਵੀ ਤੁਸੀਂ ਅਜ਼ਾਦ ਕਰਾਉਣਾ ਹੈ।”
ਡਾਕਟਰ ਗੰਡਾ ਸਿੰਘ ਅਨੁਸਾਰ, “ਗੁਰਦੁਆਰਾ ਮੂਵਮੈਂਟ ਵਿਚ 500 ਸਿੱਖ ਸ਼ਹੀਦ ਹੋਏ, 30 ਹਜ਼ਾਰ ਜੇਲ੍ਹਾਂ ਵਿਚ ਗਏ ਅਤੇ 10 ਲੱਖ ਰੁਪਿਆ ਸਿੱਖਾਂ ਨੇ ਜੁਰਮਾਨਾ ਭਰਿਆ।”
ਮਹਾਤਮਾ ਗਾਂਧੀ ਦੀ 1930 ਈ. ਦੀ ਨਾ-ਮਿਲਵਰਤਨ ਲਹਿਰ ਵਿਚ ਬਲੀਦਾਨ ਹੋਣ ਵਿਚ ਸਿੱਖ ਕਿਸੇ ਕੌਮ ਨਾਲੋਂ ਪਿੱਛੇ ਨਹੀਂ ਰਹੇ।
1934 ਈ. ਦਾ ਸਰਬ ਹਿੰਦ ਕਾਂਗਰਸ ਸੈਸ਼ਨ ਬੰਬਈ ਵਿਚ ਹੋਣਾ ਸੀ ਪਰ ਅੰਗਰੇਜ਼ ਸਰਕਾਰ ਨੇ ਪੰਡਾਲ ਨਾ ਲੱਗਣ ਦਾ ਅੜਿੱਕਾ ਡਾਹਿਆ। ਪੰਜਾਬ ਤੋਂ ਮਾਸਟਰ ਤਾਰਾ ਸਿੰਘ ਜੀ ਦੀ ਜਥੇਦਾਰੀ ਹੇਠ ਇਕ ਸੌ ਸਿਰਲੱਥ ਅਕਾਲੀ ਸੂਰਬੀਰਾਂ ਦਾ ਜਥਾ ਇਥੇ ਪੁੱਜਾ ਤੇ ਸਾਮਰਾਜ ਦੇ ਗੁੰਡਿਆਂ ਨੂੰ ਲਲਕਾਰਿਆ। ਇਨ੍ਹਾਂ ਸੂਰਬੀਰਾਂ ਦੀ ਸ੍ਰੀ ਸਾਹਿਬ ਦੇ ਹੇਠ ਹੀ ਉਦੋਂ ਇਥੇ ਸੈਸ਼ਨ ਹੋ ਸਕਿਆ, ਨਹੀਂ ਤੇ ਸਾਮਰਾਜੀ ਸਰਕਾਰ ਨੇ ਉਦੋਂ ਸੈਸ਼ਨ ਫ਼ੇਲ੍ਹ ਕਰਨ ਦੇ ਮਨਸੂਬੇ ਬਣਾ ਰੱਖੇ ਸਨ।
ਦੇਸ਼-ਸਵਾਧੀਨਤਾ ਵਿਚ ਸ. ਕਿਸ਼ਨ ਸਿੰਘ ਗੜਗੱਜ, ਭਾਈ ਈਸ਼ਰ ਸਿੰਘ, ਮਾਸਟਰ ਮੋਤਾ ਸਿੰਘ, ਸ. ਖੜਕ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਭਾਈ ਰਣਧੀਰ ਸਿੰਘ, ਮਾਸਟਰ ਤਾਰਾ ਸਿੰਘ, ਝਬਾਲੀਏ ਭਰਾਵਾਂ ਆਦਿ ਸੈਂਕੜੇ ਅਕਾਲੀ ਸਿੰਘਾਂ ਦੀਆਂ ਸਰਗਰਮੀਆਂ ਉਲੇਖਨੀਯ ਹਨ।
ਸ. ਭਗਤ ਸਿੰਘ ਖਿੜੇ-ਮੱਥੇ ਫਾਂਸੀ ਦੇ ਤਖ਼ਤੇ ’ਤੇ ਚੜ੍ਹ ਗਿਆ।
ਜਨਰਲ ਮੋਹਨ ਸਿੰਘ ਨੇ ਹੋਰਨਾਂ ਦੇਸ਼ਾਂ ਦੀ ਸਹਾਇਤਾ ਨਾਲ ਬਕਾਇਦਾ ਜੰਗ ਲੜਨ ਦੀ ਪਲੈਨ ਬਣਾਈ ਸੀ। ਜਨਰਲ ਮੋਹਨ ਸਿੰਘ ਨੇ ਜਪਾਨ ਵਿਚ ਅਜ਼ਾਦ ਹਿੰਦ ਫੌਜ ਨੂੰ ਸੰਗਠਿਤ ਕੀਤਾ। ਪਰ ਜਦ ਜਨਰਲ ਨੂੰ ਜਪਾਨੀਆਂ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਮਾਸਟਰ ਤਾਰਾ ਸਿੰਘ ਨੂੰ ਮਿਲੇ ਜਨਰਲ ਮੋਹਨ ਸਿੰਘ ਦੇ ਸੁਨੇਹੇ ’ਤੇ ਮਾਸਟਰ ਜੀ ਨੇ ਸੁਭਾਸ਼ ਚੰਦਰ ਬੋਸ ਨੂੰ ਇਥੋਂ ਨਿਕਲ ਜਾਣ ਦੀ, ਜਨਰਲ ਕੋਲ ਪਹੁੰਚਾਉਣ ਦੀ ਵਿਉਂਤ ਬਣਾਈ। ਸੁਭਾਸ਼ ਚੰਦਰ ਬੋਸ ਨੂੰ ਪਹੁੰਚਾਉਣ ਵਾਲੇ ਸਾਰੇ ਸਿੱਖ ਹੀ ਸਨ। ਅਜ਼ਾਦ ਹਿੰਦ ਫੌਜ ਦੀ ਕੁੱਲ ਗਿਣਤੀ 42,000 ਵਿੱਚੋਂ 28,000 ਸਿੱਖ ਸੈਨਿਕ ਸਨ।
1946 ਈ. ਵਿਚ ਬੰਬਈ ਵਿਚ ਨੇਵੀ ਦੇ ਜੁਆਨਾਂ ਦੇ ਵਿਦਰੋਹ ਵਿਚ ਵੀ ਸਿੱਖ ਸੈਨਿਕ ਕਿਸੇ ਨਾਲੋਂ ਘੱਟ ਨਹੀਂ ਸਨ। ਹੇਠਾਂ ਦਿੱਤਾ ਵੇਰਵਾ ਸੁਤੰਤਰਤਾ ਸੰਗਰਾਮ ਵਿਚ ਸਿੱਖ ਕੌਮ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਦੀ ਮੂੰਹ-ਬੋਲਦੀ ਤਸਵੀਰ ਹੈ:
ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਅਜ਼ਾਦ ਹੋਇਆ। ਇਸ ਵਿਚ ਸਿੱਖਾਂ ਨੇ ਆਪਣੀ ਅਬਾਦੀ ਦੇ ਅਨੁਪਾਤ ਤੋਂ ਕਿਤੇ ਵੱਧ ਯੋਗਦਾਨ ਪਾਇਆ।