ਸਿੱਖੀ ਦੀ ਆਨ, ਬਾਨ ਅਤੇ ਸ਼ਾਨ ਦਸਤਾਰ

ਸਿੱਖੀ ਦੀ ਆਨ, ਬਾਨ ਅਤੇ ਸ਼ਾਨ ਦਸਤਾਰ

ਪ੍ਰੋ. ਅੱਛਰੂ ਸਿੰਘ
ਦਸਤਾਰ, ਜਿਸ ਨੂੰ ਪੱਗ ਅਤੇ ਪਗੜੀ ਆਦਿ ਵੀ ਕਿਹਾ ਜਾਂਦਾ ਹੈ, ਸਿੱਖੀ ਦੀ ਵਿਲੱਖਣ ਪਛਾਣ ਹੋਣ ਦੇ ਨਾਲ-ਨਾਲ, ਇਸ ਦੀ ਆਨ, ਬਾਨ ਅਤੇ ਸ਼ਾਨ ਵੀ ਹੈ ਸਰਦਾਰ ਦਾ ਸ਼ਾਬਦਿਕ ਅਰਥ ਪ੍ਰਧਾਨ, ਮੁਖੀਆ, ਚੌਧਰੀ, ਆਗੂ ਅਤੇ ਸ਼ਿਰੋਮਣੀ ਆਦਿ ਹੁੰਦਾ ਹੈ । ਦਸਤਾਰ ਮੂਲ ਰੂਪ ਵਿਚ ਫਾਰਸੀ ਦਾ ਸ਼ਬਦ ਹੈ ਅਤੇ ਇਸ ਦਾ ਸੰਧੀ ਛੇਦ ਦਸਤ-ਏ-ਯਾਰ ਭਾਵ ਪਰਮਾਤਮਾ ਦਾ ਹੱਥ ਬਣਦਾ ਹੈ। ਸਿਰ ’ਤੇ ਸਜੀ ਦਸਤਾਰ ਨਾਲ ਹੀ ਮਨੁੱਖ ਆਪਣੇ ਆਪ ਨੂੰ ਸਰਦਾਰ ਕਹਾਉਣ ਦਾ ਹੱਕਦਾਰ ਬਣਦਾ ਹੈ ਸਿੱਖ ਗੁਰੂ ਸਾਹਿਬਾਨਾਂ ਦੁਆਰਾ ਸਾਨੂੰ ਬਖ਼ਸ਼ੀ ਗਈ ਦਸਤਾਰ ਸਦਕਾ ਹੀ ਅਸੀਂ ਆਪਣੇ ਆਪ ਨੂੰ ਸਰਦਾਰ ਕਹਾਉਣ ਦੇ ਹੱਕਦਾਰ ਹੋਏ ਹਾਂ ਅਤੇ ਵਿਸ਼ਵ ਭਰ ਵਿਚ ਸਾਡੀ ਵਿਲੱਖਣ ਪਛਾਣ ਬਣੀ ਹੈ ਜਦ ਦਸਤਾਰ ਦੇ ਨਾਲ-ਨਾਲ ਉੱਚਾ-ਸੁੱਚਾ ਕਿਰਦਾਰ, ਸੇਵਾ ਭਾਵਨਾ, ਸੁਹਿਰਦਤਾ, ਤਿਆਗ ਭਾਵਨਾ ਅਤੇ ਨਿਮਰਤਾ ਆਦਿ ਗੁਣ ਪੈਦਾ ਹੋ ਜਾਂਦੇ ਹਨ ਤਾਂ ਅਸੀਂ ਸਹੀ ਅਰਥਾਂ ਵਿਚ ਸਰਦਾਰ ਕਹਾਉਣ ਦੇ ਹੱਕਦਾਰ ਹੋ ਜਾਂਦੇ ਹਾਂ ਸਾਡੇ ਵਿਚ ਕਰਤੂਤਿ ਪਸੂ ਕੀ ਮਾਨਸ ਜਾਤਿ ਵਾਲੀ ਕੋਈ ਗੱਲ ਨਹੀਂ ਰਹਿੰਦੀ ਅਤੇ ਅਸੀਂ ਸਹੀ ਅਰਥਾਂ ਵਿਚ ਇਨਸਾਨ ਬਣ ਜਾਂਦੇ ਹਾਂ ਸਿਆਣੇ ਕਹਿੰਦੇ ਹਨ ਕਿ ਮਨੁੱਖ ਦੀ ਪਹਿਚਾਣ ਉਸ ਦੀ ਦਸਤਾਰ, ਗੁਫ਼ਤਾਰ ਅਤੇ ਰਫ਼ਤਾਰ ਨਾਲ ਹੀ ਬਣਦੀ ਹੈ
ਸਿਰ ’ਤੇ ਪਗੜੀ ਸਜਾਉਣਾ ਸਾਡੇ ਪੰਜਾਬੀ ਅਤੇ ਬਹੁਤ ਹੱਦ ਤਕ ਭਾਰਤੀ ਸਭਿਆਚਾਰ ਦਾ ਇਕ ਅਨਿਖੜਵਾਂ ਅੰਗ ਰਿਹਾ ਹੈ। ਸਾਡੇ ਰਾਜੇ ਮਹਾਰਾਜੇ ਆਪਣੇ ਸਿਰਾਂ ’ਤੇ ਕਲਗੀ ਜਾਂ ਤਾਜ ਪਹਿਨਦੇ ਦਿਖਾਏ ਜਾਂਦੇ ਹਨ ਤੇ ਕਿਸੇ ਵੀ ਵਿਅਕਤੀ ਦੇ ਸਿਰ ’ਤੇ ਸਜੀ ਹੋਈ ਦਸਤਾਰ ਇਕ ਤਰ੍ਹਾਂ ਨਾਲ ਉਸ ਦੇ ਸਿਰ ’ਤੇ ਸਜਿਆ ਹੋਇਆ ਤਾਜ ਹੀ ਸਮਝਿਆ ਜਾਂਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਤਾਜ ਜਾਂ ਮੁਕਟ ਕੇਸਾਂ ਨੂੰ ਪਿੱਛੇ ਸੁੱਟ ਕੇ ਨੰਗੇ ਸਿਰ ’ਤੇ ਟੋਪੀ ਵਾਂਗ ਪਹਿਨਿਆਂ ਜਾਂਦਾ ਹੈ ਜਦਕਿ ਕਲਗੀ ਖੂਬਸੂਰਤ ਪੰਜਾਬੀ, ਰਾਜਪੂਤੀ ਜਾਂ ਮਰਾਠੀ ਪਗੜੀ ਉੱਪਰ ਲੰਮੀ ਡੋਰ ਨਾਲ ਪਹਿਨੀ ਜਾਂਦੀ ਹੈ। ਵੈਸੇ ਵੀ ਕਿਸੇ ਵਿਅਕਤੀ ਪ੍ਰਤੀ ਆਪਣੇ ਸਤਿਕਾਰ ਦਾ ਪ੍ਰਗਟਾਵਾ ਕਰਨ ਲਈ ਅਸੀਂ ਆਪਣਾ ਸਿਰ ਢਕ ਲੈਂਦੇ ਹਾਂ। ਸੱਭਿਆਚਾਰਕ ਭਿੰਨਤਾ ਦੀ ਮਿਸਾਲ ਦੇਖੋ-ਯੂਰਪੀਨ ਲੋਕ ਕਿਸੇ ਪ੍ਰਤੀ ਆਪਣੇ ਸਤਿਕਾਰ ਦਾ ਪ੍ਰਗਟਾਵਾ ਆਪਣਾ ਹੈਟ ਉਤਾਰ ਕੇ ਕਰਦੇ ਹਨ! ਪੰਜਾਬ ਵਿਚ ਸਿਰਾਂ ਉੱਪਰ ਪਗੜੀ ਕੇਵਲ ਸਿੱਖ ਲੋਕ ਹੀ ਨਹੀਂ ਸਗੋਂ ਬਹੁਗਿਣਤੀ ਬਾਕੀ ਫਿਰਕਿਆਂ ਦੇ ਲੋਕ ਵੀ ਬੰਨ੍ਹਦੇ ਰਹੇ ਹਨ ਤੇ ਵਿਆਹ-ਸ਼ਾਦੀਆਂ ਵਿਚ ਤਾਂ ਹਿੰਦੂ ਪਰਿਵਾਰਾਂ ਦੇ ਮੁਖੀ ਮਰਦ ਹੁਣ ਤਕ ਵੀ ਆਪਣੇ ਸਿਰਾਂ ਉੱਪਰ ਪਗੜੀਆਂ ਸਜਾਉਂਦੇੇ ਹਨ। ਸਿੱਖ ਪਰਿਵਾਰਾਂ ਵਿਚ ਪੱਗ ਨੂੰ ਅਣਖ, ਇੱਜ਼ਤ, ਜਿੰਮੇਵਾਰੀ ਅਤੇ ਸ਼ਾਨ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਕਿਸੇ ਦੇ ਪੈਰੀਂ ਪੱਗ ਧਰਨ ਦਾ ਭਾਵ ਹੁੰਦਾ ਹੈ ਬਿਲਕੁਲ ਹੀ ਨਿਵ ਜਾਣਾ ਜਾਂ ਮਿੰਨਤ ਕਰਨੀ। ਪੱਗ ਨੂੰ ਦਾਗ ਜਾਂ ਲਾਜ ਲਾਉਣ ਤੋਂ ਭਾਵ ਹੁੰਦਾ ਹੈ ਘੋਰ ਅਪਮਾਨ ਕਰਨਾ। ਪੱਗ ਦੇਣ ਤੋਂ ਭਾਵ ਹੁੰਦਾ ਹੈ ਜ਼ਿੰਮੇਵਾਰੀ ਸੌਂਪਣਾ। ਸਾਰੇ ਹੀ ਸਿੱਖ ਗੁਰੂ ਆਪਣੇ ਸਿਰਾਂ ’ਤੇ ਦਸਤਾਰ ਸਜਾਉਂਦੇ ਸਨ ਅਤੇ ਆਪਣੇ ਜਾਨਸ਼ੀਨ ਨੂੰ ਗੱਦੀ ਦੇਣ ਸਮੇਂ ਉਸ ਨੂੰ ਦਸਤਾਰ ਨਾਲ ਨਿਵਾਜਦੇ ਸਨ। ਮਾਤਾ ਜਾਂ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਲੜਕੇ ਜਾਂ ਲੜਕਿਆਂ ਦੇ ਸਿਰ ਪੱਗ ਬੰਨ੍ਹਾਈ ਜਾਂਦੀ ਹੈ ਜਿਸ ਦਾ ਭਾਵ ਹੁੰਦਾ ਹੈ ਕਿ ਇਸ ਤੋਂ ਬਾਅਦ ਮ੍ਰਿਤਕ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਲੜਕੇ ਜਾਂ ਲੜਕਿਆਂ ਨੇ ਉਠਾਉਣੀ ਹੈ। ਜੇਕਰ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਵੇ ਤੇ ਉਸ ਨੂੰ ਉਸਦੇ ਦਿਓਰ ਜਾਂ ਕਿਸੇ ਹੋਰ ਮਰਦ ਦੇ ਲੜ ਲਾਉਣਾ ਹੋਵੇ ਤਾਂ ਉਸ ਨੂੰ ਪੱਗ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਰਿਸ਼ਤਾ ਸਥਾਪਤ ਕਰਨ ਨੂੰ ਚਾਦਰ ਪਾਉਣੀ ਜਾਂ ਕਰੇਵਾ ਕਰਨਾ ਵੀ ਕਿਹਾ ਜਾਂਦਾ ਹੈ। ਪੱਗ ਰੋਲਣ ਤੋਂ ਸਿੱਧਾ ਭਾਵ ਇੱਜ਼ਤ ਰੋਲਣਾ ਹੁੰਦਾ ਹੈ।
ਪੱਗਾਂ ਮਲਮਲ, ਵਾਇਲ ਜਾਂ ਰੁਬੀਆ ਵਾਇਲ ਦੀਆਂ ਹੁੰਦੀਆਂ ਹਨ। ਪੱਗਾਂ ਨੂੰ ਸਿਰਾਂ ਉੱਪਰ ਬੇਤਰਤੀਬੇ ਜਿਹੇ ਢੰਗ ਨਾਲ ਵੀ ਲਪੇਟ ਲਿਆ ਜਾਂਦਾ ਹੈ ਤੇ ਪੋਚ ਕੇ ਵੀ ਬੰਨ੍ਹ?ਆ ਜਾਂਦਾ ਹੈ। ਪਹਿਲਾਂ ਪੱਗਾਂ ਨੂੰ ਘਰਾਂ ਵਿਚ ਜਾਂ ਲਲਾਰੀਆਂ ਤੋਂ ਮਾਵਾ ਦਿਵਾ ਕੇ ਬੰਨ੍ਹਣ ਦਾ ਰਿਵਾਜ ਸੀ। ਮਾਵਾ ਦਿੱਤੀ ਪੱਗ ਨੂੰ ਪਾਣੀ ਦੇ ਛਿੱਟੇ ਮਾਰ ਕੇ ਬੰਨ੍ਹ ਲਿਆ ਜਾਂਦਾ ਸੀ ਤੇ ਫਿਰ ਕਈ ਕਈ ਦਿਨ ਉਸ ਨੂੰ ਟੋਪੀ ਵਾਂਗ ਹੀ ਮੁੜ ਸਿਰ ’ਤੇ ਧਰ ਲਿਆ ਜਾਂਦਾ ਸੀ। ਇਹ ਪੱਗਾਂ ਇਕਹਿਰੇ ਪਨ੍ਹੇ ਦੀਆਂ ਹੁੰਦੀਆਂ ਸਨ ਅਤੇ ਇਨ੍ਹਾਂ ਦੀ ਲੰਬਾਈ ਪੰਜ ਕੁ ਗਜ਼ ਜਾਂ ਮੀਟਰ ਹੁੰਦੀ ਸੀ। ਕੁਝ ਸਮੇਂ ਬਾਅਦ ਰੁਬੀਆ ਵਾਇਲ ਜਾਂ ਪਿਓਰ ਵਾਇਲ ਦੀਆਂ ਪੱਗਾਂ ਦਾ ਰਿਵਾਜ ਸ਼ੁਰੂ ਹੋ ਗਿਆ। ਇਨ੍ਹਾਂ ਪੱਗਾਂ ਦੀ ਲੰਬਾਈ 7 ਮੀਟਰ ਜਾਂ ਇਸ ਤੋਂ ਵੱਧ ਹੁੰਦੀ ਹੈ ਅਤੇ ਇਨ੍ਹਾਂ ਦੇ ਵਿਚਕਾਰ ਸੀਣ ਪਾ ਕੇ ਇਨ੍ਹਾਂ ਨੂੰ ਦੂਹਰੇ ਪਨ੍ਹੇ ਦੀਆਂ ਕਰ ਲਿਆ ਜਾਂਦਾ ਹੈ। ਇਨ੍ਹਾਂ ਨੂੰ ਮਾਵਾ ਦਿਵਾਉਣ ਦੀ ਲੋੜ ਨਹੀਂ ਹੁੰਦੀ ਅਤੇ ਇਨ੍ਹਾਂ ਨੂੰ ਅਕਸਰ ਹਰ ਰੋਜ਼ ਹੀ ਬੰਨ੍ਹਣਾ ਪੈਂਦਾ ਹੈ।
ਕਿਸੇ ਸਮੇਂ ਚੀਰੇ (ਲਹਿਰੀਏ ਵਾਲੀਆਂ ਪੱਗਾਂ) ਜਾਂ ਛਾਪੇਦਾਰ ਪੱਗਾਂ ਬੰਨ੍ਹਣ ਦਾ ਰਿਵਾਜ ਵੀ ਪ੍ਰਚੱਲਿਤ ਰਿਹਾ ਹੈ ਜੋ ਹੁਣ ਕਾਫੀ ਘਟ ਚੁੱਕਾ ਹੈ। ਇਹ ਪੱਗਾਂ ਵਧੇਰੇ ਕਰਕੇ ਪਾਕਿਸਤਾਨ ਦੇ ਪੋਠੋਹਾਰ ਅਤੇ ਕੁਝ ਹੋਰ ਇਲਾਕਿਆਂ ਵਿਚੋਂ ਆਏ ਲੋਕ ਬੰਨ੍ਹਦੇ ਸਨ ਅਤੇ ਉਹ ਇਨ੍ਹਾਂ ਨੂੰ ਬੰਨ੍ਹਦੇ ਵੀ ਵਿਸ਼ੇਸ਼ ਅੰਦਾਜ਼ ਵਿਚ ਸਨ। ਇਹ ਲੋਕ ਇੱਕ ਦੂਜੇ ਨੂੰ ਵਧੇਰੇ ਕਰਕੇ ਭਰਾ ਜੀ ਜਾਂ ਭਾਪਾ ਜੀ ਕਹਿ ਕੇ ਸੰਬੋਧਨ ਕਰਦੇ ਸਨ ਜਿਸ ਕਾਰਨ ਇਧਰਲੇ ਪੰਜਾਬ ਵਿਚ ਉਨ੍ਹਾਂ ਨੂੰ ਭਾਪਾ ਜਾਂ ਭਾਪੇ ਕਿਹਾ ਜਾਣ ਲੱਗ ਪਿਆ। ਪਟਿਆਲਾ ਸ਼ਾਹੀ ਪੱਗ ਪੂਰੇ ਪੰਜਾਬ ਭਰ ਵਿਚ ਪ੍ਰਸਿੱਧ ਹੈ। ਮੇਲਿਆਂ-ਮੁਸਾਹਬਿਆਂ ਵਿਚ ਗੱਭਰੂ ਤੁਰਲ੍ਹੇ ਜਾਂ ਸ਼ਮਲੇ ਵਾਲੀਆਂ ਪੱਗਾਂ ਵੀ ਬੰਨ੍ਹ ਕੇ ਜਾਂਦੇ ਰਹੇ ਹਨ। ਸਟੇਜਾਂ ’ਤੇ ਭੰਗੜਾ ਪਾ ਰਹੇ ਗੱਭਰੂਆਂ ਦੇ ਸਿਰਾਂ ’ਤੇ ਅੱਜ ਵੀ ਤੁਰਲ੍ਹੇ ਵਾਲੀਆਂ ਪੱਗਾਂ ਦੇਖੀਆਂ ਜਾ ਸਕਦੀਆਂ ਹਨ। ਟੌਰੇ ਵਾਲੀ ਪੱਗ ਜਾਂ ਤਾਂ ਬਿਲਕੁਲ ਸਧਾਰਨ ਤੇ ਜਾਂ ਫਿਰ ਵੈਲੀ ਸੁਭਾਅ ਦੇ ਲੋਕਾਂ ਦੇ ਸਿਰਾਂ ਉੱਪਰ ਦੇਖੀ ਜਾ ਸਕਦੀ ਸੀ। ਗੁਰੂ ਕੀ ਲਾਡਲੀ ਫ਼ੌਜ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਦੀਆਂ ਪੱਗਾਂ ਆਪਣੇ ਵਡੇਰੇ ਰੂਪ ਅਤੇ ਅਕਾਰ ਕਾਰਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀਆਂ ਹਨ। ਨਾਮਧਾਰੀ ਸੰਪਰਦਾਇ ਦੇ ਸ਼ਰਧਾਲੂ ਚਿੱਟੇ ਰੰਗ ਦੀਆਂ ਗੁਲਾਈਦਾਰ ਪੱਗਾਂ ਬੰਨ੍ਹਦੇ ਹਨ। ਬਜ਼ਾਰ ਵਿਚ ਅਨੇਕ ਰੰਗਾਂ ਦੀਆਂ ਪੱਗਾਂ ਉਪਲਬਧ ਹਨ ਅਤੇ ਹਰ ਕੋਈ ਆਪਣੀ ਪਸੰਦ ਅਨੁਸਾਰ ਰੰਗਾਂ ਦੀ ਚੋਣ ਕਰ ਸਕਦਾ ਹੈ।
ਪੱਗ ਮੁੱਖ ਤੌਰ ’ਤੇ ਜਨਤਕ ਅਤੇ ਉਪਚਾਰਕ ਪਹਿਰਾਵਾ ਹੈ ਅਤੇ ਕੰਮ-ਕਾਜ ’ਤੇ ਜਾਣ ਸਮੇਂ ਜਾਂ ਕਿਸੇ ਸਮਾਗਮ ਆਦਿ ਵਿਚ ਸ਼ਾਮਿਲ ਹੋਣ ਸਮੇਂ ਇਸ ਦਾ ਸਿਰ ’ਤੇ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਅੱਜ-ਕੱਲ੍ਹ ਛੋਟੇ ਬੱਚੇ ਸਿਰਾਂ ਉਪਰ ਤਣੀਆਂ ਵਾਲੇ ਪਟਕੇ ਬੰਨ੍ਹ ਕੇ ਬਾਹਰ ਜਾਂਦੇ ਹਨ ਪਰ ਸਾਡੇ ਸਮੇਂ ਅਜਿਹੇ ਪਟਕਿਆਂ ਦਾ ਰਿਵਾਜ ਨਹੀਂ ਹੁੰਦਾ ਸੀ ਅਤੇ ਅਸੀਂ ਜਦ ਤਕ ਪੱਗ ਬੰਨ੍ਹਣੀ ਨਹੀਂ ਸਿੱਖੇ, ਆਪਣੇ ਜੂੜਿਆਂ ਉਪਰ ਰੁਮਾਲ ਹੀ ਬੰਨ੍ਹਦੇ ਸੀ। ਕਦੀ-ਕਦੀ ਸਾਡੇ ਪਿਤਾ ਜੀ ਜਾਂ ਚਾਚਾ ਜੀ ਸਾਡੇ ਸਿਰਾਂ ’ਤੇ ਪੱਗ ਵੀ ਬੰਨ੍ਹ ਦਿੰਦੇ ਸਨ ਤੇ ਇਹ ਪੱਗ ਜਾਂ ਤਾਂ ਪਿਤਾ ਜੀ ਦੀ ਕਿਸੇ ਪੁਰਾਣੀ ਪੱਗ ਦਾ ਟੋਟਾ ਹੁੰਦੀ ਸੀ ਅਤੇ ਜਾਂ ਸਾਡੀ ਮਾਤਾ ਜੀ ਦੀ ਕੋਈ ਮੋਟੀ ਜਿਹੀ ਚੁੰਨੀ। ਘਰਾਂ ਵਿਚ ਮਰਦ ਆਪਣੇ ਸਿਰਾਂ ਉੱਪਰ ਦੋ ਢਾਈ ਮੀਟਰ ਦੇ ਪਟਕੇ, ਸਿਰੋਪੇ ਜਾਂ ਸਧਾਰਨ ਪਰਨੇ ਹੀ ਬੰਨ੍ਹ ਕੇ ਕੰਮ ਚਲਾਉਂਦੇ ਹਨ ਅਤੇ ਇਨ੍ਹਾਂ ਪਰਨਿਆਂ ਨੂੰ ਸਾਫ਼ਾ ਜਾਂ ਸਾਫ਼ੀ ਵੀ ਕਿਹਾ ਜਾਂਦਾ ਹੈ। ਭਾਰ ਆਦਿ ਚੁੱਕਣ ਸਮੇਂ ਸਿਰ ’ਤੇ ਭਾਰੀ ਕੱਪੜੇ ਦਾ ਮੰਡਾਸਾ ਵੀ ਮਾਰ ਲਿਆ ਜਾਂਦਾ ਹੈ। ਛੋਟੇ ਬੱਚਿਆਂ ਦਾ ਠੰਢ ਤੋਂ ਬਚਾਅ ਕਰਨ ਲਈ ਕੱਪੜੇ ਦੇ ਚੌਰਸ ਟੋਪੇ ਬਣਾਏ ਜਾਂਦੇ ਸਨ। ਇਹ ਟੋਪੇ ਸਿਲਾਈ ਜਾਣਦੀਆਂ ਔਰਤਾਂ ਅਕਸਰ ਘਰ ਵਿਚ ਹੀ ਸਿਉਂ ਲੈਂਦੀਆਂ ਸਨ। ਮੈਂ ਆਪਣੀ ਮਾਤਾ ਨੂੰ ਅਜਿਹੇ ਬਥੇਰੇ ਟੋਪੇ ਬਣਾਉਂਦੇ ਹੋਏ ਦੇਖਿਆ ਹੈ। ਕੁਝ ਵੱਡੇ ਬੱਚੇ ਆਪਣੇ ਸਿਰਾਂ ਉੱਪਰ ਬਜ਼ਾਰੂ ਗੁਲੂਬੰਦ ਜਾਂ ਮਫਲਰ ਵੀ ਲਪੇਟ ਲੈਂਦੇ ਸਨ। ਸਿਰ ਉੱਪਰ ਕੋਈ ਨਾ ਕੋਈ ਕੱਪੜਾ ਲਪੇਟਣਾ ਧੂੜ-ਮਿੱਟੀ ਅਤੇ ਠੰਢ-ਠੁੱਕਰ ਤੋਂ ਬਚਾਅ ਲਈ ਅੱਜ ਵੀ ਜ਼ਰੂਰੀ ਸਮਝਿਆ ਜਾਂਦਾ ਹੈ। ਬਹੁਤ ਸਾਰੇ ਸਿੱਖ ਪਰਿਵਾਰਾਂ ਵਿਚ ਲੜਕੇ ਦੀ ਬਚਪਨ ਵਿਚ ਦਸਤਾਰਬੰਦੀ ਦੀ ਰਸਮ ਕੀਤੀ ਜਾਂਦੀ ਹੈ। ਪਹਿਲੀ ਪੱਗ ਅਕਸਰ ਬੱਚੇ ਦੇ ਨਾਨਕੇ ਲੈ ਕੇ ਆਉਂਦੇ ਹਨ।
ਸਾਨੂੰ ਦਸਤਾਰ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਸ ਦਾ ਦਿਲੋਂ ਆਦਰ ਕਰਨਾ ਚਾਹੀਦਾ ਹੈ। ਇਹ ਹੀ ਸਾਡੀ ਆਨ, ਬਾਨ, ਸ਼ਾਨ ਅਤੇ ਮਾਣ ਹੈ।