ਸਿੱਖਾਂ ਸਮੇਤ ਹਰ ਵਰਗ ਤੱਕ ਪਹੁੰਚਣ ਵਰਕਰ: ਮੋਦੀ

ਸਿੱਖਾਂ ਸਮੇਤ ਹਰ ਵਰਗ ਤੱਕ ਪਹੁੰਚਣ ਵਰਕਰ: ਮੋਦੀ

ਪਾਰਟੀ ਵਰਕਰਾਂ ਨੂੰ 2024 ਦੀਆਂ ਆਮ ਚੋਣਾਂ ਲਈ ਡਟਣ ਦਾ ਦਿੱਤਾ ਸੱਦਾ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ ਨੂੰ ਸਿੱਖਾਂ, ਬੋਹਰਾ ਤੇ ਪਸਮਾਂਦਾ ਜਿਹੇ ਘੱਟ ਗਿਣਤੀ ਭਾਈਚਾਰਿਆਂ ਸਮੇਤ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਅਤੇ ਚੋਣਾਂ ਸਬੰਧੀ ਕਿਸੇ ਲਾਹੇ ਦੀ ਇੱਛਾ ਰੱਖੇ ਬਿਨਾਂ ਉਨ੍ਹਾਂ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ’ਚ ਤਕਰੀਬਨ 400 ਦਿਨ ਬਚੇ ਹਨ ਤੇ ਇਸ ਲਈ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਪੂਰੀ ਸ਼ਿੱਦਤ ਨਾਲ ਸਮਾਜ ਦੇ ਹਰ ਵਰਗ ਦੀ ਸੇਵਾ ’ਚ ਜੁੱਟ ਜਾਣ। ਮੀਟਿੰਗ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਦੇ ਪੇਸ਼ੇਵਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਜੁੜਨ ਲਈ ਯੂਨੀਵਰਸਿਟੀਆਂ ਤੇ ਚਰਚਾਂ ਜਿਹੀਆਂ ਥਾਵਾਂ ਦਾ ਦੌਰਨ ਕਰਨ ਨੂੰ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਲਈ ਸਭ ਤੋਂ ਵਧੀਆ ਸਮਾਂ ਆਉਣ ਵਾਲਾ ਹੈ। ਇਸ ਲਈ ਅਜਿਹੇ ’ਚ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਸਾਰਿਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ।’

ਉਨ੍ਹਾਂ ਭਾਜਪਾ ਕਾਰਕੁਨਾਂ ਨੂੰ ਇਹ ਸੱਦਾ ਵੀ ਦਿੱਤਾ ਕਿ ਉਹ ‘ਅੰਮ੍ਰਿਤ ਕਾਲ’ ਨੂੰ ‘ਕਰਤੱਵ ਕਾਲ’ ’ਚ ਬਦਲਣ ਲਈ ਆਪਣੀ ਪੂਰੀ ਤਾਕਤ ਲਗਾ ਦੇਣ ਤਾਂ ਜੋ ਦੇਸ਼ ਨੂੰ ਤੇਜ਼ੀ ਨਾਲ ਅੱਗੇ ਲਿਜਾਇਆ ਜਾ ਸਕੇ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਨੂੰ ਆਤਮ ਵਿਸ਼ਵਾਸ ਦੀ ਭਾਵਨਾ ਪ੍ਰਤੀ ਵੀ ਚੌਕਸ ਕੀਤਾ ਅਤੇ 1998 ’ਚ ਮੱਧ ਪ੍ਰਦੇਸ਼ ’ਚ ਭਾਜਪਾ ਦੀ ਹਾਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਦਿਗਵਿਜੈ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਤੋਂ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਹੁਣ ਸਿਰਫ਼ ਸਿਆਸੀ ਅੰਦੋਲਨ ਨਹੀਂ ਹੈ ਬਲਕਿ ਇਹ ਇੱਕ ਸਮਾਜਕ ਅੰਦੋਲਨ ’ਚ ਬਦਲ ਗਈ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ 18 ਤੋਂ 25 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ। ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਜਾਣਕਾਰੀ ਦਿੱਤੀ।
ਨੱਢਾ ਦੀ ਅਗਵਾਈ ਹੇਠ ਹੀ ਚੋਣਾਂ ਲੜੇਗੀ ਭਾਜਪਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਨੇ ਅੱਜ ਸਰਬਸੰਮਤੀ ਨਾਲ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੱਢਾ ਦੀ ਅਗਵਾਈ ਹੇਠ 2024 ਦੀਆਂ ਲੋਕ ਸਭਾ ਚੋਣਾਂ ’ਚ 2019 ਨਾਲੋਂ ਵੀ ਵੱਡੇ ਫਰਕ ਨਾਲ ਜਿੱਤੇਗੀ। ਸ਼ਾਹ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਨੱਢਾ ਦਾ ਕਾਰਜਕਾਲ ਅਗਲੇ ਸਾਲ ਜੂਨ ਤੱਕ ਵਧਾਉਣ ਸਬੰਧੀ ਮਤਾ ਪੇਸ਼ ਕੀਤਾ ਜਿਸ ਨੂੰ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਭਾਜਪਾ ਦਾ ਸੰਸਦੀ ਬੋਰਡ ਨੱਢਾ ਦੇ ਕਾਰਜਕਾਲ ’ਚ ਵਾਧੇ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕਾ ਹੈ। ਸ਼ਾਹ ਨੇ ਕਿਹਾ, ‘ਮੈਂ ਪਾਰਟੀ ਵੱਲੋਂ ਨੱਢਾ ਦਾ ਉਨ੍ਹਾਂ ਦੀਆਂ ਪਾਰਟੀ ਲਈ ਦਿੱਤੀਆਂ ਸੇਵਾਵਾਂ ਤੇ ਯੋਗਦਾਨ ਲਈ ਧੰਨਵਾਦ ਕਰਦਾ ਹਾਂ ਤੇ ਉਨ੍ਹਾਂ ਦੀ ਭਵਿੱਖ ਦੀ ਪਾਰੀ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ।’ ਸ਼ਾਹ ਨੇ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਨੱਢਾ ਦੀ ਅਗਵਾਈ ਹੇਠ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ 2019 ਨਾਲੋਂ ਵੀ ਵੱਡੇ ਫਰਕ ਨਾਲ ਜਿੱਤ ਕਰੇਗੀ।