ਸਿੱਖਾਂ ਲਈ ਸਿਰ ਦੇ ਤਾਜ ‘ਪੱਗ’ ਦੀ ਥਾਂ ਹੈਲਮਟ ਨਹੀਂ ਲੈ ਸਕਦਾ: ਬੀਬੀ ਜਗੀਰ ਕੌਰ

ਸਿੱਖਾਂ ਲਈ ਸਿਰ ਦੇ ਤਾਜ ‘ਪੱਗ’ ਦੀ ਥਾਂ ਹੈਲਮਟ ਨਹੀਂ ਲੈ ਸਕਦਾ: ਬੀਬੀ ਜਗੀਰ ਕੌਰ

ਪੱਗ ਦੀ ਥਾਂ ਹੈਲਮੇਟ ਦੇਣਾ ਸਿੱਖੀ ਪਛਾਣ ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ

ਜਲੰਧਰ- ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਫੌਜ਼ੀਆਂ ਲਈ ਪੱਗੜੀ ਦੀ ਥਾਂ ਲੋਹਟੋਪ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ਼ ਬਿਆਨ ਵਿੱਚ ਕਿਹਾ ਕਿ ਸਿੱਖਾਂ ਲਈ ਪੱਗ 8 ਜਾਂ 10 ਮੀਟਰ ਦਾ ਕੱਪੜਾ ਨਹੀਂ ਸਗੋਂ ਇਹ ਸਿੱਖੀ ਦੀ ਪਛਾਣ ਹੈ। ਇਹ ਪੰਥ ਦੀ ਸ਼ਾਨ ਹੈ। ਇਸ ਦੀ ਥਾਂ ਕੋਈ ਵੀ ਦੂਸਰੀ ਚੀਜ਼ ਲੈ ਹੀ ਨਹੀਂ ਸਕਦੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇੱਕ ਡੂੰਘੀ ਸਾਜਿ਼ਸ਼ ਲੱਗ ਰਹੀ ਹੈ ਜਿਸ ਰਾਹੀ ਸਿੱਖਾਂ ਦੀ ਪਛਾਣ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲੋਹਟੋਪ ਨੂੰ ਕੋਈ ਸਿੱਖ ਫੌਜ਼ੀ ਨਹੀਂ ਪਾ ਸਕਦਾ ਕਿਉਂਕਿ ਪੱਗੜੀ ਸਿੱਖ ਧਰਮ ਤੇ ਸੱਭਿਆਚਾਰ ਦੀ ਪਛਾਣ ਹੈ। ਸਿੱਖ ਕੌਮ `ਤੇ ਹਰ ਸਮੇਂ ਕੋਈ ਨਾ ਕੋਈ ਹਮਲਾ ਹੁੰਦਾ ਹੀ ਰਹਿੰਦਾ ਹੈ। ਅਜਿਹਾ ਹੀ ਕੋਝਾ ਯਤਨ ਕਿਸਾਨ ਅੰਦੋਲਨ ਵੇਲੇ ਵੀ ਕੀਤਾ ਗਿਆ ਸੀ ਜਦੋਂ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਗੋਦੀ ਮੀਡੀਆ ਵੱਲੋਂ ਅਤਿਵਾਦੀ -ਵੱਖਵਾਦੀ ਕਹਿ-ਕਹਿ ਕੇ ਭੰਡਣ ਦਾ ਯਤਨ ਕੀਤਾ ਸੀ ਪਰ ਇਸ ਵਿੱਚ ਹਕੂਮਤਾਂ ਨੂੰ ਸਫਲਤਾ ਨਹੀਂ ਸੀ ਮਿਲ ਸਕੀ। ਪੱਗ ਦੀ ਥਾਂ ਲੋਹੇ ਦਾ ਹੈਲਮੇਟ ਦੇਣਾ, ਇਹ ਇੱਕ ਬਹੁਤ ਸੋਚੀ ਸਮਝੀ ਤੇ ਡੂੰਘੀ ਸਜਿ਼ਸ਼ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਸਿੱਖ ਫੌਜ਼ੀਆਂ ਨੇ ਲੋਹਟੋਪ ਨਹੀਂ ਸੀ ਪਹਿਨਿਆ ਸਗੋਂ ਪੱਗੜੀ ਬੰਨ ਕੇ ਲੜਾਈ ਲੜੀ ਸੀ।