ਸਿੱਖਾਂ ਨਾਲ ਬੇਇਨਸਾਨੀ ਦੇ ਪੂਰੀ ਦੁਨੀਆ ਵਿਚ ਚਰਚੇ

ਸਿੱਖਾਂ ਨਾਲ ਬੇਇਨਸਾਨੀ ਦੇ ਪੂਰੀ ਦੁਨੀਆ ਵਿਚ ਚਰਚੇ

14 ਫ਼ਰਵਰੀ 2024 ਨੂੰ ਵਾਸ਼ਿੰਗਟਨ ਡੀ ਸੀ ਵਿਖੇ ਟਰਾਂਸਨੈਸ਼ਨਲ ਰਿਪ੍ਰੇਸ਼ਨ ਤੇ ਯੂ ਐੱਸ ਕਾਂਗਰਸਨਿਲ ਬਰੀਫਿੰਗ ਹੋਈ। ਜਿਸ ਵਿੱਚ ਯੂ ਐੱਨ ਅੰਡਰ ਸੈਕਟਰੀ ਜਨਰਲ ਐਲਸ ਵੈਰਮੁ ਨਡੇਰਿਤੁ ਦੀ ਮੌਜਦੂਗੀ ਵਿੱਚ ਡਾ. ਇਕਤਿਦਾਰ ਚੀਮਾ ਮੈਂਬਰ ਯੂ ਐੱਨ ਗਲੋਬਲ ਸਟੇਅਰਿੰਗ ਕਮੇਟੀ ਵੱਲੋਂ ਸਾਕਾ ਨਕੋਦਰ ਦੀ ਬੇਇਨਸਾਫ਼ੀ ਦਾ ਮੁੱਦਾ ਬਹੁਤ ਜ਼ੋਰਦਾਰ ਤਰੀਕੇ ਨਾਲ ਉਭਾਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪ ਬਣਾਏ ਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ ਕੀਤੀ ਅਦਾਲਤੀ ਜਾਂਚ ਜੋ ਕਿ ਸਰਕਾਰ ਨੂੰ 31 ਅਕਤੂਬਰ 1986 ਨੂੰ ਸੌਂਪ ਦਿੱਤੀ ਗਈ ਸੀ, ਨੂੰ ਨਾ ਤਾਂ ਅੱਜ ਤੱਕ ਜਨਤਕ ਕੀਤਾ ਗਿਆ ਹੈ ਤੇ ਨਾ ਹੀ ਇਸ ਤੇ ਵਿਧਾਨ ਸਭਾ ਵਿੱਚ ਚਰਚਾ ਕਰਵਾਈ ਅਤੇ ਨਾ ਹੀ ਅੱਜ ਤੱਕ ਇਸ ’ਤੇ ਕੋਈ ਕਾਰਵਾਈ ਰਿਪੋਰਟ ਕੀਤੀ ਗਈ ਹੈ, ਉਲਟਾ ਇਸ ਰਿਪੋਰਟ ਦਾ ਮਹੱਤਵਪੂਰਨ ਹਿੱਸਾ ਭੇਦ ਭਰੇ ਤਰੀਕੇ ਨਾਲ ਸਰਕਾਰੀ ਰਿਕਾਰਡਾਂ ਵਿੱਚੋਂ ਗਾਇਬ ਕਰਵਾ ਦਿੱਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਉਸ ਮੁਲਕ ਦੀਆਂ ਸਰਕਾਰਾਂ ਆਪਣੇ ਸੰਵਿਧਾਨ ਦੀ ਵੀ ਪਾਲਣਾ ਕਰਨ ਤੋਂ ਇਨਕਾਰੀ ਹਨ, ਉੱਥੋਂ ਦੇ ਕਾਨੂੰਨ ਮੁਤਾਬਿਕ ਅਦਾਲਤੀ ਜਾਂਚ ਰਿਪੋਰਟ ਮਿਲਣ ਉਪਰੰਤ ਇਸ ਨੂੰ 6 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੀ ਸਲੀਬ ਤੇ ਰੱਖ ਰਿਪੋਰਟ ਵਿਚਲੇ ਤੱਥਾਂ ’ਤੇ ਚਰਚਾ ਕਰਵਾ, ਉਸਤੇ ਕਾਰਵਾਈ ਰਿਪੋਰਟ ਜਾਰੀ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਚਾਰਾਜ਼ੋਈ ਕਰਨੀ ਹੁੰਦੀ ਹੈ, ਪਰ ਲਗਭਗ ਚਾਰ ਦਹਾਕਿਆਂ ਬਾਅਦ ਵੀ ਪ੍ਰੀਵਾਰਾਂ ਵੱਲੋਂ ਵਾਰ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਰਿਪੋਰਟ ਅਜੇ ਤੱਕ ਸਰਕਾਰਾਂ ਵੱਲੋਂ ਦੱਬੀ ਹੋਈ ਹੈ। ਜ਼ਿਕਰਯੋਗ ਹੈ ਕਿ ਕੈਲੀਫ਼ੋਰਨੀਆ ਦੇ ਸ਼ਹਿਰਾਂ ਸੈਨਹੋਜ਼ੇ, ਸੈਂਟਾ ਕਲਾਰਾ, ਮਨਟੀਕਾ, ਐਲਕ ਗਰੋਵ, ਲੈਥਰੋਪ, ਮਿਲਪੀਟਸ, ਲਿਵਿੰਗਸਟਨ, ਸਟਾਕਟਨ, ਲੋਡਾਈ ਤੇ ਕਰਮਨ ਵੱਲੋਂ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ। ਯੂ ਐਸ ਕਾਂਗਰਸ ਵਲੋਂ ਵੀ ਮਤੇ 908 ਰਾਹੀਂ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ ਹੋਈ ਹੈ। ਅਮਰੀਕਨ ਸਿੱਖ ਕਾਕੇਸ ਕਮੇਟੀ ਵਲੋਂ ਕਾਰਵਾਈ ਇਸ ਕਾਂਗਰਸਨਿਲ ਬਰੀਫਿੰਗ ਵਿੱਚ ਫਰੀਡਮ ਹਾਊਸ ਦੀ ਡਿਪਟੀ ਡਾਇਰੈਕਟਰ ਕੇਟੀ ਲਾਰੋਕ ਤੇ ਅੰਤਰਰਾਸ਼ਟਰੀ ਧਾਰਮਿਕ ਤੇ ਰਾਜਨੀਤਕ ਕੇਂਦਰ ਦੀ ਮੀਤ ਪ੍ਰਧਾਨ ਮਾਰਟਿਨ ਮਿੱਲਰ ਵੀ ਐਕਸਪਰਟ ਪੈਨਲ ਵਿੱਚ ਸ਼ਾਮਿਲ ਸਨ। ਕਾਂਗਰਸਮੇਨ ਡੇਵਿਡ ਵਾਲਾਡਾਓ, ਡੋਨਲਡ ਨੋਰਕਰੋਸ, ਪੀਟ ਸੈਸ਼ਨਜ਼, ਪੈਟਰਿਕ ਮਹਾਂਨ, ਵਿਰੋਧੀ ਧਿਰ ਦੀ ਆਗੂ ਕੈਥਰੀਨ ਕਲਾਰਕ ਤੇ ਸਿੱਖ ਕਾਕਸ ਕੋ ਚੇਅਰ ਮੇਰੀ ਗੇ ਸਕਾਨਲੋਂ ਦੇ ਨਾਲ ਸਥਾਨਕ ਸ਼ਖਸਸ਼ੀਅਤਾਂ ਤੇ ਸਿੱਖ ਆਗੂ ਵੀ ਸ਼ਾਮਿਲ ਹੋਏ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਡਾ. ਹਰਿੰਦਰ ਸਿੰਘ ਲਿੱਤਰਾਂ ਨੇ ਕਿਹਾ ਕਿ 1947 ਤੋਂ ਬਾਅਦ ਸਿੱਖਾਂ ਨੂੰ ਭਾਰਤ ’ਚ ਕਦੇ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਕਾ ਨਕੋਦਰ ਦੇ ਸਿੱਖ ਨੌਜਵਾਨਾਂ ਨੂੰ ਉਸ ਸਮੇਂ ਭਾਰਤ ਦੀ ਜ਼ਾਲਮ ਸਰਕਾਰ ਵਲੋਂ ਬਿਨਾਂ ਕਿਸੇ ਭੜਕਾਹਟ ਦੇ ਬੇਰਹਿਮੀ ਨਾਲ ਕਤਲ ਕੀਤੇ ਗਏ। ਕਿਸੇ ਦੋਸ਼ੀ ਨੂੰ ਸਜ਼ਾ ਤਾਂ ਕੀ ਮਿਲਣੀ ਸੀ ਪਰ ਕਾਤਲ ਉਚ ਅਹੁਦਿਆਂ ’ਤੇ ਸਾਰੀ ਜ਼ਿੰਦਗੀ ਅਨੰਦ ਮਾਣਦੇ ਰਹੇ। ਉਨ੍ਹਾਂ ਕਿਹਾ ਕਿ ਭਾਵੇਂ ਸਿੱਖਾਂ ਨੂੰ ਭਾਰਤ ’ਚ ਇਨਸਾਫ਼ ਨਹੀਂ ਮਿਲਿਆ ਪਰ ਇਸ ਕਤਲ ਕਾਂਡ ਅਤੇ ਸਿੱਖਾਂ ’ਤੇ ਹੋ ਰਹੇ ਜੁਲਮ ਦੇ ਚਰਚੇ ਪੂਰੀ ਦੁਨੀਆ ’ਚ ਹੋ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਸਿੱਖ ਭਾਰਤ ਤੋਂ ਖਹਿੜਾ ਛੁਡਾ ਕੇ ਪੂਰਨ ਤੌਰ ’ਤੇ ਅਜ਼ਾਦ ਹੋਣਗੇ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕਾਕਸ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਵਲੋਂ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।