ਸਿੱਖਾਂ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨਿਰਦੋਸ਼ ਬੱਚਿਆਂ ਨੂੰ ਮਾਰਨ ਵਾਲਿਆਂ ਨੂੰ 38 ਸਾਲ ਬਾਅਦ ਵੀ ਸਜ਼ਾ ਨਾ ਹੋਈ

ਸਿੱਖਾਂ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨਿਰਦੋਸ਼ ਬੱਚਿਆਂ ਨੂੰ ਮਾਰਨ ਵਾਲਿਆਂ ਨੂੰ 38 ਸਾਲ ਬਾਅਦ ਵੀ ਸਜ਼ਾ ਨਾ ਹੋਈ

ਕੈਲੀਫੋਰਨੀਆ ’ਚ ਮਨਾਇਆ ਜਾਵੇਗਾ ਸਾਕਾ ਨਕੋਦਰ ਦਿਵਸ, ਵਿਧਾਨ ਸਭਾ ’ਚ ਮਤਾ ਪਾਸ

ਕੈਲੀਫੋਰਨੀਆ : ਕੈਲੀਫੋਰਨੀਆ ਸੂਬਾ ਵਿਧਾਨ ਸਭਾ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਇਹ ਮਤਾ ਜਸਮੀਤ ਕੌਰ ਬੈਂਸ ਨੇ ਲਿਆਂਦਾ ਸੀ ਜੋ ਕਿ ਸੂਬੇ ਦੀ ਵਿਧਾਨ ਸਭਾ ਵਿਚ ਪਹਿਲੀ ਅਤੇ ਇਕਲੌਤੀ ਸਿੱਖ ਮੈਂਬਰ ਹਨ। ਜ਼ਿਕਰਯੋਗ ਹੈ ਕਿ 4 ਫਰਵਰੀ 1986 ਨੂੰ ਚਾਰ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾ, ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਨ ਸਿੰਘ ਨੂੰ ਕਥਿਤ ਤੌਰ ’ਤੇ ਉਦੋਂ ਮਾਰ ਮੁਕਾਇਆ ਸੀ, ਜਦੋਂ ਇਹ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਰਵਿੰਦਰ ਦੇ ਪਿਤਾ ਬਲਦੇਵ ਸਿੰਘ ਨੇ ਸਿਵਲ ਹਸਪਤਾਲ ਨਕੋਦਰ ਵਿਚ ਚਾਰਾਂ ਮ੍ਰਿਤਕਾਂ ਦੀ ਸ਼ਨਾਖ਼ਤ ਕੀਤੀ ਸੀ। ਦੋਸ਼ ਹੈ ਕਿ ਸੁਰੱਖਿਆ ਫ਼ੋਰਸਾਂ ਨੇ ਪਰਿਵਾਰਾਂ ਵੱਲੋਂ ਮ੍ਰਿਤਕ ਦੇਹਾਂ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਅੱਜ 38 ਸਾਲ ਬੀਤਣ ’ਤੇ ਵੀ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ।
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਜਦੋਂ ਕੈਲੀਫੋਰਨੀਆ ਸੂਬਾ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਤਾਂ ਬਲਦੇਵ ਸਿੰਘ ਉੱਥੇ ਮੌਜੂਦ ਸਨ। ਮਤਾ ਪਾਸ ਹੋਣ ਮਗਰੋਂ ਬੈਂਸ ਨੇ ਕਿਹਾ ਕਿ ਇਹ ਮਤਾ ਪੰਜਾਬ ਵਿਚ ਸਮੇਂ ਦੀਆਂ ਸਰਕਾਰਾਂ ਲਈ ਜਾਗਰੂਕ ਹੋਣ ਦਾ ਸੱਦਾ ਹੈ ਕਿ ਉਹ ਕਾਨੂੰਨ ਮੁਤਾਬਕ ਨਿਆਂ ਦੇਣ ਵਿਚ ਨਾਕਾਮ ਰਹੀਆਂ ਹਨ। ਮਤੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ 6 ਮਹੀਨਿਆਂ ਦੇ ਅੰਦਰ-ਅੰਦਰ ਇਸ ਘਟਨਾ ਦੀ ਜਾਂਚ ਵਾਲੀ ਨਿਆਇਕ ਰਿਪੋਰਟ ਅਤੇ ਉਸ ’ਤੇ ਕੀਤੀ ਕਾਰਵਾਈ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰੇ। ਕੈਲੀਫੋਰਨੀਆ ਸੂਬਾ ਵਿਧਾਨ ਸਭਾ ਨੇ ਸਿੱਖਾਂ ’ਤੇ ਹੋਏ ਤਸ਼ੱਦਦ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਨੇ ਨਿਆਇਕ ਕਮਿਸ਼ਨ ਦੀ ਰਿਪੋਰਟ ’ਚੋਂ ਅਹਿਮ ਤੱਥ ਕੱਢ ਦਿੱਤੇ ਅਤੇ ਕੋਈ ਕਾਰਵਾਈ ਨਹੀਂ ਕੀਤੀ। ਇਕ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਨਹੀਂ ਹੋਈ।