ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ

ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ

– ਅਮਰੀਕਾ ’ਚ ਸਿੱਖ ਆਪਣੀ ਅਜ਼ਾਦੀ ਤੇ ਅਜ਼ਾਦ ਖਿਆਲ ਲਈ ਅਜ਼ਾਦ ਹਨ : ਕਾਂਗਰਸਮੈਨ ਐਰਿਕ ਸਵੈਲਵਿਲ
– ਮੌਤ ਦੇ ਭੈਅ ਨਾਲ ਸਿੱਖ ਆਪਣੇ ਨਿਸ਼ਾਨੇ ਤੋਂ ਥਿੜਕਣ ਵਾਲੇ ਨਹੀਂ : ਡਾ. ਪ੍ਰਿਤਪਾਲ ਸਿੰਘ
ਫਰੀਮਾਂਟ/ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਅਮਰੀਕਾ ਦੀ ਸਿਰਮੌਰ ਸਿੱਖ ਲੀਡਰਸ਼ਿਪ ਅਤੇ ਕਾਂਗਰਸਮੈਨ ਐਰਿਕ ਸਵੈਲਵਿਲ ਨਾਲ ਸੰਖੇਪ ਅਤੇ ਭਰਵੀਂ ਮੀਟਿੰਗ ਹੋਈ। ਇਸ ਸਮੇਂ ਵਿਦੇਸ਼ਾਂ ’ਚ ਸਿੱਖਾਂ ਉਪਰ ਹੋ ਰਹੇ ਹਮਲਿਆਂ ਖਾਸ ਕਰਕੇ ਅਮਰੀਕਾ ਕੈਨੇਡਾ ਯੂਕੇ ਅਤੇ ਹੋਰ ਦੇਸ਼ਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਸਮੇਂ ਅਮਰੀਕਾ ਦੀ ਸਿਰਮੌਰ ਸਿੱਖ ਸੰਸਥਾਵਾਂ ਦੇ ਮੁਖੀਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਹੋਠੀ ਨੇ ਕਿਹਾ ਕਿ ਅਸੀਂ ਕਾਂਗਰਸਮੈਨ ਐਰਿਕ ਸਵੈਲਵਿਲ ਦਾ ਇਥੇ ਆਉਣ ’ਤੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਸਿੱਖਾਂ ਉਪਰ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਸਮੂਹ ਸਿੱਖ ਜਗਤ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦੀ ਬੇਨਤੀ ਕੀਤੀ। ਉਪਰੰਤ ਸ੍ਰ. ਜਸਵਿੰਦਰ ਸਿੰਘ ਜੰਡੀ ਪ੍ਰਧਾਨ ਗੁਰਦੁਆਰਾ ਸਾਹਿਬ ਫਰੀਮਾਂਟ ਨੇ ਕਿਹਾ ਕਿ ਅਸੀਂ ਅਮਰੀਕਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜਾ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਲ-ਨਾਲ ਸਾਡੇ ਨਾਲ ਪੂਰੀ ਦੁਨੀਆ ਖੜ੍ਹੀ ਹੈ। ਜਿਸ ਵਿੱਚ ਉਨ੍ਹਾਂ ਅਮਰੀਕਾ, ਕੈਨੇਡਾ, ਯੂਕੇ, ਨਿਊਜੀਲੈਂਡ ਅਤੇ ਅਸਟਰੇਲੀਆ ਦਾ ਖਾਸ ਜ਼ਿਕਰ ਕੀਤਾ ਉਪਰੰਤ ਡਾ. ਪ੍ਰਿਤਪਾਲ ਸਿੰਘ ਨੇ ਜਿਥੇ ਆਈਆਂ ਸਮੂਹ ਸੰਗਤਾਂ ਦਾ ਅਤੇ ਅੱਜ ਦੇ ਪ੍ਰੋਗਰਾਮ ਨੂੰ ਉਲੀਕਣ ਵਾਲੀ ਟੀਮ ਜਿਨ੍ਹਾਂ ਸ੍ਰ. ਜਸਵੰਤ ਸਿੰਘ ਹੋਠੀ, ਸ੍ਰ. ਹਰਪਾਲ ਸਿੰਘ ਮਾਨ, ਸ੍ਰ. ਕਸ਼ਮੀਰ ਸਿੰਘ ਸ਼ਾਹੀ, ਭਾਈ ਜਸਦੇਵ ਸਿੰਘ ਸ਼ਾਮਲ ਹਨ, ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਅਸੀਂ ਅਮਰੀਕਨ ਕਾਂਗਰਸ ਦਾ ਧੰਨਵਾਦ ਕਰਦੇ ਜਿਹੜੀ ਸਿੱਖਾਂ ਨਾਲ ਹਰ ਸਮੇਂ ਖੜ੍ਹੀ ਹੈ। ਉਨ੍ਹਾਂ ਕਾਂਗਰਸਮੈਨ ਐਰਿਕ ਸਵੈਲਵਿਲ ਦਾ ਧੰਨਵਾਦ ਕੀਤਾ। ਉਨ੍ਹਾਂ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਮੌਤ ਦਾ ਭੈਅ ਆਪਣੇ ਨਿਸ਼ਾਨੇ ਤੋਂ ਥਿੜਕਣਾ ਨਹੀਂ ਸਕਦਾ ਅਸੀਂ ਸਿੱਖ ਕੌਮ ਦੀ ਭਾਰਤ ਵਲੋਂ ਕੀਤੀ ਗਈ ਨਸਲਕੁਸ਼ੀ ਦੇ ਇਨਸਾਫ ਅਤੇ ਸਿੱਖਾਂ ਦੀ ਮੁਕੰਮਲ ਅਜ਼ਾਦੀ ਲਈ ਜਦ ਤੱਕ ਸਾਹ ਹੈ ਲੜਦੇ ਰਹਾਂਗੇ। ਇਸ ਸਮੇਂ ਕਮਿਉਨਟੀ ਵਲੋਂ ਫੰਡ ਰੇਜਿੰਗ ਕੀਤਾ ਗਿਆ। ਸਟੇਜ ਦੀ ਸੇਵਾ ਨੌਜਵਾਨ ਆਗੂ ਸ੍ਰ. ਹਰਪਾਲ ਸਿੰਘ ਮਾਨ ਨੇ ਨਿਭਾਈ।