ਸਿੱਖਾਂ ਦੀ ਰਾਖੀ ਲਈ ਕੈਨੇਡਾ ਸਰਕਾਰ ਹਮੇਸ਼ਾ ਤਿਆਰ

ਸਿੱਖਾਂ ਦੀ ਰਾਖੀ ਲਈ ਕੈਨੇਡਾ ਸਰਕਾਰ ਹਮੇਸ਼ਾ ਤਿਆਰ

ਵਿਸਾਖੀ ਦੇ ਪਵਿੱਤਰ ਨਗਰ ਕੀਰਤਨ ’ਤੇ ਲੱਖਾਂ ਸੰਗਤਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਸੰਬੋਧਨ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਨੂੰ ਸਮਰਪਿਤ ਖਾਲਸਾ ਦਿਹਾੜੇ ਮੌਕੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇਗੀ ਤੇ ਕਿਸੇ ਵੀ ਕੀਮਤ ’ਤੇ ਉਨ੍ਹਾਂ ਦੀ ਆਜ਼ਾਦੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਟਰੂਡੋ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਪੁੱਜੇ ਤਾਂ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਵੀ ਮੌਜੂਦ ਸਨ। ਟੋਰਾਂਟੋ ਵਿਚ ਐਤਵਾਰ ਨੂੰ ਮਨਾਏ ਖਾਲਸਾ ਦਿਹਾੜੇ ਮੌਕੇ ਟਰੂੂਡੋ ਨੇ ਕਿਹਾ, ‘‘ਕੈਨੇਡਾ ਦੀਆਂ ਵੱਡੀਆਂ ਤਾਕਤਾਂ ਵਿਚੋਂ ਇਕ ਵਿਭਿੰਨਤਾ ਹੈ। ਅਸੀਂ ਆਪਣੇ ਵੱਖਰੇਵਿਆਂ ਦੇ ਬਾਵਜੂਦ ਮਜ਼ਬੂਤ ਨਹੀਂ ਬਲਕਿ ਆਪਣੇ ਵੱਖਰੇਵਿਆਂ ਕਰਕੇ ਮਜ਼ਬੂਤ ਹਾਂ; ਪਰ ਜਦੋਂ ਇਨ੍ਹਾਂ ਵੱਖਰੇਵਿਆਂ ਨੂੰ ਦੇਖਦੇ ਹਾਂ, ਸਾਨੂੰ ਇਹ ਯਾਦ ਰੱਖਣਾ ਹੋਵੇਗਾ, ਅਤੇ ਅਜਿਹੇ ਦਿਨਾਂ, ਜਿਵੇਂ ਕਿ ਅੱਜ ਹੈ, ’ਤੇ ਹਰ ਰੋਜ਼ ਯਾਦ ਕਰਵਾਉਣਾ ਹੋਵੇਗਾ ਕਿ ਸਿੱਖ ਕਦਰਾਂ ਕੀਮਤਾਂ ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ…।’’ ਟਰੂਡੋ ਨੇ ਜ਼ੋਰ ਦੇ ਕੇ ਆਖਿਆ, ‘‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਕਰੀਬ 8,00,000 ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਅਤੇ ਅਸੀਂ ਹਮੇਸ਼ਾ ਨਫ਼ਰਤ ਅਤੇ ਵਿਤਕਰੇ ਖਿਲਾਫ਼ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’’ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਿਆਂ ਸਣੇ ਕਮਿਊਨਿਟੀ ਸੈਂਟਰਾਂ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਉਣ ਲਈ ਰੱਖਿਆ ਤੇ ਬੁਨਿਆਦੀ ਢਾਂਚਾ ਪ੍ਰੋਗਰਾਮਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਬਿਨਾਂ ਕਿਸੇ ਡਰ ਤੇ ਭੈਅ ਦੇ ਆਪਣੇ ਧਰਮ ਨੂੰ ਮੰਨਣ ਦਾ ਤੁਹਾਡਾ ਅਧਿਕਾਰ….ਅਧਿਕਾਰਾਂ ਤੇ ਆਜ਼ਾਦੀਆਂ ਦੇ ਕੈਨੇਡੀਅਨ ਚਾਰਟਰ ਵਿੱਚ ਗਾਰੰਟੀਸ਼ੁਦਾ ਬੁਨਿਆਦੀ ਅਧਿਕਾਰ ਹੈ… ਜਿਸ ਲਈ ਅਸੀਂ ਹਮੇਸ਼ਾ ਖੜ੍ਹੇ ਹੋਵਾਂਗੇ ਅਤੇ ਤੁਹਾਡੀ ਰੱਖਿਆ ਕਰਾਂਗੇ।’’
ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਰ ਉਡਾਣਾਂ ਅਤੇ ਹਵਾਈ ਰੂਟਾਂ ਨੂੰ ਜੋੜਨ ਲਈ ਭਾਰਤ ਨਾਲ ਇੱਕ ‘ਨਵਾਂ ਸਮਝੌਤਾ’ ਕੀਤਾ ਗਿਆ ਹੈ। ਟਰੂਡੋ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਉਹ ਐਤਵਾਰ ਦੁਪਹਿਰ ਨੂੰ ਇੱਥੇ ਖਾਲਸਾ ਦਿਵਸ ਪਰੇਡ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਭਾਰਤ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਉਹ ਅਕਸਰ ਮਿਲਣ ਜਾਣਾ ਚਾਹੁੰਦੇ ਹਨ।
ਟਰੂਡੋ ਨੇ ਖਾਲਸਾ ਦਿਵਸ ਸਮਾਗਮ ਵਿੱਚ ਕਿਹਾ ‘‘ਇਸੇ ਕਰਕੇ ਸਾਡੀ ਸਰਕਾਰ ਨੇ ਦੋਵਾਂ ਦੇਸ਼ਾਂ ਵਿਚਕਾਰ ਹੋਰ ਉਡਾਣਾਂ ਅਤੇ ਹਵਾਈ ਮਾਰਗਾਂ ਨੂੰ ਜੋੜਨ ਲਈ ਭਾਰਤ ਨਾਲ ਇੱਕ ਨਵੇਂ ਸਮਝੌਤੇ ’ਤੇ ਗੱਲਬਾਤ ਕੀਤੀ ਹੈ, ਅਤੇ ਅਸੀਂ ਅੰਮ੍ਰਿਤਸਰ ਸਮੇਤ ਹੋਰ ਸਥਾਨਾਂ ਲਈ ਹੋਰ ਉਡਾਣਾਂ ਨੂੰ ਮੁੜ ਚਾਲੂ ਕਰਨ ਲਈ ਸਾਡੇ ਹਮਰੁਤਬਾ ਨਾਲ ਕੰਮ ਕਰਨਾ ਜਾਰੀ ਰੱਖਣਗੇ।’’ ਪ੍ਰੋਗਰਾਮ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ। ਨਵੰਬਰ 2022 ਵਿੱਚ, ਭਾਰਤ ਅਤੇ ਕੈਨੇਡਾ ਨੇ ਇੱਕ ਸੌਦੇ ਲਈ ਸਹਿਮਤੀ ਪ੍ਰਗਟਾਈ ਸੀ ਜੋ ਵਿਸ਼ੇਸ਼ ਏਅਰਲਾਈਨ ਕੰਪਨੀਆਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ ਵਿੱਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਸਮਝੌਤੇ ਤੋਂ ਪਹਿਲਾਂ, ਕੈਨੇਡਾ ਅਤੇ ਭਾਰਤ ਵਿਚਕਾਰ ਵਿਸ਼ੇਸ਼ ਏਅਰਲਾਈਨਾਂ ਦੁਆਰਾ ਪ੍ਰਤੀ ਹਫ਼ਤੇ ਉਡਾਣਾਂ ਦੀ ਗਿਣਤੀ ਵੱਧ ਤੋਂ ਵੱਧ 35 ਸੀ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਦੇਸ਼ਾਂ ਨੇ 2022 ’ਚ ਹੋਏ ਸਮਝੌਤੇ ਨੂੰ ਹੋਰ ਵਧਾਉਣ ’ਤੇ ਚਰਚਾ ਕੀਤੀ ਹੈ ਜਾਂ ਨਹੀਂ। ਟਰੂਡੋ ਨੇ ਪਿਛਲੇ ਸਾਲ ਭਾਰਤ ’ਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ’ਚ ਸ਼ਾਮਲ ਹੋਣ ਦਾ ਦੋਸ਼ ਲਗਾ ਕੇ ਨਵੀਂ ਦਿੱਲੀ ਨੂੰ ਨਾਰਾਜ਼ ਕੀਤਾ ਸੀ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਕੈਨੇਡਾ ਵਿੱਚ ਸਿੱਖਾਂ ਦੇ ਹੱਕਾਂ ਅਤੇ ਆਜ਼ਾਦੀਆਂ ਦੀ ਹਮੇਸ਼ਾ ਰਾਖੀ ਕਰਨ ਅਤੇ ਭਾਈਚਾਰੇ ਨੂੰ ਨਫ਼ਰਤ ਅਤੇ ਵਿਤਕਰੇ ਤੋਂ ਬਚਾਉਣ ਦਾ ਵਾਅਦਾ ਵੀ ਕੀਤਾ। ਵਿਸਾਖੀ ਨੂੰ ਖਾਲਸਾ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਿੱਖ ਨਵੇਂ ਸਾਲ ਦਾ ਪ੍ਰਤੀਕ ਹੈ। ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਕੀਤੀ। ਉਨ੍ਹਾਂ ਕਿਹਾ ‘ਅਸੀਂ ਇਸ ਦੇਸ਼ ਵਿੱਚ ਲਗਭਗ 800,000 ਸਿੱਖ ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ, ਅਤੇ ਅਸੀਂ ਹਮੇਸ਼ਾ ਤੁਹਾਡੇ ਭਾਈਚਾਰੇ ਨੂੰ ਨਫ਼ਰਤ ਅਤੇ ਵਿਤਕਰੇ ਤੋਂ ਬਚਾਵਾਂਗੇ।’