ਸਿੱਖਾਂ ਦੀ ਅੰਤਰਰਾਸ਼ਟਰੀ ਅਵਾਜ਼ ਸਿੱਖ ਕਾਕਸ ਕਮੇਟੀ ਵੱਲੋਂ ਸਿੱਖਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜਨ ਵਾਲੇ ਕਾਂਗਰਸਮੈਨਾ ਲਈ ਫੰਡ ਰੇਜ਼ਿੰਗ

ਸਿੱਖਾਂ ਦੀ ਅੰਤਰਰਾਸ਼ਟਰੀ ਅਵਾਜ਼ ਸਿੱਖ ਕਾਕਸ ਕਮੇਟੀ ਵੱਲੋਂ ਸਿੱਖਾਂ ਨਾਲ ਹਮੇਸ਼ਾ ਚੱਟਾਨ ਵਾਂਗ ਖੜਨ ਵਾਲੇ ਕਾਂਗਰਸਮੈਨਾ ਲਈ ਫੰਡ ਰੇਜ਼ਿੰਗ

ਸਿੱਖ ਕਾਕਸ ਕਮੇਟੀ ਦਾ ਨਿਸ਼ਾਨਾ ਆਪਣੇ ਕੌਮੀ ਨਿਸ਼ਾਨੇ ਲਈ ਸਿੱਖਾਂ ਨੂੰ ਅੰਤਰਰਾਸ਼ਰਟੀ ਪੱਧਰ ਉਪਰ ਲਾਮਬੰਦ ਕਰਨਾ : ਡਾ ਪ੍ਰਿਤਪਾਲ ਸਿੰਘ

ਵਾਸ਼ਿੰਗਟਨ : ਸਿੱਖ ਕਾਕਸ ਕਮੇਟੀ ਵੱਲੋਂ ਵਾਸ਼ਿੰਗਟਨ ਸਟੇਟ ਦੀ ਪਾਸਕੋ ਸਿਟੀ ਤੋਂ ਰਿਪਬਲੀਕਨ ਪਾਰਟੀ ਨਾਲ ਸੰਬੰਧਤ ਕਾਂਗਰਸਮੈਨ ਡੈਨ ਨਿਊਹਾਊਸ ਲਈ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਇਸ ਫੰਡ ਰੇਜ਼ਿੰਗ ਦਾ ਆਯੋਜਨ ਉੱਘੇ ਬਿਜ਼ਨਸਮੈਨ ਕਮਲਜੀਤ ਸਿੰਘ ਸਹੋਤਾ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਕਾਕਸ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਕਾਂਗਰਸਮੈਨ ਡੈਨ ਨਿਊਹਾਊਸ ਨਾਲ ਸਿੱਖਾਂ ਨਾਲ ਸੰਬੰਧਤ ਮੁੱਦੇ ਉਠਾਏ। ਕਾਂਗਰਸਮੈਨ ਨੇ ਇਨ੍ਹਾਂ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਅਤੇ ਕਿਹਾ ਕਿ ਪਹਿਲਾਂ ਵਾਂਗ ਉਹ ਆਉਣ ਵਾਲੇ ਸਮੇਂ ਵਿਚ ਵੀ ਇਸ ਸੰਬੰਧੀ ਆਪਣੀ ਆਵਾਜ਼ ਉਠਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਕਾਂਗਰਸਮੈਨ ਡੈਨ ਨਿਊਹਾਊਸ ਨੇ ਪਹਿਲਾਂ ਵੀ ਸਿੱਖਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ।
ਇਸ ਫੰਡ ਰੇਜ਼ਿੰਗ ਦੌਰਾਨ ਕਮਲਜੀਤ ਸਿੰਘ ਸਹੋਤਾ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਬਲਜੀਤ ਸਿੰਘ, ਸੁਖਵੀਰ ਸਿੰਘ ਸੰਧੂ, ਜਸਵੀਰ ਸਿੰਘ ਬੈਲੇਗਨ, ਸ਼ਰਨਜੀਤ ਸਿੰਘ ਬਾਠ, ਅਜੈਬ ਸਿੰਘ ਹੋਠੀ ਅਤੇ ਮੋਹਨ ਸਿੰਘ ਵੀ ਸ਼ਾਮਲ ਸਨ।
ਇਸੇ ਤਰ੍ਹਾਂ ਨਿਊਜਰਸੀ ਦੇ 2nd ਡਿਸਟ੍ਰਿਕ ਤੋਂ ਰਿਪਬਲੀਕਨ ਕਾਂਗਰਸਮੈਨ ਜੈਫ ਵੈਂਡਰਿਊ ਲਈ ਵੀ ਸਿੱਖ ਕਾਕਸ ਕਮੇਟੀ ਵੱਲੋਂ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਜਿੱਥੇ ਕਮੇਟੀ ਦੇ ਡਾਇਰੈਕਟਰ ਜੁਗਰਾਜ ਸਿੰਘ, ਹਰਜਿੰਦਰ ਸਿੰਘ, ਰਵਿੰਦਰਪਾਲ ਸਿੰਘ (ਰਵੀ), ਮੁਲਤਾਨੀ ਬ੍ਰਦਰਜ਼, ਰਾਜਭਿੰਦਰ ਸਿੰਘ ਬਦੇਸ਼ਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਇਸ ਫੰਡ ਰੇਜ਼ਿੰਗ ਵਿਚ ਆਪਣਾ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਕਾਂਗਰਸਮੈਨ ਡੈਨ ਨਿਊਹਾਊਸ ਅਤੇ ਕਾਂਗਰਸਮੈਨ ਜੈਫ ਵੈਂਡਰਿਊ, ਅਮਰੀਕਨ ਸਿੱਖ ਕਾਕਸ ਦੇ ਮੈਂਬਰ ਵੀ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ 13 ਅਤੇ 14 ਜੂਨ ਨੂੰ ਕੈਪੀਟਲ ਸੈਸ਼ਨ ਦੌਰਾਨ ਸਾਕਾ ਦਰਬਾਰ ਸਾਹਿਬ ਦੀ 40ਵੀਂ ਬਰਸੀ ਮੌਕੇ ਅਰਦਾਸ ਹੋਣੀ ਸੰਭਵ ਹੋਈ ਸੀ। ਉਸ ਮੌਕੇ ਅਰਦਾਸ ਕਰਨ ਵਾਲੇ ਭਾਈ ਮੋਹਨ ਸਿੰਘ ਵੀ ਫੰਡ ਰੇਜ਼ਿੰਗ ਦੌਰਾਨ ਹਾਜ਼ਰ ਸਨ। ਅਜਿਹੇ ਸਮਾਗਮਾਂ ਦਾ ਮਕਸਦ ਇਹੋ ਹੁੰਦਾ ਹੈ ਕਿ ਅਮਰੀਕਨ ਆਗੂਆਂ ਨੂੰ ਸਿੱਖਾਂ ਦੀ ਪਹਿਚਾਣ ਹੋ ਸਕੇ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਿਜ਼ਾਤ ਮਿਲ ਸਕੇ।
ਇਥੇ ਇਹ ਜ਼ਿਕਰਯੋਗ ਹੈ ਇਹਨਾਂ ਕੌਮੀ ਕੰਮਾਂ ਲਈ ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਹਰਜਿੰਦਰ ਸਿੰਘ ਨਿਊਜਰਸੀ, ਅਮਰੀਕਾ ਦੇ ਉਘੇ ਬਿਜਨਸਮੈਨ ਮੁਲਤਾਨੀ ਬ੍ਰਦਰਜ਼ ਨਿਊਯਾਰਕ, ਭਾਈ ਰਾਜਵਿੰਦਰ ਸਿੰਘ ਸਿੰਘ, ਸ੍ਰ. ਕਮਲਜੀਤ ਸਿੰਘ ਚੌਹਾਨ ਯਾਕੀਮਾ ਦਾ ਖਾਸ ਯੋਗਦਾਨ ਹੈ। ਸਿੱਖ ਕਾਕਸ ਕਮੇਟੀ ਵਲੋਂ ਪੂਰੇ ਅਮਰੀਕਾ ਵਿੱਚ ਸਿੱਖਾਂ ਨੂੰ ਲਾਮਬੰਦ ਕਰਨਾ ਅਤੇ ਅਮਰੀਕਨ ਕਾਂਗਰਸ ਵਿੱਚ ਸਿੱਖਾਂ ਉਪਰ ਹੋਏ ਅਤੇ ਹੋ ਰਹੇ ਜੁਲਮ ਪ੍ਰਤੀ ਪੂਰੀ ਦੁਨੀਆ ਨੂੰ ਅਵੇਅਰ ਕਰਨਾ ਮੁੱਖ ਟੀਚਾ ਹੈ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆ ਸਿੱਖਾਂ ਦੀ ਅੰਤਰਰਾਸ਼ਟਰੀ ਅਵਾਜ਼ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਿੱਖ ਕਾਕਸ ਕਮੇਟੀ ਦਾ ਮੁੱਖ ਨਿਸ਼ਾਨਾ ਆਪਣੇ ਕੌਮੀ ਨਿਸ਼ਾਨੇ ਲਈ ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ਉਪਰ ਲਾਮਬੰਦ ਕਰਨਾ ਹੈ ਜਿਸ ਵਾਸਤੇ ਲਗਾਤਾਰ ਯਤਨ ਯਾਰੀ ਹਨ। ਉਹਨਾਂ ਇਨ੍ਹਾਂ ਦੋਵਾਂ ਸਟੇਟਾਂ ਵਾਸ਼ਿੰਗਟਨ ਅਤੇ ਨਿਊਜਰਸੀ ਵਿਖੇ ਉਥੇ ਦੇ ਸਮੂਹ ਸਿੱਖ ਆਗੂਆਂ ਅਤੇ ਕਾਂਗਰਸਮੈਨਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।