ਸਿੱਖਾਂ ਦਾ ਇਤਿਹਾਸ ਵਿਗਾੜਨ ਤੇ ਰਲਗੱਡ ਕਰਨ ਦੀਆਂ ਕੋਸ਼ਿਸ਼ਾਂ: ਧਾਮੀ

ਸਿੱਖਾਂ ਦਾ ਇਤਿਹਾਸ ਵਿਗਾੜਨ ਤੇ ਰਲਗੱਡ ਕਰਨ ਦੀਆਂ ਕੋਸ਼ਿਸ਼ਾਂ: ਧਾਮੀ

ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਅੰਡੇਮਾਨ ਵਿੱਚ ਬੰਦ ਪੰਜਾਬੀਆਂ ਨੇ ਤਸ਼ੱਦਦ ਝੱਲਿਆ, ਜਿਸ ਨੂੰ ਹੁਣ ਤੱਕ ਅਣਗੌਲਿਆ ਗਿਆ ਹੈ। ਮੌਕੇ ਦੀਆਂ ਹਕੂਮਤਾਂ ਸਿੱਖਾਂ ਤੇ ਪੰਜਾਬੀਆਂ ਦੇ ਇਤਿਹਾਸ ਨੂੰ ਵਿਗਾੜਨ ਅਤੇ ਰਲਗੱਡ ਕਰਨ ਦੀ ਕੋਸ਼ਿਸ਼ ਵਿਚ ਹਨ। ਸੈਲੂਲਰ ਜੇਲ੍ਹ ਦੀ ਸੂਚੀ ’ਚੋਂ ਸਿੱਖਾਂ ਦੇ ਨਾਵਾਂ ਨੂੰ ਅਣਗੌਲਿਆਂ ਕਰਨਾ ਵੀ ਇਕ ਕੋਝੀ ਸਾਜ਼ਿਸ਼ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਤਾਨਵੀ ਹਕੂਮਤ ਦੀ ਗੁਲਾਮੀ ਦਾ ਜੂਲਾ ਭਾਰਤੀਆਂ ਦੇ ਗਲੋਂ ਲਾਹੁਣ ਲਈ ਕਾਲੇਪਾਣੀ ਦੀ ਜੇਲ੍ਹ ਵਿੱਚ ਪੰਜਾਬੀਆਂ ਦੇ ਯੋਗਦਾਨ ਸਬੰਧੀ ਪ੍ਰਕਾਸ਼ਿਤ ਪੁਸਤਕ ‘ਕਾਲਾਪਾਣੀ: ਆਜ਼ਾਦੀ ਸੰਗਰਾਮ ’ਚ ਪੰਜਾਬੀਆਂ ਦਾ ਯੋਗਦਾਨ’ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਉਨ੍ਹਾਂ ਪੁਸਤਕ ਦੇ ਲੇਖਕ ਜਗਤਾਰ ਸਿੰਘ ਅਤੇ ਗੁਰਦਰਸ਼ਨ ਸਿੰਘ ਬਾਹੀਆ ਨੂੰ ਇਹ ਖੋਜ ਕਾਰਜ ਨੇਪੜੇ ਚਾੜ੍ਹਨ ਲਈ ਧੰਨਵਾਦ ਕੀਤਾ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਦੇ ਰਾਜਨੀਤਕ ਹਾਲਾਤ ਵਿਚ ਸੱਚ ਲਿਖਣਾ ਵੱਡੀ ਦਲੇਰੀ ਹੈ, ਜਿਸ ਲਈ ਕਿਤਾਬ ਦੇ ਦੋਵੇਂ ਲੇਖਕ ਵਧਾਈ ਦੇ ਪਾਤਰ ਹਨ। ਪੁਸਕਤ ਦੇ ਲੇਖਕਾਂ ਜਗਤਾਰ ਸਿੰਘ ਤੇ ਗੁਰਦਰਸ਼ਨ ਸਿੰਘ ਬਾਹੀਆ ਨੇ ਪੁਸਤਕ ਦੇ ਵੱਖ ਵੱਖ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੇ ਅਤੇ ਇਸ ਅਹਿਮ ਕਾਰਜ ’ਚ ਸਹਿਯੋਗ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।