ਸਿੱਖਸ ਆਫ਼ ਅਮੈਰਿਕਾ ਨੇ ਭਾਰਤ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਦਾ ਕੀਤਾ ਸਨਮਾਨ

ਸਿੱਖਸ ਆਫ਼ ਅਮੈਰਿਕਾ ਨੇ ਭਾਰਤ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਦਾ ਕੀਤਾ ਸਨਮਾਨ

ਵਾਸ਼ਿੰਗਟਨ : ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਵੱਲੋਂ ਬੀਤੇ ਦਿਨੀਂ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ ਚੈਂਟਲੀ ਵਿਖੇ ‘ਦਿ ਬੈਲੇਵਿਊ ਕਾਨਫਰੰਸ ਐਂਡ ਈਵੈਂਟ ਸੈਂਟਰ’ ਵਿੱਚ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਸਨਮਾਨ ’ਚ ਇਕ ਉੱਚ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿੱਖਸ ਆਫ਼ ਅਮੈਰਿਕਾ ਦਾ ਉੱਚ ਪੱਧਰੀ ਵਫਦ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸ਼ਾਮਲ ਹੋਇਆ, ਜਿਸ ਵਿੱਚ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਵਰਿੰਦਰ ਸਿੰਘ, ਜਸਵੰਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਘੋਗਾ ਤੇ ਅਰਜਿੰਦਰ ਸਿੰਘ ਲਾਡੀ ਤੋਂ ਇਲਾਵਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਚਰਨਜੀਤ ਸਿੰਘ ਸਰਪੰਚ ਵੀ ਸ਼ਾਮਲ ਸਨ।
ਜਸਦੀਪ ਜੱਸੀ ਦੀ ਅਗਵਾਈ ’ਚ ਸਿੱਖਸ ਆਫ਼ ਅਮੈਰਿਕਾ ਦੇ ਵਫਦ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਜੱਸੀ ਨੇ ਕਿਹਾ ਕਿ ਜਦੋਂ ਵੀ ਵੈਂਕਈਆ ਨਾਇਡੂ ਅਮਰੀਕਾ ਆਏ ਹਨ, ਉਨ੍ਹਾਂ ਨੇ ਸਿੱਖ ਮਸਲਿਆਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉੱਚ ਪੱਧਰ ਤੱਕ ਪਹੁੰਚਾਇਆ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਹਮੇਸ਼ਾ ਧੰਨਵਾਦੀ ਰਹਾਂਗੇ। ਉਨ੍ਹਾਂ ਦੱਸਿਆ ਕਿ ਉਹ ਨਾਇਡੂ ਦੇ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਉਸ ਵੇਲੇ ਵੀ ਸਿੱਖਸ ਆਫ਼ ਅਮੈਰਿਕਾ ਨੂੰ ਮਾਣ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਸਨਾਮਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ।