ਸਿੱਕਿਮ ਹੜ੍ਹ: ਮੌਤਾਂ ਦੀ ਗਿਣਤੀ 25 ਹੋਈ

ਸਿੱਕਿਮ ਹੜ੍ਹ: ਮੌਤਾਂ ਦੀ ਗਿਣਤੀ 25 ਹੋਈ

ਗੰਗਟੋਕ/ਜਲਪਾਇਗੁੜੀ- ਪਿਛਲੇ ਦਨਿੀਂ ਬੱਦਲ ਫਟਣ ਕਰਕੇ ਸਿੱਕਿਮ ਦੀ ਤੀਸਤਾ ਨਦੀ ਵਿੱਚ ਆਏ ਹੜ੍ਹਾਂ ਕਾਰਨ ਮੱਚੀ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਪੀੜਤਾਂ ਵਿੱਚ ਸੱਤ ਫੌਜੀ ਜਵਾਨ ਵੀ ਸ਼ਾਮਲ ਹਨ। ਬਾਰਡਾਂਗ ਇਲਾਕੇ ਵਿਚੋਂ ਲਾਪਤਾ ਹੋਏ 23 ਫੌਜੀ ਜਵਾਨਾਂ ਵਿਚੋਂ ਸੱਤ ਦੀ ਨਦੀ ਦੇ ਵਹਾਅ ਵਾਲੇ ਹੇਠਲੇ ਇਲਾਕਿਆਂ ਵਿਚੋਂ ਲਾਸ਼ਾਂ ਬਰਾਮਦ ਹੋਈਆਂ ਹਨ ਜਦੋਂਕਿ ਇਕ ਫੌਜੀ ਜਵਾਨ ਜਿਊਂਦਾ ਮਿਲਿਆ ਹੈ। 143 ਵਿਅਕਤੀ ਅਜੇ ਵੀ ਲਾਪਤਾ ਹਨ, ਜਨਿ੍ਹਾਂ ਵਿਚ 15 ਫੌਜੀ ਜਵਾਨ ਵੀ ਸ਼ਾਮਲ ਹਨ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸੱਜਰੇ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਤੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਨੂੰ ਦੋ ਦੋ ਹਜ਼ਾਰ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਹਤ ਕਾਰਜਾਂ ਲਈ 44.8 ਕਰੋੜ ਰੁਪਏ ਦੀ ਐਡਵਾਂਸ ਰਾਸ਼ੀ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੜ੍ਹਾਂ ਕਰਕੇ ਮੌਤ ਦੇ ਮੂੰਹ ਪਏ ਸੱਤ ਫੌਜੀ ਜਵਾਨਾਂ ਵਿਚੋਂ ਚਾਰ ਦੀ ਗੋਪਾਲ ਮੱਦੀ ਬਿਨਾਗੁੜੀ ਮਿਲਟਰੀ ਸਟੇਸ਼ਨ, ਨਾਇਕ ਭਵਾਨੀ ਸਿੰਘ ਚੌਹਾਨ 64 ਬ੍ਰਿਗੇਡ, ਬੈਂਗਡੁਬੀ, ਨਾਇਕ ਐੱਨ.ਜੀ.ਪ੍ਰਸਾਦ ਤੇ ਬਿਮਲ ਓਰਾਓਂ ਮਧੂਬਗਾਨ ਅਲੀਪੁਰਦੁਆਰ ਵਜੋਂ ਸ਼ਨਾਖਤ ਹੋਈ ਹੈ। ਇਹ ਲਾਸ਼ਾਂ ਤੀਸਤਾ ਨਦੀ ਅਤੇ ਜਲਪਾਈਗੁੜੀ ਤੇ ਕੂਚ ਬਿਹਾਰ ਜ਼ਿਲ੍ਹਿਆਂ ਤੇ ਦਾਰਜੀਲਿੰਗ ਦੇ ਸਿਲੀਗੁੜੀ ਇਲਾਕੇ ਵਿਚੋਂ ਲੰਘਦੀਆਂ ਸਹਾਇਕ ਨਦੀਆਂ ਵਿੱਚੋਂ ਮਿਲੀਆਂ ਹਨ। ਇਨ੍ਹਾਂ ਮ੍ਰਿਤਕਾਂ ਵਿਚੋਂ 15 ਪੁਰਸ਼ ਤੇ ਛੇ ਮਹਿਲਾਵਾਂ ਹਨ ਜਦੋਂਕਿ ਇਕ ਲਾਸ਼ ਦੀ ਬੁਰੀ ਤਰ੍ਹਾਂ ਖਰਾਬ ਹੋਣ ਕਰਕੇ ਪਛਾਣ ਨਹੀਂ ਹੋ ਸਕੀ। ਅਚਾਨਕ ਆਏ ਹੜ੍ਹਾਂ ਕਰਕੇ ਮੱਚੀ ਤਬਾਹੀ ਵਿੱਚ ਅਜੇ ਵੀ 103 ਲੋਕ ਲਾਪਤਾ ਹਨ, ਜਨਿ੍ਹਾਂ ਵਿਚ 15 ਜਵਾਨ ਵੀ ਸ਼ਾਮਲ ਹਨ।