ਸਿੱਕਮ ਹੜ੍ਹ: ਨੌਂ ਫੌਜੀ ਜਵਾਨਾਂ ਸਣੇ 33 ਲਾਸ਼ਾਂ ਮਿਲੀਆਂ

ਸਿੱਕਮ ਹੜ੍ਹ: ਨੌਂ ਫੌਜੀ ਜਵਾਨਾਂ ਸਣੇ 33 ਲਾਸ਼ਾਂ ਮਿਲੀਆਂ

ਗੰਗਟੋਕ- ਸਿੱਕਿਮ ਵਿੱਚ ਬੁੱਧਵਾਰ ਨੂੰ ਬੱਦਲ ਫਟਣ ਕਰ ਕੇ ਤੀਸਤਾ ਨਦੀ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਚੀ ਤਬਾਹੀ ਮਗਰੋਂ ਹੁਣ ਤੱਕ ਨੌਂ ਫੌਜੀ ਜਵਾਨਾਂ ਸਣੇ 33 ਵਿਅਕਤੀਆਂ ਦੀਆਂ ਲਾਸ਼ਾਂ ਗਾਰ ਤੇ ਮਲਬੇ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਜਨਿ੍ਹਾਂ ਦੀ ਭਾਲ ਜਾਰੀ ਹੈ।

ਉੱਧਰ, ਆਈਟੀਬੀਪੀ ਦੇ ਜਵਾਨਾਂ ਨੇ ਅੱਜ ਸੱਜਰੇ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਉੱਤਰੀ ਸਿੱਕਮ ਦੇ ਚੁੰਗਥਾਂਗ ਵਿੱਚੋਂ 56 ਵਿਅਕਤੀਆਂ ਨੂੰ ਬਚਾਇਆ ਹੈ। ਇਨ੍ਹਾਂ ਵਿੱਚ 52 ਪੁਰਸ਼ ਤੇ ਚਾਰ ਮਹਿਲਾਵਾਂ ਸ਼ਾਮਲ ਹਨ। ਤੀਸਤਾ ਨਦੀ ਵਿੱਚ ਆਏ ਹੜ੍ਹ ਕਰ ਕੇ ਲਾਪਤਾ 100 ਤੋਂ ਵੱਧ ਵਿਅਕਤੀਆਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 33 ਲਾਸ਼ਾਂ ਬਰਾਮਦ ਹੋਈਆਂ ਹਨ। ਬੁੱਧਵਾਰ ਨੂੰ ਵੱਡੇ ਤੜਕੇ ਬੱਦਲ ਫਟਣ ਕਰ ਕੇ ਆਏ ਹੜ੍ਹ ਕਾਰਨ ਸੂਬੇ ਦੇ ਚਾਰ ਜ਼ਿਲ੍ਹਿਆਂ ਮੰਗਾਨ, ਗੰਗਟੋਕ, ਪਾਕਿਯੋਂਗ ਤੇ ਨਾਮਚੀ ਵਿੱਚ 41,870 ਲੋਕ ਅਸਰਅੰਦਾਜ਼ ਹੋਏ ਸਨ। ਲਾਪਤਾ ਲੋਕਾਂ ਦੀ ਭਾਲ ਲਈ ਵਿਸ਼ੇਸ਼ ਰਾਡਾਰ, ਡਰੋਨ ਤੇ ਫੌਜ ਦੇ ਸੂਹੀਆ ਕੁੱਤੇ ਤਾਇਨਾਤ ਕੀਤੇ ਗਏ ਹਨ। ਹੁਣ ਤੱਕ 2563 ਵਿਅਕਤੀਆਂ ਨੂੰ ਵੱਖ-ਵੱਖ ਇਲਾਕਿਆਂ ’ਚੋਂ ਸੁਰੱਖਿਅਤ ਕੱਢਿਆ ਗਿਆ ਹੈ ਅਤੇ 6875 ਲੋਕਾਂ ਨੇ ਸੂਬੇ ਵਿੱਚ ਸਥਾਪਤ 30 ਰਾਹਤ ਕੈਂਪਾਂ ਵਿੱਚ ਪਨਾਹ ਲਈ ਹੈ। ਹੜ੍ਹਾਂ ਕਰ ਕੇ ਮਚੀ ਤਬਾਹੀ ਨਾਲ 1320 ਘਰ ਨੁਕਸਾਨੇ ਗਏ ਹਨ ਤੇ ਚਾਰ ਜ਼ਿਲ੍ਹਿਆਂ ਵਿਚਲੇ 13 ਪੁਲ ਰੁੜ ਗਏ। ਅਧਿਕਾਰੀਆਂ ਨੇ ਕਿਹਾ ਕਿ ਲਾਚੇਨ ਤੇ ਲਾਚੁੰਗ ਵਿੱਚ ਫਸੇ 3000 ਤੋਂ ਵੱਧ ਸੈਲਾਨੀ ਸੁਰੱਖਿਅਤ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਮੀਟਿੰਗ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਤੇ ਹਰ ਸੰਭਵ ਮਦਦ
ਦਾ ਭਰੋਸਾ ਦਿੱਤਾ।