ਸਿੱਕਮ ਹਾਦਸਾ: ਬਾਗਡੋਗਰਾ ਵਿੱਚ 16 ਜਵਾਨਾਂ ਨੂੰ ਸ਼ਰਧਾਂਜਲੀ

ਸਿੱਕਮ ਹਾਦਸਾ: ਬਾਗਡੋਗਰਾ ਵਿੱਚ 16 ਜਵਾਨਾਂ ਨੂੰ ਸ਼ਰਧਾਂਜਲੀ

ਰਾਜਪਾਲ, ਮੁੱਖ ਮੰਤਰੀ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਜਵਾਨਾਂ ਦੀਆਂ ਦੇਹਾਂ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ
ਬਾਗਡੋਗਰਾ/ਗੰਗਟੋਕ- ਉੱਤਰੀ ਸਿੱਕਮ ਦੇ ਜ਼ੈਮਾ ਵਿੱਚ ਬੀਤੇ ਦਿਨ ਸੜਕ ਹਾਦਸੇ ਦੌਰਾਨ ਹਲਾਕ ਹੋਏ 16 ਜਵਾਨਾਂ ਨੂੰ ਅੱਜ ਇੱਥੇ ਫ਼ੌਜ ਵੱਲੋਂ ਇੱਕ ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕੀਤੀ ਗਈ। ਫ਼ੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉੱਤਰੀ ਸਿੱਕਮ ਦੇ ਜ਼ੈਮਾ ਨੇੜੇ ਇੱਕ ਫ਼ੌਜੀ ਟਰੱਕ ਖੱਡ ਵਿੱਚ ਡਿੱਗਣ ਕਾਰਨ ਭਾਰਤੀ ਫ਼ੌਜ ਨੇ ਆਪਣੇ ਬਹਾਦਰ 16 ਜਵਾਨ ਗੁਆ ਲਏ ਹਨ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਗਡੋਗਰਾ ਹਵਾਈ ਅੱਡੇ ’ਤੇ 12:36 ਦੇ ਕਰੀਬ ਪੁੱਜੀਆਂ 16 ਜਵਾਨਾਂ ਦੀਆਂ ਦੇਹਾਂ ’ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਫੌਜ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜਵਾਨਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਮ੍ਰਿਤਕ ਦੇਹਾਂ ਨੂੰ ਪਹਿਲਾਂ ਪੂਰਬੀ ਸਿੱਕਮ ਦੇ ਲਿਬਿੰਗ ਹੈਲੀਪੈਡ ਤੋਂ ਉੱਤਰੀ ਪੱਛਮੀ ਬੰਗਾਲ ਦੇ ਸਿਲੀਗੁੜੀ ਸ਼ਹਿਰ ਨੇੜੇ ਬਾਗਡੋਗਰਾ ਹਵਾਈ ਅੱਡੇ ’ਤੇ ਲਿਆਂਦਾ ਗਿਆ, ਫਿਰ ਇੱਥੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਵਾਨਾਂ ਦੇ ਘਰ ਭੇਜ ਦਿੱਤਾ ਗਿਆ। ਫ਼ੌਜ ਮੁਤਾਬਕ ਹਾਦਸੇ ਵਿੱਚ ਮਰਨ ਵਾਲਿਆਂ ’ਚ 285 ਮੈਡੀਕਲ ਰੈਜੀਮੈਂਟ ਦੇ ਨਾਇਬ ਸੂਬੇਦਾਰ ਚੰਦਨ ਕੁਮਾਰ ਮਿਸ਼ਰਾ ਅਤੇ ਨਾਇਬ ਸੂਬੇਦਾਰ ਓਂਕਾਰ ਸਿੰਘ (ਪਠਾਨਕੋਟ, ਪੰਜਾਬ), ਹੌਲਦਾਰ ਗੋਪੀਨਾਥ ਮਕੂਰ, ਸਿਪਾਹੀ ਸੁੱਖਾ ਰਾਮ, ਹੌਲਦਾਰ ਚਰਨ ਸਿੰਘ ਅਤੇ 26 ਮੈਕੇਨਾਈਜ਼ਡ ਇਨਫੈਂਟਰੀ ਦੇ ਨਾਇਕ ਰਵਿੰਦਰ ਸਿੰਘ ਥਾਪਾ ਸ਼ਾਮਲ ਹਨ। ਬਿਆਨ ਮੁਤਾਬਕ ਮਰਨ ਵਾਲਿਆਂ ਵਿੱਚ 221 ਫੀਲਡ ਰੈਜੀਮੈਂਟ ਦੇ ਨਾਇਕ ਵੈਸਾਖ ਐੱਸ. ਅਤੇ ਨਾਇਕ ਪ੍ਰਮੋਦ ਸਿੰਘ ਸ਼ਾਮਲ ਹਨ, ਜਦੋਂ ਕਿ 25 ਗ੍ਰੇਨੇਡੀਅਰਾਂ ਦੇ ਚਾਰ ਸਿਪਾਹੀ ਐੱਲ/ਨਾਇਕ ਭੁਪਿੰਦਰ ਸਿੰਘ, ਨਾਇਕ ਸ਼ਿਆਮ ਸਿੰਘ ਯਾਦਵ, ਨਾਇਕ ਲੋਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਵਿਕਾਸ ਕੁਮਾਰ, 8 ਰਾਜਸਥਾਨ ਰਾਈਫਲਜ਼ ਦੇ ਸੂਬੇਦਾਰ ਗੁਮਾਨ ਸਿੰਘ ਅਤੇ ਐੱਲ/ਹੌਲਦਾਰ ਅਰਵਿੰਦ ਸਿੰਘ, 113 ਇੰਜਨੀਅਰ ਰੈਜੀਮੈਂਟ ਦੇ ਐਲ/ਨਾਇਕ ਸੋਮਵੀਰ ਸਿੰਘ ਅਤੇ 1871 ਫੀਲਡ ਰੈਜੀਮੈਂਟ ਦੇ ਐਲ/ਨਾਇਕ ਮਨੋਜ ਕੁਮਾਰ ਵੀ ਇਸ ਹਾਦਸੇ ਵਿੱਚ ਸ਼ਹੀਦ ਹੋਏ ਜਵਾਨਾਂ ਵਿੱਚ ਸ਼ਾਮਲ ਸਨ।