ਸਿੰਘ ਸਭਾ ਦੀ 150 ਸਾਲਾ ਵਰ੍ਹੇਗੰਢ – ਪੰਥ, ਗ੍ਰੰਥ ਅਤੇ ਸਿੱਖ ਪਛਾਣ ਦੀ ਮਜ਼ਬੂਤੀ

ਸਿੰਘ ਸਭਾ ਦੀ 150 ਸਾਲਾ ਵਰ੍ਹੇਗੰਢ – ਪੰਥ, ਗ੍ਰੰਥ ਅਤੇ ਸਿੱਖ ਪਛਾਣ ਦੀ ਮਜ਼ਬੂਤੀ

ਡਾ. ਖੁਸ਼ਹਾਲ ਸਿੰਘ

ਬੰਦਾ ਸਿੰਘ ਬਹਾਦਰ ਵੱਲੋਂ 1710 ਵਿਚ ਮੁਗ਼ਲ ਰਾਜ ਪ੍ਰਬੰਧ ਵਿਰੁੱਧ ਸ਼ੁਰੂ ਕੀਤੀ ਹਥਿਆਰਬੰਦ ਟੱਕਰ ਵਿਚੋਂ ਜਾਂਬਾਜ਼ ਸਿੱਖ ਯੋਧਿਆਂ ਦੀਆਂ ਟੁਕੜੀਆਂ ਉੱਭਰੀਆਂ ਸਨ ਜਿਨ੍ਹਾਂ ਨੇ 50 ਸਾਲਾਂ ਦੇ ਅਰਸੇ ਵਿਚ ਨਵਾਬੀ ਤੰਤਰ ਨੂੰ ਤਹਿਸ-ਨਹਿਸ ਕਰ ਕੇ ਪੰਜਾਬ ਵਿਚ ਸਿੱਖ ਮਿਸਲਾਂ ਖੜ੍ਹੀਆਂ ਕੀਤੀਆਂ। ਅਗਲੇ 40 ਸਾਲਾਂ ਵਿਚ ਸਿੱਖ ਮਿਸਲਦਾਰਾਂ ਨੇ ਮੁਗ਼ਲ ਰਾਜਸ਼ਾਹੀ ਖਤਮ ਕਰ ਕੇ ਪੰਜਾਬ ਵਿਚ ਆਪਣਾ ਸਿੱਕਾ ਜਮਾ ਲਿਆ। ਸ਼ੁਕਰਚੱਕੀਆ ਮਿਸਲ ਦੇ ਜਾਨਸ਼ੀਨ ਰਣਜੀਤ ਨੇ ਕਈ ਸਦੀਆਂ ਤੋਂ ਤੁਰਕਾਂ, ਅਫ਼ਗਾਨਾਂ ਅਤੇ ਮੁਗ਼ਲਾਂ ਦੇ ਕਬਜ਼ੇ ਹੇਠ ਪੰਜਾਬ ਦੀ ਰਾਜਧਾਨੀ ਲਾਹੌਰ ਉੱਤੇ 1799 ਵਿਚ ਕਬਜ਼ਾ ਕਰ ਲਿਆ। ਉੱਤਰੀ-ਪੱਛਮੀ ਭਾਰਤ ਵਿਚ ਵੱਡੀ ਸਲਤਨਤ ਖੜ੍ਹੀ ਕੀਤੀ। ਰਣਜੀਤ ਸਿੰਘ ਨੇ ਆਪਣੇ ਸਮਿਆਂ ਵਿਚ ਵੱਧ ਖੁਸ਼ਹਾਲ ਅਤੇ ਇਨਸਾਫ਼ਪਸੰਦ ਰਾਜ ਪ੍ਰਬੰਧ ਕਾਇਮ ਕੀਤਾ ਜਿਸ ਨੂੰ ‘ਸਰਕਾਰ-ਏ-ਖ਼ਾਲਸਾ’ ਕਿਹਾ ਗਿਆ।

ਵੱਡੀ ਮੁਗ਼ਲ ਸਹਿਨਸ਼ਾਹੀ ਵਿਰੁੱਧ ਮਿਲਟਰੀ ਪੱਧਰ ਦੀਆਂ ਗੁਰੀਲਾ ਟੱਕਰਾਂ ਦੇਣ ਵਿਚ ਜਾਂ 18ਵੀਂ ਸਦੀ ਦੇ ਅਖ਼ੀਰ ਵਿਚ ਆਪਸੀ ਖਾਹਿਬਾਜ਼ੀ ਵਿਚ ਉਲਝੇ ਸਿੱਖ ਮਿਸਲਦਾਰ ਗੁਰਦੁਆਰਿਆਂ ਦੇ ਪ੍ਰਬੰਧ, ਗੁਰੂ ਫ਼ਲਸਫਾ ਅਤੇ ਸਿੱਖੀ ਜੀਵਨ ਜਾਚ ਦੀ ਪਕਿਆਈ/ਅਮਲ ਵੱਲ ਧਿਆਨ ਦੇ ਹੀ ਨਹੀਂ ਸਕੇ ਜਿਸ ਕਰ ਕੇ ਸਿਰਦਾਰ ਕਪੂਰ ਸਿੰਘ ਅਨੁਸਾਰ, ਸਿੱਖ ਮਿਸਲਾਂ ਦਾ ‘ਖ਼ਾਲਸਈ ਮੰਡਲ’ ਵਿਚਾਰਧਾਰਕ ਪੱਧਰ ਉੱਤੇ ਗੁਰੂ ਆਦਰਸ਼ ਤੋਂ ਥਿੜਕ ਕੇ ਪੁਰਾਣੀ ਰਾਜਸ਼ਾਹੀ ਵਿਚ ਜਾ ਡਿੱਗਿਆ। ਸਿੱਖੀ ਦੀ ਜਾਗ ਲੱਗੀ ਹੋਣ ਕਰ ਕੇ ਰਣਜੀਤ ਸਿੰਘ ਦੀ ਹਕੂਮਤ ਉਸ ਸਮੇਂ ਦੀਆਂ ਪ੍ਰਚੱਲਿਤ ਬਾਦਸ਼ਾਹਤਾਂ ਤੋਂ ਵੱਖਰਾ ਧਾਰਮਿਕ ਸਹਿਹੋਂਦ ਵਾਲਾ ਰਾਜ ਪ੍ਰਬੰਧ ਸੀ। ਉਸ ਦਾ ਤਖਤ ਨਿਰੋਲ ਪੰਥਕ ਨਹੀਂ ਸੀ। ਉਸ ਦੇ ਰਾਜ ਵਿਚ ਭਾਵੇਂ ਨਿੱਜੀ ਪਾਠਸ਼ਾਲਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਤੇ ਗੁਰਮੁੱਖੀ ਸਹਿਤ ਦੇ ਪਾਠਕ ਦਾ ਕੰਮ ਵੀ ਤੇਜ਼ ਹੋਇਆ ਪਰ ਉਸ ਸਮੇਂ ਸਿੱਖ ਧਰਮ ਦੇ ਅਧਿਐਨ ਲਈ ਕੋਈ ਸੰਸਥਾ ਸੰਗਠਿਤ ਨਹੀਂ ਹੋਈ ਅਤੇ ਨਾ ਹੀ ਸਿੱਖ ਧਰਮ ਨੂੰ ਬਦਲੇ ਹਾਲਾਤ ਦੇ ਪ੍ਰਸੰਗ ਵਿਚ ਉਚੇਰਾ ਦਾਰਸ਼ਨਿਕ ਮੁਹਾਵਰਾ ਜਾਂ ਖੋਜ ਵਿਧੀ ਅਪਣਾਏ ਜਾਣ ਲਈ ਕੋਈ ਮੰਚ ਤਿਆਰ ਹੋਇਆ ਸਗੋਂ ਪ੍ਰਚੱਲਿਤ ਸਨਾਤਨੀ ਮਨੌਤਾਂ, ਭਰਮਾਂ, ਵਿਸ਼ਵਾਸਾਂ ਅਤੇ ਰਸਮਾਂ ਦਾ ਬੋਲਬਾਲਾ ਹੋਰ ਵਧ ਗਿਆ। ਗੁਰਦੁਆਰਿਆਂ ਵਿਚ ਮਹੰਤਾਂ ਦਾ ਪਿਤਾ-ਪੁਰਖੀ ਕਬਜ਼ਾ ਮਜ਼ਬੂਤ ਹੋ ਗਿਆ। 1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਪੱਛਮ ਵਿਚੋਂ ਉੱਭਰੀ ‘ਨੇਸ਼ਨ ਸਟੇਟ’ ਦੀ ਮਾਡਰਨ ਸੋਚ/ਰਾਜ ਪ੍ਰਬੰਧ ਦਾ ਸਾਹਮਣਾ ਨਾ ਕਰ ਸਕਿਆ।

1849 ਵਿਚ ਅੰਗਰੇਜ਼ਾਂ ਤੋਂ ਹਾਰ ਦੇ ਬਾਅਦ ਦਸ ਪ੍ਰਤੀਸ਼ਤ ਸਿੱਖ ਵੱਸੋਂ ਨਿਰਾਸ਼ਤਾ, ਨਮੋਸ਼ੀ ਅਤੇ ਗੁਲਾਮੀਅਤ ਦੇ ਅਹਿਸਾਸ ਵਿਚ ਡੁੱਬ ਗਈ। ਅੰਗਰੇਜ਼ ਹਾਕਮਾਂ ਨੇ ਬਾਗੀਆਂ ਦੇ ਮੁਕਾਬਲੇ ਵਿਚ ਫਰਮਾਬਰਦਾਰ ਸਿੱਖ, ਹਿੰਦੂ ਅਤੇ ਮੁਸਲਮਾਨ ਜਗੀਰਦਾਰ ਅਤੇ ਪੁਜਾਰੀਆਂ ਨੂੰ ਵੱਡੇ ਪੱਧਰ ਉੱਤੇ ਖੜ੍ਹਾ ਕੀਤਾ। ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਨੂੰ ਬਦਨਾਮ ਕਰ ਕੇ ਆਪਣੀ ਬਸਤੀਵਾਦੀ ਸੋਚ/ਅਮਲ ਅਨੁਸਾਰ ਮੁੱਢੋਂ ਹੀ ਬਦਲ ਕੇ ‘ਮਾਈ-ਬਾਪ’ ਸੰਕਲਪ ਵਾਲੀ ਸਰਕਾਰ ਉਭਾਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੀ ਐਡਮਿਨਿਸਟ੍ਰੇਟਿਵ ਰਿਪੋਰਟ (1851-52) ਅਨੁਸਾਰ ਜਿਹੜੇ ਹਜ਼ਾਰਾਂ ਲੋਕਾਂ ਨੇ ਸਿੱਖੀ ਵਿਚ ਪ੍ਰਵੇਸ਼ ਕੀਤਾ ਸੀ, ਖ਼ਾਲਸਾ ਰਾਜ ਖਤਮ ਹੋਣ ਪਿੱਛੋਂ ਉਹ ਵੱਡੀ ਗਿਣਤੀ ਵਿਚ ਛੱਡ ਕੇ ਦੌੜਨ ਲੱਗੇ। ਖ਼ਾਲਸਾ ਫ਼ੌਜ ਦੇ ਕਈ ਜਰਨੈਲ ਵੀ ਮੁਸਲਮਾਨ ਅਤੇ ਕਈ ਈਸਾਈ ਬਣ ਗਏ।

ਅੰਗਰੇਜ਼ਾਂ ਨੇ ਪੰਜਾਬ ਵਿਚ ਉਰਦੂ ਨੂੰ ਸਰਕਾਰੀ ਭਾਸ਼ਾ ਬਣਾ ਦਿੱਤਾ। ਧਰਮ ਦੇ ਆਧਾਰ ਉੱਤੇ ਅਗੰਰੇਜ਼ਾਂ ਨੇ 1861 ਵਿਚ ਵੱਖਰੇ ਵੱਖਰੇ ਭਾਈਚਾਰਿਆਂ ਦੀ ਜਨਸੰਖਿਆ (ਮਰਦਮ-ਸ਼ੁਮਾਰੀ) ਦੀ ਗਿਣਤੀ ਸ਼ੁਰੂ ਕਰ ਦਿੱਤੀ। ਇਸ ਪ੍ਰਕਿਰਿਆ ਨੇ 19ਵੀਂ ਸਦੀ ਦੇ ਅਖ਼ੀਰ ਵਿਚ ਪੰਜਾਬੀ ਸਮਾਜ ਨੂੰ ਹਿੰਦੂ, ਮੁਸਲਮਾਨ ਅਤੇ ਸਿੱਖ ਫਿ਼ਰਕਿਆਂ ਵਿਚ ਵੰਡ ਦਿੱਤਾ। ਧਾਰਮਿਕ ਫਿ਼ਰਕਿਆਂ ਦੀ ਆਪਸੀ ਖਿੱਚੋਤਾਣ ਵਧ ਕੇ ਆਪਸੀ ਝਗੜਿਆਂ ਦੇ ਪੱਧਰ ਉੱਤੇ ਪਹੁੰਚ ਗਈ। ਧਾਰਮਿਕ ਫਿ਼ਰਕਾਪ੍ਰਸਤੀ ਪੰਜਾਬੀ ਹੋਣ ਦੇ ਅਹਿਸਾਸ ਉੱਤੇ ਭਾਰੂ ਹੁੰਦੀ ਗਈ। 1947 ਦੀ ਪੰਜਾਬ ਵੰਡ ਨੇ ਪੰਜਾਬੀਅਤ ਨੂੰ ਲੀਰੋ-ਲੀਰ ਕਰ ਦਿੱਤਾ।

19ਵੀਂ ਸਦੀ ਦੇ ਅਖ਼ੀਰ ਵਿਚ ਬ੍ਰਹਮੋ ਸਮਾਜ ਤੇ ਦੇਵ ਸਮਾਜ ਅਤੇ ਗੁਜਰਾਤ ਤੋਂ ਆਰੀਆ ਸਮਾਜ ਪੰਜਾਬ ਪਹੁੰਚ ਗਏ। ਉਨ੍ਹਾਂ ਦੇ ਪ੍ਰਤੀਕਰਮ ਵਿਚ ਮੁਸਲਮਾਨ ਵਿਚ ਨਵੀਂਆਂ ਤਨਜ਼ੀਮਾਂ ਖੜ੍ਹੀਆਂ ਹੋਈਆਂ। ਈਸਾਈ ਮਿਸ਼ਨਰੀ ਲੁਧਿਆਣੇ ਵਿਚ ਪਹਿਲਾਂ ਤੋਂ ਹੀ ਸਰਗਰਮ ਸਨ ਜਿਹੜੇ ਅੰਗਰੇਜ਼ੀ ਰਾਜ ਸਮੇਂ ਪੰਜਾਬ ਦੇ ਕਸਬਿਆਂ ਸ਼ਹਿਰਾਂ ਵਿਚ ਫੈਲ ਗਏ।

ਅਖ਼ੀਰ, ਕੁਝ ਚੇਤੰਨ ਅਤੇ ਬਾ-ਰਸੂਖ ਸਿੱਖਾਂ ਨੇ 1873 ਵਿਚ ਸਿੰਘ ਸਭਾ ਅੰਮ੍ਰਿਤਸਰ ਵਿਚ ਖੜ੍ਹੀ ਕੀਤੀ। ਉਸੇ ਤਰਜ਼ ਉੱਤੇ 7 ਸਾਲਾਂ ਬਾਅਦ ਲਾਹੌਰ ਵਿਚ ਵੀ ਸਿੰਘ ਸਭਾ ਬਣੀ ਜਿਸ ਦੇ ਮੋਹਰੀ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਨੇ ਸਿੱਖਾਂ ਦੇ ਬੌਧਿਕ ਵਿਕਾਸ ਅਤੇ ਵੱਖਰੀ ਹਸਤੀ ਕਾਇਮ ਕਰਨ ਲਈ ਗੁਰਮੁਖੀ ਵਿਚ ਅਖ਼ਬਾਰ ਸ਼ੁਰੂ ਕੀਤੇ, ਟਰੈਕਟ ਛਾਪੇ ਅਤੇ ਆਰੀਆ ਸਮਾਜ ਦੇ ਤਿੱਖੇ ਧਾਰਮਿਕ ਤੇ ਸਭਿਆਚਾਰਕ ਹਮਲਿਆਂ ਨੂੰ ਪਛਾੜਿਆ। ਸਿੱਖ ਐਜੂਕੇਸ਼ਨ ਸੁਸਾਇਟੀ ਸਥਾਪਿਤ ਕਰਕੇ ਸਕੂਲ ਅਤੇ ਕਾਲਜ ਸ਼ੁਰੂ ਕੀਤੇ।

ਸਿੰਘ ਸਭਾ ਲਹਿਰ ਦੇ ਅਸਰ ਹੇਠ ਅਖੌਤੀ ਛੋਟੀ ਜਾਤੀ (ਦਲਿਤ) ਸਿੱਖਾਂ ਨੂੰ 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੇ ਅਧਿਕਾਰ ਪ੍ਰਾਪਤ ਹੋਏ। ਉਸੇ ਦਿਨ ਹੀ ਨਿਰਮਲੇ ਉਦਾਸੀ ਮਹੰਤਾਂ ਤੋਂ ਮੁਕਤ ਕਰਵਾਉਣ ਲਈ ਪੰਜ ਸਾਲ ਲੰਮੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵੀ ਇਸੇ ਲਹਿਰ ਵਿਚੋਂ ਨਿਕਲੇ। ਸਿੱਖ ਆਨੰਦ ਮੈਰਿਜ ਐਕਟ ਬਣਿਆ ਅਤੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉਠਾਈਆਂ ਗਈਆਂ। ਸਿੱਖ ਪੰਥ ਨੂੰ ਇਕ ਧਾਰਮਿਕ ਲੜੀ ਵਿਚ ਪਰੋਣ ਵਾਲੀ ਅਤੇ ਪੰਥਕ ਏਕਤਾ ਕਾਇਮ ਕਰਨ ਲਈ ਅਕਾਲ ਤਖਤ ਤੋਂ ਸਰਬ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ 1946 ਵਿਚ ਬਣਾਈ ਗਈ।

ਪਰ ਦੇਸ਼ ਆਜ਼ਾਦ ਹੋਣ ਸਮੇਂ ਪੰਜਾਬ ਦੀ ਵੰਡ ਦੌਰਾਨ ਸਿੱਖ ਭਾਈਚਾਰੇ ਦੇ ਜਾਨ-ਮਾਲ ਦੇ ਹੋਏ ਵੱਡੇ ਨੁਕਸਾਨ ਦੇ ਨਾਲ ਨਾਲ 60 ਪ੍ਰਤੀਸ਼ਤ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ। ਆਜ਼ਾਦ ਭਾਰਤ ਵਿਚ ਸਿੱਖਾਂ ਦੇ ਧਾਰਮਿਕ ਅਦਾਰਿਆਂ ਦਾ ਵੱਡੇ ਪੱਧਰ ਉੱਤੇ ਸਿਆਸੀਕਰਨ ਹੋਇਆ। ਇਸ ਪ੍ਰਕਿਰਿਆ ਵਿਚ ਸਿੰਘ ਸਭਾ ਲਹਿਰ ਦੀਆਂ ਵੱਡੀਆਂ ਪ੍ਰਾਪਤੀਆਂ, ਖਿੰਡ-ਪੁੰਡ ਗਈਆਂ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅਕਾਲੀਆਂ ਵੱਲੋਂ ਚਲਾਈ ਦਹਾਕਾ ਲੰਮੀ ਜੱਦੋ-ਜਹਿਦ ਦੇ ਅੰਤਿਮ ਨਿਰਣੇ ਨੇ ਪੰਜਾਬੀਆਂ ਨੂੰ ਨਿਰਾਸ਼ ਕਰ ਦਿੱਤਾ। ਉਸ ਤੋਂ ਬਾਅਦ ਜੂਨ ਅਤੇ ਨਵੰਬਰ ਚੌਰਾਸੀ ਦੀਆਂ ਦੁਖਦਾਇਕ ਘਟਨਾਵਾਂ ਨੇ ਪੰਥਕ ਏਕਤਾ, ਸਿੱਖ ਗੁਰੂ ਸਿਧਾਤਾਂ ਅਤੇ ਸਿੱਖੀ ਜੀਵਨ ਜਾਚ ਨੂੰ ਬਹੁਤ ਜ਼ਿਆਦਾ ਮਾੜਾ ਅਸਰ ਪਾਇਆ। ਸਿੱਖਾਂ ਅੰਦਰ ਮੁੜ ਡੇਰੇਦਾਰੀਆਂ ਦਾ ਪ੍ਰਭਾਵ ਵਧ ਗਿਆ। ਸਨਾਤਨੀ ਧਾਰਮਿਕ ਲਿਖਤਾਂ ਦਾ ਸਿੱਖਾਂ ਅੰਦਰ ਪ੍ਰਚਾਰ ਅਤੇ ਪ੍ਰਸਾਰ ਵਧਿਆ। ਕਈ ਵਿਵਾਦ ਵਾਲੇ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਧਾਰਮਿਕ ਰੁਤਬਾ ਦੇਣ ਦੀ ਕੋਸ਼ਿਸ਼ ਕੀਤੀ ਗਈ।

ਇਸ ਸਬੰਧ ਵਿਚ ਸਿੰਘ ਸਭਾ ਦੀ 150 ਸਾਲਾ ਸਥਾਪਨਾ ਵਰ੍ਹੇ ਦੀਆਂ ਗਤੀਵਿਧੀਆਂ ਹੇਠ ਲਿਖੇ ਅਨੁਸਾਰ ਨੁਕਤਿਆਂ ਉੱਤੇ ਕੇਂਦਰਿਤ ਰਹਿਣਗੀਆਂ: ਸਿੱਖੀ ਸਿਧਾਂਤ ਅਤੇ ਗੁਰੂ ਫ਼ਲਸਫੇ ਤੇ ਧਾਰਮਿਕ ਗ੍ਰੰਥਾਂ ਦੀ ਮੁੜ ਛਾਣਬੀਣ ਕਰਨਾ; ਜਾਤ-ਪਾਤ ਵਿਰੋਧੀ ਮੁਹਿੰਮ ਖੜ੍ਹੀ ਕਰਨਾ; ਸਿੱਖ ਵਿਦਿਅਕ ਅਦਾਰੇ ਮਜ਼ਬੂਤ ਕਰਨਾ ਅਤੇ ਸਿੱਖ ਇਤਿਹਾਸ ਨੂੰ ਮੁੜ ਵਾਚਣਾ; ਨਿਵੇਕਲੀ ਸਿੱਖ ਹਸਤੀ ਮਜ਼ਬੂਤ ਕਰਨਾ; ਧਾਰਮਿਕ ਅਦਾਰਿਆਂ ਦਾ ਬੰਦੋਬਸਤ ਸੁਧਾਰਨਾ; ਡੇਰਾਵਾਦੀਆਂ ਦੇ ਵਧਦੇ ਪ੍ਰਭਾਵ ਨੂੰ ਰੋਕਣਾ ਅਤੇ ਸਰਬਪ੍ਰਵਾਨਿਤ ਸਿੱਖ ਮਰਿਯਾਦਾ ਨੂੰ ਦੁਨੀਆ ਭਰ ਦੇ ਸਿੱਖਾਂ ਵਿਚ ਲਾਗੂ ਕਰਾਉਣਾ।
*ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ।
ਸੰਪਰਕ: 93161-07093