ਸਿਲਕਿਆਰਾ ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ

ਸਿਲਕਿਆਰਾ ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ

ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਕੱਢਣ ਬਾਰੇ ਜਲਦੀ ਮਿਲ ਸਕਦੀ ਹੈ ਖ਼ੁਸ਼ਖ਼ਬਰੀ

ਉੱਤਰਕਾਸ਼ੀ : ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦਾ ਰਸਤਾ ਤਿਆਰ ਕਰਨ ਲਈ ਅਮਰੀਕੀ ਆਗਰ ਮਸ਼ੀਨ ਨਾਲ ਡਰਿਲਿੰਗ ਮੁੜ ਸ਼ੁਰੂ ਹੋਣ ਨਾਲ ਬਚਾਅ ਕਾਰਜ ਨੇ ਤੇਜ਼ੀ ਫੜ ਲਈ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।
ਅਧਿਕਾਰੀਆਂ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਅਮਰੀਕੀ ਆਗਰ ਮਸ਼ੀਨ ਨਾਲ ਮੰਗਲਵਾਰ ਦੇਰ ਰਾਤ ਦੁਬਾਰਾ ਡ੍ਰਿਲਿੰਗ ਸ਼ੁਰੂ ਕੀਤੀ ਗਈ ਅਤੇ ਹੁਣ ਤਕ ਮਲਬੇ ਦੇ ਅੰਦਰ 40 ਮੀਟਰ ਤਕ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ। ਸ਼ੁਕਰਵਾਰ ਦੁਪਹਿਰ ਨੂੰ ਆਗਰ ਮਸ਼ੀਨ ਦੇ ਸਖ਼ਤ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਡਰਿਲਿੰਗ ਬੰਦ ਕਰ ਦਿੱਤੀ ਗਈ ਸੀ। ਡਰਿਲਿੰਗ ਬੰਦ ਕੀਤੇ ਜਾਣ ਤੱਕ ਪਾਈਪ 22 ਮੀਟਰ ਮਲਬਾ ਹਟਾ ਕੇ ਅੰਦਰ ਦਾਖ਼ਲ ਹੋ ਚੁਕੀ ਸੀ। ਉਦੋਂ ਤਕ ਛੇ-ਛੇ ਮੀਟਰ ਵਾਲੀਆਂ ਚਾਰ 900 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਗਈਆਂ ਸਨ। ਅਗਲੀ ਪਾਈਪ ਨੂੰ ਜੋੜਨ ਲਈ ਆਖ਼ਰੀ ਪਾਈਪ ਦਾ ਦੋ ਮੀਟਰ ਹਿੱਸਾ ਬਾਹਰ ਛੱਡ ਦਿਤਾ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਹੁਣ ਮਲਬੇ ਦੇ ਅੰਦਰ 900 ਮਿਲੀਮੀਟਰ ਦੀ ਬਜਾਏ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਡਰਿਲਿੰਗ ਮੁੜ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਤਿੰਨ ਹੋਰ ਛੇ ਮੀਟਰ ਲੰਮੀਆਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਹੁਣ ਤੱਕ ਪਾਈਪ ਮਲਬੇ ਦੇ ਅੰਦਰ 40 ਮੀਟਰ ਤੱਕ ਜਾ ਚੁੱਕੀ ਹੈ। ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ ਹੋਣ ਕਾਰਨ ਬਚਾਅ ਕਾਰਜਾਂ ਨੇ ਤੇਜ਼ੀ ਫੜ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੰਗ ਦੇ ਅੰਦਰ 53 ਮੀਟਰ ਮਲਬਾ ਹੈ ਜਿਸ ਨੂੰ ਹਟਾਇਆ ਜਾਣਾ ਹੈ ਤਾਂ ਕਿ ਮਜ਼ਦੂਰਾਂ ਦੇ ਨਿਕਲਣ ਦਾ ਰਾਹ ਬਣ ਸਕੇ।
ਉੱਤਰਕਾਸ਼ੀ ਜ਼ਿਲ੍ਹੇ ’ਚ ਚਾਰਧਾਮ ਯਾਤਰਾ ਮਾਰਗ ’ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਡਿੱਗ ਗਿਆ ਸੀ, ਜਿਸ ਕਾਰਨ ਮਲਬੇ ’ਚ ਦੂਜੇ ਪਾਸੇ ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ।
ਬਚਾਅ ਮੁਲਾਜ਼ਮਾਂ ਨੇ ਮਲਬੇ ਰਾਹੀਂ 53 ਮੀਟਰ ਲੰਮੀ ਛੇ ਇੰਚ ਪਾਈਪਲਾਈਨ ਪਾਉਣ ’ਚ ਸਫ਼ਲਤਾ ਹਾਸਲ ਕੀਤੀ, ਜਿਸ ਰਾਹੀਂ ਮਜ਼ਦੂਰਾਂ ਤੱਕ ਹੋਰ ਭੋਜਨ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਪਾਈਪਲਾਈਨ ਰਾਹੀਂ ‘ਐਂਡੋਸਕੋਪਿਕ ਫਲੈਕਸੀ’ ਕੈਮਰਾ ਭੇਜ ਕੇ ਮਜ਼ਦੂਰਾਂ ਦੇ ਸੁਰੱਖਿਅਤ ਹੋਣ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਉ ਪ੍ਰਾਪਤ ਕੀਤੇ ਗਏ।