ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ

ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਰੋਡ ਸ਼ੋਅ

ਸ਼ੇਰਪੁਰ- ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਕਈ ਪਿੰਡਾਂ ’ਚ ਰੋਡਸ਼ੋਅ ਤੇ ਪਿੰਡ ਹੇੜੀਕੇ ਤੇ ਘਨੌਰੀ ਕਲਾਂ ’ਚ ਚੋਣ ਰੈਲੀਆਂ ਦੌਰਾਨ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਚੋਣ ਕਾਫ਼ਲੇ ਵਿੱਚ ਖਾਸ ਤੌਰ ’ਤੇ ਪਾਰਟੀ ਦੇ ਪੀਏਸੀ ਮੈਂਬਰ ਹਰਬੰਸ ਸਿੰਘ ਸਲੇਮਪੁਰ, ਸੀਨੀਅਰ ਆਗੂ ਅਮਰਜੀਤ ਸਿੰਘ ਬਾਦਸ਼ਾਹਪੁਰ, ਮਨਜੀਤ ਸਿੰਘ ਧਾਮੀ, ਜਗਤਾਰ ਸਿੰਘ ਖੇੜੀ ਆਦਿ ਸ਼ਾਮਲ ਸਨ।

ਸ੍ਰੀ ਮਾਨ ਦਾ ਕਾਫ਼ਲਾ ਰਣੀਕੇ ਪੁਲ ਤੋਂ ਸ਼ੁਰੂ ਹੋਇਆ। ਇਸ ਦੌਰਾਨ ਵੱਡੀ ਗਿਣਤੀ ਨਾਲ ਸ਼ਾਮਲ ਨੌਜਵਾਨਾਂ ਨੇ ਸਮਰਥਕਾਂ ਦੇ ਉਤਸ਼ਾਹ ਨੂੰ ਦੁੱਗਣਾ ਕਰ ਦਿੱਤਾ। ਇਹ ਕਾਫ਼ਲਾ ਮੂਲੋਵਾਲ, ਅਲਾਲ ਹੋ ਕੇ ਹੇੜੀਕੇ ਪਹੁੰਚਿਆਂ ਜਿੱਥੇ ਚੋਣ ਰੈਲੀ ਮਗਰੋਂ ਦੀਦਾਰਗੜ੍ਹ, ਘਨੌਰੀ ਖੁਰਦ ਹੁੰਦਾ ਹੋਇਆ ਘਨੌਰੀ ਕਲਾਂ ਦੇ ਇਕੱਠ ਵਿੱਚ ਪਹੁੰਚਿਆ। ਚੋਣ ਰੈਲੀਆਂ ਦੌਰਾਨ ਸ੍ਰੀ ਮਾਨ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਸ ਵਾਰ ਬਤੌਰ ਸੰਸਦ ਮੈਂਬਰ ਸੀਮਤ ਸਮਾਂ ਮਿਲਿਆ ਪਰ ਉਨ੍ਹਾਂ ਆਪਣੇ ਹਲਕੇ ਅੰਦਰ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਦੂਜੀਆਂ ਪਾਰਟੀਆਂ ਤੋਂ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਿੱਖ ਕੌਮ ਨੂੰ ਨਾ ਭੁਲਾਏ ਜਾ ਸਕਣ ਵਾਲੇ ਜ਼ਖ਼ਮਾਂ ਕਾਰਨ ਅਤੇ ਨੌਜਵਾਨਾਂ ਨੂੰ ਜੇਲ੍ਹਾਂ ਸੁੱਟਣ ਵਾਲੀ ‘ਆਪ’ ਸਰਕਾਰ ਨੂੰ ਸਬਕ ਸਿਖਾਉਣ ਦੀ ਲੋੜ ਹੈ। ਸ੍ਰੀ ਮਾਨ ਅੱਜ ਕੁੱਝ ਬਿਮਾਰ ਸਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਭਾਸ਼ਨ ਸੀਮਤ ਸ਼ਬਦਾਂ ਵਿੱਚ ਦਿੱਤੇ। ਉਨ੍ਹਾਂ ਦੇ ਸਿਹਤ ਨਾਸਾਜ਼ ਹੋਣ ਸਬੰਧੀ ਪੀਏਸੀ ਮੈਂਬਰ ਹਰਬੰਸ ਸਿੰਘ ਸਲੇਮਪੁਰ ਨੇ ਦੱਸਿਆ ਕਿ ਸ੍ਰੀ ਮਾਨ ਦੀ ਸਿਹਤ ਠੀਕ ਨਹੀਂ ਹੈ। ਕਾਫ਼ਲੇ ਵਿੱਚ ਯੂਥ ਵਿੰਗ ਦੇ ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਮੂਲੋਵਾਲ, ਰਣਜੀਤ ਸਿੰਘ ਮੂਲੋਵਾਲ ਆਦਿ ਵੀ ਸ਼ਾਮਲ ਸਨ।