ਸਿਆਸੀ ਰੋਸਾ: ਰਾਜਪਾਲ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬੰਦ..!

ਸਿਆਸੀ ਰੋਸਾ: ਰਾਜਪਾਲ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬੰਦ..!

ਆਮ ਫਲਾਈਟ ਵਿੱਚ ਸ੍ਰੀਨਗਰ ਦਾ ਦੌਰਾ ਕਰਕੇ ਆਏ ਰਾਜਪਾਲ
ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤਣਾ ਬੰਦ ਕਰ ਦਿੱਤਾ ਹੈ। ਰਾਜਪਾਲ ਪੁਰੋਹਿਤ ਪ੍ਰਾਈਵੇਟ ਹਵਾਈ ਕੰਪਨੀ ਦੀ ਆਮ ਫਲਾਈਟ ’ਤੇ ਸ੍ਰੀਨਗਰ ਦਾ ਦੌਰਾ ਕਰ ਕੇ ਆਏ ਹਨ। ਚੇਤੇ ਰਹੇ ਕਿ ਰਾਜਪਾਲ ਨੇ 21 ਜੂਨ ਨੂੰ ਐਲਾਨ ਕੀਤਾ ਸੀ ਕਿ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਣਗੇ। ਰਾਜਪਾਲ ਅੱਜ ਸਵੇਰੇ ਹੀ ਸ੍ਰੀਨਗਰ ਤੋਂ ਚੰਡੀਗੜ੍ਹ ਪਰਤੇ ਹਨ। ਐਤਵਾਰ ਨੂੰ ਰਾਜਪਾਲ ਪੁਰੋਹਿਤ ਨੇ ਸ੍ਰੀਨਗਰ ਵਿੱਚ ਕਲਚਰਲ ਫ਼ੈਸਟੀਵਲ ’ਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ।

ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋਂ ਰਾਜਪਾਲ ਨੇ ਹਵਾਈ ਸਫ਼ਰ ਲਈ ਪੰਜਾਬ ਸਰਕਾਰ ਦੀ ਮਦਦ ਨਹੀਂ ਲਈ ਹੈ। ਸੂਤਰ ਦੱਸਦੇ ਹਨ ਕਿ ਪਹਿਲਾਂ ਜਦੋਂ ਵੀ ਰਾਜਪਾਲ ਨੇ ਸੂਬਾ ਸਰਕਾਰ ਤੋਂ ਹੈਲੀਕਾਪਟਰ ਦੀ ਮੰਗ ਕੀਤੀ ਤਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਹੈਲੀਕਾਪਟਰ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਕਈ ਮੌਕਿਆਂ ’ਤੇ ਰਾਜਪਾਲ ਨੂੰ ਹੈਲੀਕਾਪਟਰ ਦੇਣ ਲਈ ਤਰਜੀਹ ਦਿੱਤੀ। ਰਾਜਪਾਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰਿਆਂ ਮੌਕੇ ਵੀ ਹੈਲੀਕਾਪਟਰ ਵਰਤਿਆ ਜਾਂਦਾ ਰਿਹਾ ਹੈ। ਪਹਿਲੇ ਸਰਹੱਦੀ ਦੌਰੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਪੁਰੋਹਿਤ ਨੇ ਇਕੱਠਾ ਹਵਾਈ ਸਫ਼ਰ ਵੀ ਕੀਤਾ ਸੀ।

ਪੰਜਾਬ ਦੇ ਰਾਜਪਾਲ ‘ਨੌਰਥ ਜ਼ੋਨ ਕਲਚਰ ਸੈਂਟਰ’ ਦੇ ਚੇਅਰਮੈਨ ਵੀ ਹਨ ਅਤੇ ਉਨ੍ਹਾਂ ਨੇ ਸ੍ਰੀਨਗਰ ਵਿਚ ਚੱਲ ਰਹੇ ‘ਕਲਚਰਲ ਫ਼ੈਸਟੀਵਲ’ ਦੇ ਐਤਵਾਰ ਨੂੰ ਹੋਏ ਸਮਾਪਤੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਤਾਮਿਲ ਨਾਡੂ ਦੇ ਰਾਜਪਾਲ ਵੀ ਇਨ੍ਹਾਂ ਸਮਾਗਮਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸੂਤਰਾਂ ਅਨੁਸਾਰ ਰਾਜਪਾਲ ਪੁਰੋਹਿਤ ਮੁਹਾਲੀ ਹਵਾਈ ਅੱਡੇ ਤੋਂ ਰੋਜ਼ਾਨਾ ਜਾਣ ਵਾਲੀ ਏਅਰਲਾਈਨ ’ਤੇ ਸ੍ਰੀਨਗਰ ਲਈ ਰਵਾਨਾ ਹੋਏ ਸਨ ਅਤੇ ਅੱਜ ਵਾਪਸ ਪਰਤੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਲੰਘੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਦੌਰਾਨ ਕਿਹਾ ਸੀ ਕਿ ਰਾਜਪਾਲ ਉਨ੍ਹਾਂ ਦਾ ਹੈਲੀਕਾਪਟਰ ਵੀ ਵਰਤਦੇ ਹਨ ਅਤੇ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਦੇ ਹਨ। ਇਸ ਦੇ ਰੋਸ ਵਜੋਂ ਰਾਜਪਾਲ ਨੇ ਸਰਕਾਰੀ ਹੈਲੀਕਾਪਟਰ ਨਾ ਵਰਤਣ ਦਾ ਫ਼ੈਸਲਾ ਕੀਤਾ ਸੀ। ਚੇਤੇ ਰਹੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਿਛਲੇ ਹਫ਼ਤੇ ਸ੍ਰੀਨਗਰ ਦੇ ਦੋ ਦਿਨਾਂ ਦੌਰੇ ’ਤੇ ਸਨ। ਸੂਤਰ ਆਖਦੇ ਹਨ ਕਿ ਆਉਂਦੇ ਦਿਨਾਂ ਵਿਚ ਪੰਜਾਬ ਦੇ ਦੌਰੇ ਵੀ ਰਾਜਪਾਲ ਸੜਕੀ ਰਸਤੇ ਹੀ ਕਰਨਗੇ। ਰਾਜਪਾਲ ਨੇ ਕਿਹਾ ਸੀ ਕਿ ਉਹ ਜਦੋਂ ਸੜਕੀ ਰਸਤੇ ਦੌਰੇ ਕਰਨਗੇ ਤਾਂ ਉਨ੍ਹਾਂ ਨੂੰ ਲੋਕਾਂ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ।