ਸਿਆਸੀ ਦਖ਼ਲ ਨੇ ਸਹਿਕਾਰੀ ਖੇਤਰ ਨੂੰ ਨੁਕਸਾਨ ਪਹੁੰਚਾਇਆ: ਸ਼ਾਹ

ਸਿਆਸੀ ਦਖ਼ਲ ਨੇ ਸਹਿਕਾਰੀ ਖੇਤਰ ਨੂੰ ਨੁਕਸਾਨ ਪਹੁੰਚਾਇਆ: ਸ਼ਾਹ

ਮੁੰਬਈ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸਹਿਕਾਰੀ ਖੇਤਰ ‘ਅਪ੍ਰਸੰਗਿਕ ਨਹੀਂ’ ਹੈ ਪਰ ਅਤੀਤ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਸ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਇਸ ਨੂੰ ਖੇਤੀਬਾੜੀ ਮੰਤਰਾਲੇ ਤੋਂ ਇਸ ਨੂੰ ਡੀ-ਲਿੰਕ ਕਰਨ ਦੇ ਫ਼ੈਸਲੇ ਨੇ ਸਹਿਕਾਰੀ ਖੇਤਰ ਨੂੰ ਜਬਰਦਸਤ ਹੁਲਾਰਾ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਨਾਲ-ਨਾਲ ਸਹਿਕਾਰਤਾ ਪੋਰਟਫੋਲੀਓ ਸੰਭਾਲ ਰਹੇ ਅਮਿਤ ਸ਼ਾਹ ਮੁੰਬਈ ਯੂਨੀਵਰਸਿਟੀ ਵਿੱਚ ਲਕਸ਼ਮਣਰਾਓ ਇਨਾਮਦਾਰ ਮੈਮੋਰੀਅਲ ਲੈਕਰਚ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਹਿਕਾਰਤਾ ਇੱਕ ਮਨੁੱਖੀ-ਕੇਂਦਰਿਤ ਮਾਡਲ ਹੈ, ਜਿੱਥੇ ਘੱਟੋ-ਘੱਟ ਪੂੰਜੀ ਵਾਲੇ ਲੋਕ ਇਕੱਠੇ ਹੋ ਕੇ ਆਰਥਿਕਤਾ ਵਿੱਚ ਯੋਗਦਾਨ ਪਾ ਸਕਦੇ ਹਨ ਅਤੇ ਉਨ੍ਹਾਂ ਲੋਕਾਂ ਨਾਲ ਮੁਕਾਬਲਾ ਕਰ ਸਕਦੇ ਹਨ, ਜਿਨ੍ਹਾਂ ਕੋਲ ਵਧੇਰੇ ਫੰਡਾਂ ਤੱਕ ਪਹੁੰਚ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲਗਭਗ 60 ਕਰੋੜ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਹੈ, ਜਿਨ੍ਹਾਂ ਕੋਲ ਬੈਂਕ ਖਾਤੇ ਨਹੀਂ ਹਨ ਅਤੇ ਉਹ ਗੈਰ-ਰਸਮੀ ਅਰਥਵਿਵਸਥਾ ਦਾ ਹਿੱਸਾ ਸਨ। ਸ਼ਾਹ ਨੇ ਕਿਹਾ ਕਿ ਸਹਿਕਾਰਤਾ ਖੇਤਰ ਨੂੰ ਆਧੁਨਿਕ ਤਕਨੀਕਾਂ ਅਪਨਾਉਣ ਦੀ ਲੋੜ ਹੈ।

ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੱਖਣੀ ਮੁੰਬਈ ਦੇ ਮਾਲਾਬਾਰ ਹਿੱਲ ਸਥਿਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਰਿਹਾਇਸ਼ ‘ਸਾਗਰ’ ਪਹੁੰਚ ਕੇ ਗਣਪਤੀ ਸਮਾਰੋਹ ਵਿੱਚ ਹਿੱਸਾ ਲਿਆ। ਸਮਾਰੋਹ ਦੌਰਾਨ ਸ਼ਿੰਦੇ ਦੀ ਰਿਹਾਇਸ਼ ’ਤੇ ਫੜਨਵੀਸ ਸਣੇ ਸੂਬਾ ਸਰਕਾਰ ਦੇ ਮੰਤਰੀ ਮੰਗਲ ਪ੍ਰਭਾਤ ਲੋਢਾ ਅਤੇ ਦੀਪਕ ਕੇਸਰਕਰ ਵੀ ਹਾਜ਼ਰ ਸਨ। ਬਾਅਦ ਵਿੱਚ ਸ਼ਾਹ ਸ਼ਹਿਰ ਦੇ ਲਾਲਬਾਗ-ਚਿੰਚਪੋਕਲੀ ਵਿੱਚ ਬਣਾਏ ਗਏ ਪ੍ਰਸਿੱਧ ‘ਲਾਲਬਾਗ ਦੇ ਰਾਜਾ’ ਪੰਡਾਲ ਵਿੱਚ ਵੀ ਪੂਜਾ ਕਰਨ ਗਏ।