ਸਿਆਸੀ ਗੁੱਸਾ: ਪ੍ਰਤਾਪ ਬਾਜਵਾ ਹੋਏ ਰਾਜਾ ਵੜਿੰਗ ਨਾਲ ਨਾਰਾਜ਼

ਸਿਆਸੀ ਗੁੱਸਾ: ਪ੍ਰਤਾਪ ਬਾਜਵਾ ਹੋਏ ਰਾਜਾ ਵੜਿੰਗ ਨਾਲ ਨਾਰਾਜ਼

ਕਾਂਗਰਸ ਭਵਨ ਦਾ ਗੇਟ ਨਾ ਖੋਲ੍ਹੇ ਜਾਣ ਤੋਂ ਨਾਰਾਜ਼ ਬਾਜਵਾ ਪ੍ਰਦਰਸ਼ਨਾਂ ’ਚੋਂ ਰਹੇ ਗ਼ੈਰਹਾਜ਼ਰ

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਮੁਹਾਲੀ ਦੇ ਵਿਜੀਲੈਂਸ ਭਵਨ ਅੱਗੇ ਪ੍ਰਦਰਸ਼ਨ ’ਚੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗ਼ੈਰਹਾਜ਼ਰੀ ਨੇ ਕਾਂਗਰਸੀ ਮਾਹੌਲ ਨੂੰ ਕਿਰਕਿਰਾ ਕਰ ਦਿੱਤਾ। ਇਸ ਪ੍ਰਦਰਸ਼ਨ ਤੋਂ ਪਹਿਲਾਂ ਇੱਥੇ ਕਾਂਗਰਸ ਭਵਨ ਵਿਚ ਰੱਖੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਹੋ ਕੇ ਪਰਤ ਗਏ। ਨਾਰਾਜ਼ਗੀ ਦੀ ਵਜ੍ਹਾ ਕਾਂਗਰਸ ਭਵਨ ਦੇ ਮੁੱਖ ਗੇਟ ਨੂੰ ਨਾ ਖੋਲ੍ਹਿਆ ਜਾਣਾ ਬਣੀ ਹੈ। ਜਦੋਂ ਬਾਜਵਾ ਕਾਂਗਰਸ ਭਵਨ ਦੇ ਮੁੱਖ ਗੇਟ ’ਤੇ ਪੁੱਜੇ ਤਾਂ ਸੁਰੱਖਿਆ ਕਰਮੀਆਂ ਨੇ ਗੱਡੀ ਲਈ ਮੁੱਖ ਗੇਟ ਨਾ ਖੋਲ੍ਹਿਆ।

ਵਿਰੋਧੀ ਧਿਰ ਦੇ ਨੇਤਾ ਬਾਜਵਾ ਗੁੱਸੇ ਵਿੱਚ ਕਾਂਗਰਸ ਭਵਨ ਦੇ ਛੋਟੇ ਗੇਟ ਰਾਹੀਂ ਅੰਦਰ ਗਏ ਅਤੇ ਫ਼ੌਰੀ ਬਾਹਰ ਆ ਗਏ। ਮੀਡੀਆ ਨਾਲ ਵੀ ਉਨ੍ਹਾਂ ਕੋਈ ਗੱਲ ਨਾ ਕੀਤੀ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਜਦੋਂ ਤੱਕ ਇਸ ਘਟਨਾਕ੍ਰਮ ਦਾ ਪਤਾ ਲੱਗਾ, ਉਦੋਂ ਤੱਕ ਬਾਜਵਾ ਦੀ ਨਾਰਾਜ਼ਗੀ ਰੰਗ ਦਿਖਾ ਚੁੱਕੀ ਸੀ। ਸਿਆਸੀ ਅਨੁਮਾਨ ਹਨ ਕਿ ਅੱਜ ਦੀ ਇਸ ਘਟਨਾ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਖਟਾਸ ਦਾ ਮੁੱਢ ਬੰਨ੍ਹ ਦਿੱਤਾ ਹੈ। ਬਾਜਵਾ ਦੇ ਨਾਲ ਗੱਡੀ ਵਿੱਚ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵੀ ਵਾਪਸ ਚਲੇ ਗਏ ਸਨ। ਕਾਂਗਰਸ ਤਰਫ਼ੋਂ ਅੱਜ ਇੱਥੇ ਕਾਂਗਰਸ ਭਵਨ ਵਿੱਚ 11 ਵਜੇ ਪਾਰਟੀ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਮੁਖੀਆਂ ਦੀ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿੱਚ ਤੈਅ ਕੀਤਾ ਜਾਣਾ ਸੀ ਕਿ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ’ਤੇ ਦਰਜ ਪਰਚੇ ਦੇ ਖ਼ਿਲਾਫ਼ ਰੋਸ ਮੁਹਾਲੀ ਦੇ ਵਿਜੀਲੈਂਸ ਦਫ਼ਤਰ ਅੱਗੇ ਜ਼ਾਹਿਰ ਕੀਤਾ ਜਾਵੇ ਜਾਂ ਫਿਰ ਇਹ ਪ੍ਰਦਰਸ਼ਨ ਲੁਧਿਆਣਾ ਵਿਚ ਕੀਤਾ ਜਾਵੇ ਜਿੱਥੇ ਕੇਸ ਦਰਜ ਹੋਇਆ ਹੈ। ਪ੍ਰਤਾਪ ਸਿੰਘ ਬਾਜਵਾ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਮੌਕੇ ਦੱਸਿਆ ਕਿ ਕਾਂਗਰਸ ਦਾ ਮੁੱਖ ਗੇਟ ਖ਼ਰਾਬ ਹੋਣ ਕਰਕੇ ਖੁੱਲ੍ਹ ਨਹੀਂ ਸਕਿਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜੇਕਰ ਗੇਟ ਵਿਚ ਖ਼ਰਾਬੀ ਸੀ ਤਾਂ ਮੁੜ ਕੁੱਝ ਮਿੰਟਾਂ ਮਗਰੋਂ ਹੀ ਗੇਟ ਕਿਵੇਂ ਖੁੱਲ੍ਹ ਗਿਆ ਸੀ। ਇਸੇ ਦੌਰਾਨ ਅੱਜ ਮੀਡੀਆ ਨੂੰ ਵੀ ਕਾਂਗਰਸ ਭਵਨ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਸਿਆਸੀ ਹਲਕਿਆਂ ਦਾ ਆਖਣਾ ਹੈ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਜਿਸ ਲਹਿਜੇ ਨਾਲ ਭਰੇ-ਪੀਤੇ ਕਾਂਗਰਸ ਭਵਨ ’ਚੋਂ ਵਾਪਸ ਗਏ ਹਨ, ਉਸ ਤੋਂ ਜਾਪਦਾ ਹੈ ਕਿ ਕਾਂਗਰਸ ਵਿੱਚ ਮੁੜ ਨਵੀਂ ਕਤਾਰਬੰਦੀ ਖੜ੍ਹੀ ਹੋ ਜਾਵੇਗੀ।

ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਐਤਕੀਂ ਵਿਧਾਨ ਸਭਾ ਵਿੱਚ ਕਾਰਗੁਜ਼ਾਰੀ ਨੂੰ ਸਲਾਹੁਣਯੋਗ ਸਮਝਿਆ ਜਾ ਰਿਹਾ ਹੈ। ਮਾਝੇ ਦੇ ਕਾਂਗਰਸੀ ਲੀਡਰਾਂ ਵਿੱਚ ਹਮੇਸ਼ਾ ਹੀ ਗੁੱਟਬੰਦੀ ਰਹੀ ਹੈ। ਅੱਜ ਰਾਜਾ ਵੜਿੰਗ ਨਾਲ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪੁੱਜੇ। ਰਾਜਾ ਵੜਿੰਗ ਲਈ ਇਹ ਨਵੀਂ ਮੁਸ਼ਕਲ ਪੈਦਾ ਹੋ ਗਈ ਹੈ ਜਦਕਿ ਪਹਿਲਾਂ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂੁ ਦਰਮਿਆਨ ਵੀ ਤਾਲਮੇਲ ਨਹੀਂ ਬਣ ਸਕਿਆ ਸੀ।

ਸਭ ਕੁਝ ਸਰਕਾਰ ਦੇ ਇਸ਼ਾਰੇ ’ਤੇ ਹੋਇਆ : ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਸੁਰੱਖਿਆ ਕਰਮੀਆਂ ਨੇ ਪ੍ਰਤਾਪ ਬਾਜਵਾ ਲਈ ਮੁੱਖ ਗੇਟ ਨਹੀਂ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬਦਤਮੀਜ਼ੀ ਕੀਤੀ ਹੈ ਅਤੇ ਅਜਿਹੀ ਸੁਰੱਖਿਆ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੈ। ਉਹ ਇਹ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਬਾਜਵਾ ਉਨ੍ਹਾਂ ਦੇ ਭਰਾ ਹਨ ਅਤੇ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ।