ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਭਾਰਤ ਸਮੇਤ ਪੂਰੇ ਵਿਸ਼ਵ ਵਿਚ ਕੀਤਾ ਗਿਆ ਸਿਜਦਾ

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਭਾਰਤ ਸਮੇਤ ਪੂਰੇ ਵਿਸ਼ਵ ਵਿਚ ਕੀਤਾ ਗਿਆ ਸਿਜਦਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਸ਼ਹੀਦੀ ਸਮਾਗਮ’ ’ਚ ਕੀਤੀ ਸ਼ਿਰਕਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਿੱਖ ਗੁਰੂਆਂ ਨੇ ਭਾਰਤੀਆਂ ਨੂੰ ਆਪਣੀ ਧਰਤੀ ਦੇ ਮਾਣ ਲਈ ਜਿਉਣਾ ਸਿਖਾਇਆ ਅਤੇ ਦੇਸ਼ ਨੂੰ ਬਿਹਤਰ ਅਤੇ ਵਿਕਸਤ ਬਣਾਉਣ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਕਰਵਾਏ ਗਏ ‘ਵੀਰ ਬਾਲ ਦਿਵਸ’ ਪ੍ਰੋਗਰਾਮ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦੀ ਕੁਰਬਾਨੀ ਨੂੰ ਨਾ ਸਿਰਫ਼ ਭਾਰਤ ਵਿਚ ਸਗੋਂ ਵਿਸ਼ਵ ਪੱਧਰ ’ਤੇ ਯਾਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਬਹਾਦਰ ਸਾਹਿਬਜ਼ਾਦਿਆਂ ਬਾਰੇ ਪੂਰੀ ਦੁਨੀਆ ਜਾਣੇਗੀ ਅਤੇ ਉਨ੍ਹਾਂ ਦੇ ਮਹਾਨ ਕੰਮਾਂ ਤੋਂ ਲੋਕਾਂ ਨੂੰ ਸਿੱਖਿਆ ਮਿਲੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਭਾਰਤ ਦੇ ਨੌਜਵਾਨਾਂ ਦੇ ਬੇਅੰਤ ਸੁਪਨਿਆਂ ਨੂੰ ਪੂਰਾ ਕਰਨ ਲਈ ਸਪੱਸ਼ਟ ਦ੍ਰਿਸ਼ਟੀਕੋਣ ਅਤੇ ਰੋਡਮੈਪ ਹੈ, ਚਾਹੇ ਉਹ ਕਿਸੇ ਵੀ ਖੇਤਰ ਅਤੇ ਸਮਾਜ ਵਿਚ ਪੈਦਾ ਹੋਏ ਹੋਣ।
ਭਾਰਤੀ ਅਰਥਵਿਵਸਥਾ ਦੇ ਆਕਾਰ ਵਿਚ ਵਾਧੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦੀ ਸਪੱਸ਼ਟ ਨੀਤੀ ਹੈ ਅਤੇ ਇਸ ਦੇ ਇਰਾਦਿਆਂ ਵਿਚ ਕੋਈ ਪ੍ਰਵਾਹ ਨਹੀਂ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਤੰਦਰੁਸਤ ਹੋਣਗੇ, ਤਾਂ ਉਹ ਆਪਣੇ ਕਰੀਅਰ ਅਤੇ ਜੀਵਨ ਵਿਚ ‘ਸੁਪਰ ਹਿੱਟ’ ਹੋਣਗੇ।
ਉਨ੍ਹਾਂ ਲੋਕਾਂ ਨੂੰ ਚੰਗੀ ਖੁਰਾਕ ਖਾਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਦੂਰ ਰਹਿਣ ਲਈ ਕਿਹਾ। ਮੋਦੀ ਨੇ ਧਾਰਮਿਕ ਨੇਤਾਵਾਂ ਅਤੇ ਸਮਾਜਿਕ ਸੰਗਠਨਾਂ ਨੂੰ ਨਸ਼ੇ ਖਿਲਾਫ਼ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਭਾਰਤ ਨੂੰ ਆਪਣੀ ਵਿਰਾਸਤ ’ਤੇ ਮਾਣ ਹੈ ਤਾਂ ਇਸ ਪ੍ਰਤੀ ਵਿਸ਼ਵ ਦਾ ਨਜ਼ਰੀਆ ਵੀ ਬਦਲ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿਚੋਂ ਇੱਕ ਹੈ। ਆਜ਼ਾਦੀ ਦੀ ਲੜਾਈ ਦੇ ਸਮੇਂ ਭਾਰਤ ਦੀ ਉਮਰ ਵੀ ਇੰਨੀ ਛੋਟੀ ਨਹੀਂ ਸੀ। ਜਦੋਂ ਉਸ ਨੌਜਵਾਨ ਸ਼ਕਤੀ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਤਾਂ ਅੱਜ ਦੀ ਨੌਜਵਾਨ ਸ਼ਕਤੀ ਭਾਰਤ ਨੂੰ ਕਿਹੜੀਆਂ ਉਚਾਈਆਂ ’ਤੇ ਲੈ ਜਾ ਸਕਦੀ ਹੈ, ਇਹ ਕਲਪਨਾ ਤੋਂ ਪਰੇ ਹੈ।
ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਦਾ ਭਾਰਤ ‘ਗੁਲਾਮੀ ਮਾਨਸਿਕਤਾ’ ਵਿਚੋਂ ਬਾਹਰ ਆ ਰਿਹਾ ਹੈ ਅਤੇ ਅੱਜ ਦੇ ਭਾਰਤ ਨੂੰ ਆਪਣੇ ਲੋਕਾਂ, ਆਪਣੀਆਂ ਸਮਰੱਥਾਵਾਂ ਅਤੇ ਆਪਣੀਆਂ ਪ੍ਰੇਰਨਾਵਾਂ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਵਿਰਸੇ ਦਾ ਸਤਿਕਾਰ ਨਹੀਂ ਕਰਦੇ, ਦੁਨੀਆਂ ਨੇ ਵੀ ਸਾਡੇ ਵਿਰਸੇ ਦੀ ਕਦਰ ਨਹੀਂ ਕੀਤੀ। ਅੱਜ ਜਦੋਂ ਅਸੀਂ ਆਪਣੇ ਵਿਰਸੇ ’ਤੇ ਮਾਣ ਮਹਿਸੂਸ ਕਰ ਰਹੇ ਹਾਂ ਤਾਂ ਦੁਨੀਆ ਦਾ ਨਜ਼ਰੀਆ ਵੀ ਬਦਲ ਗਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਦੇ ਮਾਰਚ ਪਾਸਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਵਜੋਂ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਸਾਲ ਜਨਵਰੀ ਵਿਚ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਪ੍ਰਧਾਨ ਮੰਤਰੀ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।