ਸਾਵਰਕਰ ਦੀ ਸ਼ਖ਼ਸੀਅਤ ਗੁਲਾਮ ਮਾਨਸਿਕਤਾ ਨੂੰ ਰਾਸ ਨਹੀਂ ਆਉਂਦੀ: ਮੋਦੀ

ਸਾਵਰਕਰ ਦੀ ਸ਼ਖ਼ਸੀਅਤ ਗੁਲਾਮ ਮਾਨਸਿਕਤਾ ਨੂੰ ਰਾਸ ਨਹੀਂ ਆਉਂਦੀ: ਮੋਦੀ

ਪ੍ਰਧਾਨ ਮੰਤਰੀ ਸਮੇਤ ਕਈ ਮੰਤਰੀਆਂ ਤੇ ਸੰਸਦ ਮੈਂਬਰਾਂ ਵੱਲੋਂ ਸਾਵਰਕਰ ਦੀ ਜੈਅੰਤੀ ਮੌਕੇ ਸ਼ਰਧਾਂਜਲੀਆਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਨਾਇਕ ਦਾਮੋਦਰ ਸਾਵਰਕਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਿਡਰ ਤੇ ਆਤਮ ਸਨਮਾਨ ਭਰਿਆ ਸੁਭਾਅ ਗੁਲਾਮ ਮਾਨਸਿਕਤਾ ਨੂੰ ਰਾਸ ਨਹੀਂ ਆਉਂਦਾ ਸੀ। ਉਨ੍ਹਾਂ ‘ਮਨ ਕੀ ਬਾਤ’ ਪ੍ਰੋਗਰਾਮ ’ਚ ਸਾਵਰਕਰ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਪ੍ਰਧਾਨ ਓਮ ਬਿਰਲਾ, ਕਈ ਮੰਤਰੀਆਂ ਤੇ ਸੰਸਦ ਮੈਂਬਰਾਂ ਨੇ ਵੀਡੀ ਸਾਵਰਕਰ ਨੂੰ ਪੁਰਾਣੇ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅੱਜ ਸਾਵਰਕਰ ਦੀ ਜੈਅੰਤੀ ਹੈ। ਉਨ੍ਹਾਂ ਦੇ ਤਿਆਗ, ਹੌਸਲੇ ਤੇ ਸੰਕਲਪ ਸ਼ਕਤੀ ਨਾਲ ਜੁੜੀਆਂ ਕਹਾਣੀਆਂ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ। ਮੈਂ ਉਹ ਦਿਨ ਭੁੱਲ ਨਹੀਂ ਸਕਦਾ ਜਦੋਂ ਮੈਂ ਅੰਡੇਮਾਨ ’ਚ ਉਸ ਕੋਠੜੀ ’ਚ ਗਿਆ ਸੀ ਜਿੱਥੇ ਸਾਵਰਕਰ ਨੇ ਕਾਲਾ ਪਾਣੀ ਦੀ ਸਜ਼ਾ ਕੱਟੀ ਸੀ।’ ਉਨ੍ਹਾਂ ਕਿਹਾ ਕਿ ਆਜ਼ਾਦੀ ਸੰਘਰਸ਼ ’ਚ ਹੀ ਨਹੀਂ ਬਲਕਿ ਸਮਾਜਿਕ ਬਰਾਬਰੀ ਤੇ ਸਮਾਜਿਕ ਨਿਆਂ ਲਈ ਸਾਵਰਕਰ ਨੇ ਜੋ ਕੁਝ ਕੀਤਾ, ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਪ੍ਰਧਾਨ ਓਮ ਬਿਰਲਾ, ਕਈ ਕੇਂਦਰੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੇ ਪੁਰਾਣੇ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸਾਵਰਕਰ ਦੀ ਤਸਵੀਰ ’ਤੇ ਫੁੱਲ ਚੜ੍ਹਾਏ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟੀਟ ਕੀਤਾ, ‘ਆਪਣੇ ਵਿਚਾਰਾਂ ਨਾਲ ਅਣਗਿਣਤ ਭਾਰਤੀਆਂ ਦੇ ਦਿਲਾਂ ’ਚ ਦੇਸ਼ ਭਗਤੀ ਦੀ ਸ਼ਮ੍ਹਾਂ ਰੋਸ਼ਨ ਕਰਨ ਵਾਲੇ ਦੇਸ਼ ਭਗਤ ਸਾਵਰਕਰ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਨਮਨ। ਸਾਵਰਕਰ ਦੀ ਦੇਸ਼ ਭਗਤੀ, ਤਿਆਗ ਤੇ ਸਮਰਪਣ ਯੁਗਾਂ-ਯੁਗਾਂ ਤੱਕ ਦੇਸ਼ ਵਾਸੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ।’ ਜ਼ਿਕਰਯੋਗ ਹੈ ਕਿ ਸਾਵਰਕਰ ਦਾ ਜਨਮ 1883 ’ਚ ਮਹਾਰਾਸ਼ਟਰ ’ਚ ਹੋਇਆ ਸੀ। ਹਿੰਦੂਤਵ ਵਿਚਾਰਧਾਰਾਵਾਂ ਵਾਲੇ ਸੰਗਠਨ ਉਨ੍ਹਾਂ ਨੂੰ ਇੱਕ ਨਾਇਕ ਮੰਨਦੇ ਹਨ।