ਸਾਰੇ ਵਪਾਰਕ ਅਦਾਰਿਆਂ ਨੂੰ ਜੀਐੱਸਟੀ ਅਧੀਨ ਲਿਆਉਣ ਲਈ ਯਤਨ: ਸੀਤਾਰਾਮਨ

ਸਾਰੇ ਵਪਾਰਕ ਅਦਾਰਿਆਂ ਨੂੰ ਜੀਐੱਸਟੀ ਅਧੀਨ ਲਿਆਉਣ ਲਈ ਯਤਨ: ਸੀਤਾਰਾਮਨ

ਵਾਪੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਵਿੱਤ ਮੰਤਰਾਲੇ ਦਾ ਧਿਆਨ ਨਾ ਸਿਰਫ਼ ਜੀਐੱਸਟੀ ਮਾਲੀਆ ਵਧਾਉਣ ’ਤੇ ਹੈ ਬਲਕਿ ਸਾਰੀਆਂ ਵਪਾਰਕ ਸੰਸਥਾਵਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਉਹ ਗੁਜਰਾਤ ਵਿੱਚ 12 ਜੀਐਸਟੀ ਸੁਵਿਧਾ ਕੇਂਦਰ ਖੋਲ੍ਹਣ ਲਈ ਇੱਥੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਕੇਂਦਰਾਂ ਤੋਂ ਵਪਾਰਕ ਅਦਾਰਿਆਂ ਨੂੰ ਬਿਨਾਂ ਗਲਤੀ ਕੀਤੇ ਜੀਐਸਟੀ ਰਜਿਸਟਰੇਸ਼ਨ ਕਰਾਉਣ ’ਚ ਮਦਦ ਮਿਲੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਸੀਤਾਰਾਮਨ ਨੇ ਕਿਹਾ, ‘ਜੀਐੱਸਟੀ ਮਾਲੀਆ ਲਗਾਤਾਰ ਵਧ ਰਿਹਾ ਹੈ। ਜੀਐੱਸਟੀ ਨੇ ਪਹਿਲਾਂ ਮੁਕਾਬਲੇ ਕਈ ਵਸਤਾਂ ’ਤੇ ਦਰਾਂ ਘੱਟ ਕਰ ਦਿੱਤੀਆਂ ਹਨ। ਵਪਾਰੀਆਂ ਨੂੰ ਪਤਾ ਹੈ ਕਿ ਜੀਐੱਸਟੀ ਤਹਤਿ ਉਨ੍ਹਾਂ ’ਤੇ ਦੋਹਰਾ ਟੈਕਸ ਨਹੀਂ ਲਾਇਆ ਜਾਵੇਗਾ ਜਿਵੇਂ ਕਿ ਪਹਿਲਾਂ ਹੁੰਦਾ ਸੀ। ਇਸ ਲਈ ਜੀਐੱਸਟੀ ਮਾਲੀਆ ਵਧ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕਈ ਸੰਸਥਾਵਾਂ ਅਜੇ ਵੀ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਹਨ ਅਤੇ ਸੰਗਠਤਿ ਅਰਥਚਾਰੇ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਗਠਤਿ ਅਰਥਚਾਰੇ ਤੋਂ ਬਾਹਰ ਰਹਿਣਾ ਨਾ ਤਾਂ ਦੇਸ਼ ਲਈ ਚੰਗਾ ਹੈ ਅਤੇ ਨਾਲ ਹੀ ਉਨ੍ਹਾਂ ਲਈ ਜੋ ਜੀਐੱਸਟੀ ਦੀ ਜ਼ਦ ਤੋਂ ਬਾਹਰ ਰਹਿੰਦੇ ਹਨ।