ਸਾਰਾ ਪਰਿਵਾਰ ਧਰਮ ਲੇਖੇ ਲਾਉਣ ਵਾਲੇ ਬਾਬਾ ਜੀਵਨ ਸਿੰਘ

ਸਾਰਾ ਪਰਿਵਾਰ ਧਰਮ ਲੇਖੇ ਲਾਉਣ ਵਾਲੇ ਬਾਬਾ ਜੀਵਨ ਸਿੰਘ

ਸਿੱਖ ਧਰਮ ਵਿਚ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮ ਸਥਾਨ ਹੈ। ਉਨ੍ਹਾਂ ਦਾ ਪਰਿਵਾਰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਨਾਲ ਰਿਹਾ। ਬਾਬਾ ਜੀਵਨ ਸਿੰਘ ਬਹੁਪੱਖੀ ਸ਼ਖ਼ਸੀਅਤ ਹੋਏ ਸਨ। ਉਨ੍ਹਾਂ ਰਚਿਤ ਕਿਰਤ ‘ਸ੍ਰੀ ਗੁਰੂ ਕਥਾ’ ਵਿਚ ਆਪਣੇ ਸਮੇਂ ਦੇ ਧਾਰਮਿਕ, ਸਮਾਜਿਕ, ਸਿਆਸੀ ਹਾਲਾਤ ਬਾਰੇ ਬੜੀ ਗਿਆਨ ਭਰਪੂਰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵੱਖ ਵੱਖ ਜੰਗਾਂ ਵਿਚ ਹਿੱਸਾ ਲਿਆ ਅਤੇ ਬਹਾਦਰੀ ਦੇ ਜੌਹਰ ਦਿਖਾਏ।
ਤਲਵਾਰ ਦੇ ਧਨੀ, ਘੁੜਸਵਾਰੀ ਵਿਚ ਨਿਪੁੰਨ ਅਤੇ ਵਫਾਦਾਰ ਯੋਧਾ ਬਾਬਾ ਜੀਵਨ ਸਿੰਘ ਦੇ ਜਨਮ ਬਾਰੇ ਵੱਖ ਵੱਖ ਇਤਿਹਾਸਕਾਰਾਂ ਦੇ ਆਪੋ-ਆਪਣੇ ਵਿਚਾਰ ਹਨ। ਉਨ੍ਹਾਂ ਦਾ ਜਨਮ ਪਿਤਾ ਸਦਾਨੰਦ ਅਤੇ ਮਾਤਾ ਲਾਜਵੰਤੀ ਦੇ ਘਰ ਹੋਇਆ। ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਆਪਣੀ ਦੂਸਰੀ ਯਾਤਰਾ ਤਹਿਤ ਪਟਨਾ (ਬਿਹਾਰ) ਗਏ ਤਾਂ ਉਸ ਸਮੇਂ ਗੁਰੂ ਕੇ ਮਹਿਲ (ਮਾਤਾ ਗੁਜਰੀ ਜੀ) ਭਾਈ ਸਦਾਨੰਦ ਅਤੇ ਉਨ੍ਹਾਂ ਦੀ ਪਤਨੀ ਪ੍ਰੇਮੋ (ਲਾਜਵੰਤੀ) ਵੀ ਨਾਲ ਸਨ, ਉੱਥੇ ਹੀ ਭਾਈ ਜੈਤਾ ਦਾ ਜਨਮ ਹੋਇਆ। ਦਲਬੀਰ ਸਿੰਘ ਦੀ ਕਿਤਾਬ ‘ਵਰਿਆਮ ਇਕੇਲਾ’ ਅਨੁਸਾਰ, ‘ਭਾਈ ਕਲਿਆਣਾ ਕੱਥੂਨੰਗਲ (ਜ਼ਿਲ੍ਹਾ ਅੰਮਿ੍ਰਤਸਰ) ਦੇ ਰਹਿਣ ਵਾਲੇ ਸਨ। ਭਾਈ ਕਲਿਆਣ ਦੇ ਪੁੱਤਰ ਸੁੱਖਭਾਨ ਹੋਏ, ਅਗਾਂਹ ਉਸ ਦੇ ਪੁੱਤਰ ਜਸਭਾਨ ਹੋਏ ਜਿਸ ਦੇ ਦੋ ਪੁੱਤਰ ਆਗਿਆ ਰਾਮ ਅਤੇ ਭਾਈ ਸਦਾਨੰਦ ਹੋਏ। ਭਾਈ ਸਦਾਨੰਦ ਬਚਪਨ ਤੋਂ ਸਾਧੂ ਸੁਭਾਅ ਦੇ ਹੋਣ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆ ਗਏ। ਨੌਵੇਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੇ ਉਸ ਸਮੇਂ ਜਾਤ-ਪਾਤ ਮਿਟਾਉਣ ਦੀ ਪਹਿਲਕਦਮੀ ਕਰਦਿਆਂ ਭਾਈ ਸਦਾਨੰਦ ਦੀ ਸ਼ਾਦੀ ਦਿੱਲੀ ਦੇ ਸੰਗੀਤ ਘਰਾਣੇ ਦੇ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਕੀਤੀ। ਗੁਰੂ ਕੇ ਮਹਿਲ ਮਾਤਾ ਨਾਨਕੀ (ਗੁਰੂ ਹਰਗੋਬਿੰਦ ਜੀ) ਅਤੇ ਮਾਤਾ ਗੁਜਰੀ ਨੇ ਲਾਜਵੰਤੀ ਦਾ ਨਾਮ ਬਾਅਦ ਵਿਚ ਪ੍ਰੇਮੋ ਰੱਖਿਆ ਸੀ। ਲਾਜਵੰਤੀ ਦੇ ਘਰ ਦੋ ਪੁੱਤਰ ਜੈਤਾ (ਬਾਬਾ ਜੀਵਨ ਸਿੰਘ) ਅਤੇ ਸੰਗਤਾ (ਭਾਈ ਸੰਗਤ ਸਿੰਘ) ਹੋਏ।
ਬਾਬਾ ਜੀਵਨ ਸਿੰਘ ਯੁੱਧ ਵਿੱਦਿਆ ਦੇ ਮਾਹਿਰ, ਰਹਿਤਨਾਮਾਕਾਰ, ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਦੀ ਲਿਖੀ ਰਚਨਾ ‘ਸ੍ਰੀ ਗੁਰੂ ਕਥਾ’ ਵਿਚ ਦਰਜ ਹੈ- ‘‘ਪ੍ਰਭ ਕਿ੍ਰਪਾ ਕਰ ਦੀਜੀਏ ਜੀਵਨ ਸਿੰਘ ਕੋ ਦਾਨ। ਤਨ ਮਨ ਧਨ ਅਰਪਿਤ ਕਰਹੂੰ ਪ੍ਰੀਤੀ ਕੇ ਪ੍ਰਮਾਨ।” ਇਸੇ ਰਚਨਾ ਵਿਚ ਉਸ ਸਮੇਂ ਦੀ ਇਤਿਹਾਸਕ ਜਾਣਕਾਰੀ ਵੀ ਲਿਖੀ ਹੈ ਕਿ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਸਬਬ ਬਣਿਆ, ਔਰੰਗਜ਼ੇਬ ਦੀ ਕੂਟਨੀਤੀ ਕੀ ਸੀ, ਦਸਵੇਂ ਗੁਰੂ ਜੀ ਨਾਲ ਪਹਾੜੀ ਰਾਜੇ ਕਿਵੇਂ ਤੇ ਕਿਉਂ ਸਾੜਾ ਕਰਦੇ ਸਨ। ਇਸ ਤੋਂ ਇਲਾਵਾ ਧਾਰਮਿਕ ਹਾਲਾਤ ਬਾਰੇ ਜਾਣਕਾਰੀ ਵੀ ਮਿਲਦੀ ਹੈ। ਨਿਸ਼ਾਨ ਸਿੰਘ ਗੰਡੀਵਿੰਡ ਦੀ ਕਿਤਾਬ ‘ਸ਼ਹੀਦ ਬਾਬਾ ਜੀਵਨ ਸਿੰਘ: ਜੀਵਨ, ਰਚਨਾ ਅਤੇ ਵਿਆਖਿਆ’ ਨੂੰ ਘੋਖਣ ਤੇ ਉਨ੍ਹਾਂ ਦੁਆਰਾ ਰਚਿਤ ਸਾਹਿਤ ਵਿਚ ਖ਼ਾਲਸੇ ਦੀ ਸਾਜਨਾ ਦਾ ਜ਼ਿਕਰ ਮਿਲਦਾ ਹੈ। ਇਸ ਵਿਚ ਹੀ ਦਸਵੇਂ ਗੁਰੂ ਦੀਆਂ ਗਤੀਵਿਧੀਆਂ, ਸੇਵਾ, ਭਗਤੀ, ਕੁਰਬਾਨੀ ਅਤੇ ਆਤਮਿਕ ਸੱਚਾਈਆਂ ਬਾਰੇ ਵੇਰਵੇ ਕਲਮਬੱਧ ਹਨ।
ਜਦੋਂ ਨੌਵੇਂ ਗੁਰੂ ਜੀ ਨੂੰ ਦਿੱਲੀ ਗਿ੍ਰਫ਼ਤਾਰ ਕੀਤਾ ਤਾਂ ਗੁਰੂ ਜੀ ਦੁਆਰਾ ਭਾਈ ਜੈਤਾ ਜੀ ਨੂੰ 57 ਸਲੋਕ, ਪੰਜ ਪੈਸੇ, ਨਾਰੀਅਲ ਅਤੇ ਹੋਰ ਸਮੱਗਰੀ ਦੇ ਕੇ ਆਨੰਦਪੁਰ ਸਾਹਿਬ ਭੇਜਿਆ, ਇਉਂ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ) ਨੂੰ ਦਸਵੇਂ ਗੁਰੂ ਦੇ ਰੂਪ ਵਿਚ ਗੁਰਗੱਦੀ ਦਿੱਤੀ ਗਈ। ਭਾਈ ਜੈਤਾ ਜੀ ਦੁਆਰਾ ਉਸ ਸਮੇਂ ਖ਼ਤਰੇ ਭਰੇ ਹਾਲਾਤ ਵਿਚ ਦਿੱਲੀ ਤੋਂ ਇਹ ਸਮੱਗਰੀ ਆਨੰਦਪੁਰ ਸਾਹਿਬ ਲੈ ਕੇ ਆਉਣਾ ਅਤੇ ਦਿੱਲੀ ਵਿਚ ਵਾਪਰ ਰਹੇ ਘਟਨਾਕ੍ਰਮ ਤੋਂ ਜਾਣੂ ਕਰਵਾ ਕੇ ਫਿਰ ਦਿੱਲੀ ਨੂੰ ਜਾਣਾ ਕੋਈ ਛੋਟੀ ਗੱਲ ਨਹੀਂ ਸੀ। 1675 ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਜਦੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1699 ਵਿਚ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਚਾਰ ਸਾਹਿਬਜਾਦਿਆਂ ਨਾਲ ਭਾਈ ਜੈਤਾ ਜੀ ਨੂੰ ਅੰਮਿ੍ਰਤ ਛਕਾਇਆ ਅਤੇ ਬਾਬਾ ਜੀਵਨ ਸਿੰਘ ਦਾ ਨਾਮ ਦਿੱਤਾ। ਬਾਬਾ ਜੀਵਨ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੱਤਕਾ, ਘੁੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ। ਉਹ ਇੱਕੋ-ਇੱਕ ਅਜਿਹੇ ਯੋਧੇ ਹੋਏ ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ। ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ‘ਪੰਜਵਾਂ ਸਾਹਿਬਜ਼ਾਦਾ’ ਵਿਚ ਜ਼ਿਕਰ ਕੀਤਾ ਗਿਆ ਹੈ ਕਿ ‘ਭਾਈ ਜੈਤਾ ਜੀ ਨੇ ਚਾਂਦਨੀ ਚੌਕ (ਦਿੱਲੀ) ਵਿਚ ਗੁਰੂ ਜੀ ਦਾ ਸੀਸ ਚੁੱਕਣ ਤੋਂ ਪਹਿਲਾਂ ਆਪਣੇ ਪਿਤਾ ਸਦਾਨੰਦ ਨੂੰ ਸ਼ਹੀਦ ਕਰਕੇ ਉਸ ਦਾ ਸੀਸ ਗੁਰੂ ਜੀ ਦੇ ਧੜ ਨਾਲ ਟਿਕਾਇਆ।’ ਬਾਬਾ ਜੀਵਨ ਸਿੰਘ ਦੇ ਛੋਟੇ ਪੁੱਤਰ ਭਾਈ ਗੁਲਜ਼ਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ ਸਰਸਾ ਨਦੀ ਕੰਢੇ ਸ਼ਹੀਦ ਹੋ ਗਏ ਅਤੇ ਇਨ੍ਹਾਂ ਦੇ ਮਾਤਾ ਪ੍ਰੇਮੋ, ਪਤਨੀ ਰਾਜ ਕੌਰ ਸਰਸਾ ਨਦੀ ਕੰਢੇ ਜਾਂ ਤਾਂ ਸ਼ਹੀਦ ਹੋ ਗਏ ਜਾਂ ਨਦੀ ਵਿਚ ਵਹਿ ਗਏ। ਉਨ੍ਹਾਂ ਦੇ ਵੱਡੇ ਪੁੱਤਰ ਸੇਵਾ ਸਿੰਘ ਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜਾਨ ਸਿੰਘ ਰਿਆੜ (ਵਾਸੀ ਪੱਟੀ) ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਦੌਰਾਨ ਸ਼ਹੀਦ ਹੋ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਦਸਤਾਰ, ਖ਼ੁਦ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ਤੇ ਬਿਠਾਇਆ ਤਾਂ ਜੋ ਗੁਰੂ ਗੋਬਿੰਦ ਸਿੰਘ ਦੇ ਯੁੱਧ ਵਿਚ ਦੁਸ਼ਮਣ ਫੌਜਾਂ ਨੂੰ ਹਾਜ਼ਰ ਹੋਣ ਦਾ ਭੁਲੇਖਾ ਪੈਂਦਾ ਰਹੇ। ਇਸ ਬਾਰੇ ਦਸਵੇਂ ਗੁਰੂ ਦੇ ਦਰਬਾਰੀ ਕਵੀ ਭਾਈ ਕੰਕਣ (ਮੌਤ 1710) ਰਚਿਤ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ 66 ਤੇ ਲਿਖਿਆ ਹੈ- ‘‘ਨਿਜ ਕਲਗੀ ਸਿਰ ਦਈ ਸਜਾਇ, ਦਈ ਪੁਸਾਕ ਆਪਨੀ ਪਹਿਰਾਇ। ਜੀਵਨ ਸਿੰਘ ਕੋ ਬੁਰਜ ਬਠਾਇ ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ।” ਬਾਬਾ ਜੀਵਨ ਸਿੰਘ ਚਮਕੌਰ ਦੀ ਗੜ੍ਹੀ ਦੇ ਉਨ੍ਹਾਂ ਆਖ਼ਰੀ ਅੱਠ ਸਿੰਘਾਂ ਵਿਚੋਂ ਸ਼ਾਮਲ ਸਨ ਜੋ 23 ਦਸੰਬਰ 1704 ਨੂੰ ਦੁਸ਼ਮਣ ਫ਼ੌਜਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ ਸਨ। ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਗੜ੍ਹੀ ਦੀ ਮਮਟੀ ਤੇ ਆਪਣੀ ਬੰਦੂਕ ਨਾਗਣੀ ਅਤੇ ਬਾਗਣੀ ਨਾਲ ਫੌਜਾਂ ਨੂੰ ਟੱਕਰ ਦਿੰਦੇ ਰਹੇ ਤੇ ਅੰਤ ਸ਼ਹੀਦ ਹੋ ਗਏ। ਜਸਵੰਤ ਸਿੰਘ ਚੰਡੀਗੜ੍ਹ ਨੇ ਆਪਣੀ ਕਿਤਾਬ ‘ਗੁਰੂ ਕੇ ਬੇਟੇ’ ਵਿਚ ਭਾਈ ਕੰਕਣ ਦੁਆਰਾ ‘ਸੰਛੇਪ ਦਸ ਗੁਰੂ ਕਥਾ’ ਦੇ ਪੰਨਾ 66 ਦਾ ਜ਼ਿਕਰ ਕੀਤਾ ਹੈ- ‘‘ਅੰਤ ਇਕੇਲੇ ਗੜ੍ਹੀ ਮੇਂ ਬੰਦੂਕੀ ਪ੍ਰਬੀਨ। ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਹਓ ਸੰਗ ਦੀਨ। ਵਜੀਰਾ ਅਤਿ ਪ੍ਰਸੰਨ ਭਯੋ, ਲੀਓ ਮਾਰ ਗੋਬਿੰਦ। ਦਿੱਲੀ ਧਾਇਓ ਸੀਸ ਲੈ ਖੁਸ਼ ਕਰਨ ਨਰਿੰਦ। ਸ਼ਹੀਦ ਬਾਬਾ ਜੀਵਨ ਸਿੰਘ ਅਤੇ ਹੋਰ ਰੰਘਰੇਟਿਆਂ ਤੇ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖਣ ਵਾਲੇ ਇਤਿਹਾਸਕਾਰ ਜਸਵੰਤ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ਵਿਚ ਬਾਬਾ ਜੀਵਨ ਸਿੰਘ ਦਾ ਨਾਮ ਪਹਿਲਾਂ ਦਰਜ ਸੀ ਪਰ ਤਿੰਨ ਚਾਰ ਸਾਲਾਂ ਤੋਂ ਇਹ ਨਾਮ ਹਟਾ ਦਿੱਤਾ ਗਿਆ ਹੈ। ਵੱਖ ਵੱਖ ਰੰਘਰੇਟਾ ਜਥੇਬੰਦੀਆਂ ਨੇ ਇਸ ਬਾਰੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੂੰ ਮੰਗ ਪੱਤਰ ਦਿੱਤੇ ਹਨ। ਦੁੱਖਦਾਈ ਗੱਲ ਇਹ ਹੈ ਕਿ ਅਜਿਹੇ ਮਹਾਨ ਜਰਨੈਲ ਅਤੇ ਉਸ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਲੇਖਕ, ਇਤਿਹਾਸਕਾਰ, ਵਿਦਵਾਨ ਅਤੇ ਧਾਰਮਿਕ ਸੰਸਥਾਵਾਂ ਨੇ ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਨਸਾਫ਼ ਨਹੀਂ ਕੀਤਾ ਸਗੋਂ ਸਿੱਖਾਂ ਅੰਦਰ ਅਨੇਕ ਭਰਮ ਭੁਲੇਖੇ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਦਲਬੀਰ ਸਿੰਘ ਸੱਖੋਵਾਲੀਆ