ਸਾਰਾਗੜ੍ਹੀ ਜੰਗ : 21 ਸਿੱਖ ਸ਼ਹੀਦਾਂ ਦੀ ਬਹਾਦਰੀ ਗਾਥਾ

ਸਾਰਾਗੜ੍ਹੀ ਜੰਗ : 21 ਸਿੱਖ ਸ਼ਹੀਦਾਂ ਦੀ ਬਹਾਦਰੀ ਗਾਥਾ

ਦਿਲਜੀਤ ਸਿੰਘ ਬੇਦੀ
ਦੁਨੀਆ ਦੇ ਇਤਿਹਾਸ ‘ਚ ਸਾਰਾਗੜ੍ਹੀ ਦੀ ਅਸਾਵੀਂ ਜੰਗ ਸੁਨਹਿਰੀ ਅੱਖਰਾਂ ‘ਚ ਦਰਜ ਹੈ। ਇਹ ਸਾਕਾ 12 ਸਤੰਬਰ, 1897 ਨੂੰ ਸਮਾਨਾ ਰੇਂਜ ਉਤੇ ਸਥਿਤ ਬਣੀ ਸਾਰਾਗੜ੍ਹੀ ਦੀ ਚੌਂਕੀ ਵਿਖੇ 36 ਸਿੱਖ ਰੈਜੀਮੈਂਟ ਦੇ 21 ਸਿੱਖ ਜਾਂਬਾਜ਼ ਸਿਪਾਹੀਆਂ ਨੇ ਦਸ ਹਜ਼ਾਰ ਦੇ ਕਰੀਬ ਓਰਕਜਾਈ ਤੇ ਅਫ਼ਰੀਦੀ, ਕਬਾਇਲੀਆਂ ਨਾਲ ਸਾਹਮਣਾ ਕਰਦੇ ਸਮੇਂ ਵਾਪਰਿਆ ਸੀ।
ਇਹ ਦੱਰਾ ਖੈਬਰ ਦੇ ਪ੍ਰਵੇਸ਼ ਦੁਆਰ ਉਤੇ ਸਥਿਤ ਹੋਣ ਕਾਰਨ ਵਿਦੇਸ਼ੀ ਧਾੜਵੀਆਂ ਜਾਂ ਵਪਾਰੀਆਂ ਲਈ ਲਾਭਦਾਇਕ ਹੈ ਅਤੇ ਆਰੀਅਨ ਪਰਵਾਸੀਆਂ ਨੇ ਭਾਰਤ ਵਿਚ ਵੱਡੇ ਪੱਧਰ ‘ਤੇ ਇਸੇ ਰਸਤੇ ਪ੍ਰਵੇਸ਼ ਕੀਤਾ। ਸਿਕੰਦਰ, ਚੰਗੇਜ਼ ਖਾਂ, ਮੁਹੰਮਦ ਗਜ਼ਨਵੀ, ਬਾਬਰ ਵੀ ਆਇਆ। ਬਾਅਦ ‘ਚ ਬਰਤਾਨੀਆ ਨੇ ਇਸ ਇਲਾਕੇ ਤੋਂ ਰੂਸੀ ਦਬਦਬਾ ਖ਼ਤਮ ਕਰਨ ਲਈ 1891 ਵਿਚ ਸਮਾਨਾ ਰੇਂਜ ਉਤੇ ਕਿਲ੍ਹੇ ਤੇ ਚੌਕੀਆਂ ਦੀ ਸਥਾਪਨਾ ਕੀਤੀ। ਇਨ੍ਹਾਂ ਕਿਲ੍ਹਿਆਂ ਦੀਆਂ ਕੰਧਾਂ 12 ਤੋਂ 15 ਫੁੱਟ ਉੱਚੀਆਂ ਮਜ਼ਬੂਤ ਪੱਥਰਾਂ ਦੀਆਂ ਸਨ। ਪੰਜ ਮੀਲ ਦੇ ਖੇਤਰ ਵਿਚ ਪੰਜ ਚੌਂਕੀਆਂ ਵੀ ਸਥਾਪਤ ਹੋਈਆਂ। ਜੋ ਦੁਸ਼ਮਣ ਦੀ ਹਰਕਤ ਨੂੰ ਕਿਲ੍ਹਿਆਂ ਤੀਕ ਪਹੁੰਚਾਉਂਦੀਆਂ ਸਨ। ਲੜਾਈ ਸਮੇਂ 168 ਸਿੱਖ ਸਿਪਾਹੀ ਲਾਕੱਹਰਟ ਕਿਲ੍ਹੇ ਅਤੇ 175 ਸਿੱਖ ਸਿਪਾਹੀ ਗੁਲਿਸਤਾਨ ਕਿਲ੍ਹੇ ‘ਤੇ ਮੌਜੂਦ ਸਨ, ਧਾਰਚੌਂਕੀ ਵਿਚ 37 ਸਿਪਾਹੀ ਤੇ ਸਰਤੋਪ ਚੌਂਕੀ ਵਿਚ 21 ਸਿਪਾਹੀ ਤਾਇਨਾਤ ਸਨ। ਸਾਰਾਗੜ੍ਹੀ ਵਿਚ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ 21 ਸਿੱੱਖ ਸਿਪਾਹੀ ਤੇ ਇਕ ਸਫਾਈ ਮਜ਼ਦੂਰ ਖੁਦਾਦਾਦ ਮੌਜੂਦ ਸੀ। 36 ਸਿੱਖ ਰੈਜੀਮੈਂਟ 23 ਮਾਰਚ, 1887 ਨੂੰ ਕਰਨਲ ਜਿਮ ਕੁਕ ਦੀ ਕਮਾਂਡ ਹੇਠ ਜਲੰਧਰ ਛਾਉਣੀ ਵਿਚ ਆਰਮੀ ਦੇ ਕਲਾਜ ਨੰਬਰ 46 ਮੁਤਾਬਿਕ ਹੋਂਦ ਵਿਚ ਆਈ। ਇਸ ਵਿਚ ਪੰਜਾਬ ਫਰੰਟੀਅਰ ਫ਼ੋਰਸ ਅਤੇ ਬੰਗਾਲ ਇਨਫੈਂਟਰੀ ਦੀਆਂ 8 ਕੰਪਨੀਆਂ ਤੋਂ 225 ਚੋਣਵੇਂ ਬਹਾਦਰ ਸ਼ਾਮਿਲ ਕੀਤੇ ਗਏ ਅਤੇ 8 ਮਈ, 1887 ਨੂੰ ਸਾਰੇ ਪੰਜਾਬ ਵਿਚੋਂ ਨਵੀਂ ਭਰਤੀ ਕੀਤੀ ਗਈ, ਜੋ ਕਿ ਕਰਨਲ ਕੂਕ ਤੇ ਕੈਪਟਨ ਐੱਚ.ਆਰ. ਹਲਮਸ ਦੀ ਦੇਖ-ਰੇਖ ਵਿਚ ਹੋਈ। ਸਾਰੇ ਭਰਤੀ ਕੀਤੇ ਸਿੱਖਾਂ ਦਾ ਕੱਦ ਘੱਟ ਤੋਂ ਘੱਟ 5 ਫੁੱਟ 8 ਇੰਚ ਤੋਂ ਛਾਤੀ 36 ਇੰਚ ਚੌੜੀ ਹੁੰਦੀ ਸੀ। ਜਨਵਰੀ 1888 ਤੱਕ 912 ਜਵਾਨ ਭਰਤੀ ਹੋ ਗਏ ਅਤੇ 1891 ਤੱਕ ਕੁੱਲ ਭਰਤੀ 2529 ਹੋਈ। ਸਿਖਲਾਈ ਤੋਂ ਬਾਅਦ ਮਾਰਚ 1891 ਵਿਚ ਰੈਜੀਮੈਂਟ ਨੂੰ ਪਹਿਲਾਂ ਦਿੱਲੀ ਵਿਚ ਤੇ ਫਿਰ ਮਨੀਪੁਰ ਵਿਚ ਤਾਇਨਾਤ ਕੀਤਾ ਗਿਆ। 25 ਜੂਨ, 1894 ਨੂੰ ਕਮਾਂਡਰ ਜਿਮ ਕੂਕ ਆਪਣੇ ਸਾਲ ਦਾ ਕਾਰਜਕਾਲ ਪੂਰਾ ਕਰਕੇ ਸੇਵਾ-ਮੁਕਤ ਹੋ ਗਿਆ। ਫਿਰ ਲੈਫ਼ਟੀਨੈਂਟ ਕਰਨਲ ਜ਼ੋਨ ਹਾਟਨ ਨੂੰ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਤੇ ਮੇਜਰ ਚਾਰਲਸ ਹੈਮਿਲਟਨ ਡੇਸ ਵੌਇਕਸ ਨੂੰ ਮੀਤ ਕਮਾਂਡਰ ਬਣਾਇਆ ਗਿਆ। ਪਿੰਡ ਸਾਰਾ ਵਿਖੇ 6200 ਫੁੱਟ ਦੀ ਉੱਚੀ ਪਹਾੜੀ ‘ਤੇ ਸਾਰਾਗੜ੍ਹੀ ਚੌਂਕੀ ਬਣਾਈ ਗਈ ਸੀ। ਮਿਸ਼ਨ ਸਾਰਾਗੜ੍ਹੀ ਦੇ ਲੇਖਕ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਬਰਤਾਨਵੀਂ ਫ਼ੌਜੀ ਅਧਿਕਾਰੀਆਂ ਦੀਆਂ ਚਿੱਠੀਆਂ ਦਾ ਜ਼ਿਕਰ ਕੀਤਾ ਹੈ, ਜੋ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
16 ਜਨਵਰੀ, 1898 ਨੂੰ ਕਮਾਂਡਰ ਜੌਨ ਹਾਟਨ ਵਲੋਂ ਲਿਖੀ ਚਿੱਠੀ ਮੁਤਾਬਿਕ, ‘ਸਮਾਨਾ ਉੱਤੇ ਸਾਡੀ ਅੱਧੀ ਬਟਾਲੀਅਨ (36 ਸਿੱਖ ਰੈਜੀਮੈੈਂਟ) ਸੱਤ ਚੌਂਕੀਆਂ ਵਿਚ ਵੰਡੀ ਹੋਈ ਸੀ, ਜੋ ਅੱਠ ਮੀਲ ਦੇ ਘੇਰੇ ਵਿਚ ਫੈਲੀ ਹੋਈ ਸੀ ਫਿਰ ਜੇ ਸਾਡੇ ਕੋਲ ਦੋ ਪਹਾੜੀ ਤੋਪਾਂ ਹੁੰਦੀਆਂ ਤਾਂ ਅਸੀਂ ਨਾ ਸਿਰਫ਼ ਹਾਲਾਤ ਕਾਬੂ ਕਰ ਸਕਦੇ ਸੀ, ਸਗੋਂ ਦੁਸ਼ਮਣ ਨੂੰ ਖ਼ਤਮ ਵੀ ਕਰ ਸਕਦੇ ਸੀ। ਦੁਸ਼ਮਣ ਦੀਆਂ ਗੁਰੀਲਾ ਨੀਤੀਆਂ ਅਤੇ ਵਧੀਆ ਹਥਿਆਰ ਹੋਣਾ, ਜਦਕਿ ਸਾਡੇ ਸੈਨਿਕਾਂ (ਸਾਰਾਗੜ੍ਹੀ ਵਾਲੇ) ਕੋਲ ਲੀ-ਮੈਟਫੋਰਡ ਸੀ।’ 12 ਫ਼ਰਵਰੀ, 1898 ਵਿਚ ਟਾਇਮਸ ਅਖ਼ਬਾਰ ਵਿਚ ਛਪੀ ਜਨਰਲ ਬਿਗਸ ਦੀ ਰਿਪੋਰਟ ਮੁਤਾਬਿਕ, ‘ਮੈਂ ਆਸ ਕਰਦਾ ਹਾਂ ਕਿ 21 ਸਿੱਖਾਂ ਦੀ ਇਸ ਵਫ਼ਾਦਾਰੀ ਤੇ ਬੇਮਿਸਾਲ ਬਹਾਦਰੀ ਨੂੰ ਬਰਤਾਨੀਆ ਦੇ ਫ਼ੌਜੀ ਇਤਿਹਾਸ ਵਿਚ ਖ਼ਾਸ ਥਾਂ ਦਿੰਦੇ ਹੋਏ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇ।’
ਲੰਡਨ ਗਜ਼ਟ ਵਿਚ 11 ਫ਼ਰਵਰੀ, 1898 ਨੂੰ ਗਵਰਨਰ ਜਨਰਲ ਦਾ ਬਿਆਨ ਛਪਿਆ, ’36 ਸਿੱਖ ਰੈਜੀਮੈਂਟ ਦੇ ਜਵਾਨ ਕਿਲ੍ਹਾ ਲਾੱਕਹਰਟ ਤੋਂ ਬੇਮਿਸਾਲ ਬਹਾਦਰੀ ਨਾਲ ਲੜੇ ਅਤੇ ਸਾਰਾਗੜ੍ਹੀ ਪੋਸਟ ਤੋਂ 21 ਸਿੱਖ ਜਵਾਨਾਂ ਨੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ, ਜੋ ਬੇਮਿਸਾਲ ਦਲੇਰਾਨਾ ਲੜਾਈ ਲੜੀ, ਉਹ ਭਾਰਤੀ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਹੈ।’ ਮਹਾਰਾਣੀ ਵਿਕਟੋਰੀਆ ਨੂੰ ਬਾਲਮੋਰਲ ਵਿਚ 16 ਸਤੰਬਰ, 1897 ਨੂੰ ਟੈਲੀਗ੍ਰਾਮ ਜ਼ਰੀਏ ਫਰੰਟੀਅਰ ਦੀ ਲੜਾਈ ਦੀ ਖ਼ਬਰ ਪਹੁੰਚਾਈ ਗਈ ਤਾਂ ਉਸ ਨੇ ਕਿਹਾ, ‘ਸਿੱਖਾਂ ਨੇ ਬੇਮਿਸਾਲ ਵਫ਼ਾਦਾਰੀ ਤੇ ਬਹਾਦਰੀ ਨਾਲ 30 ਘੰਟੇ ਲਗਾਤਾਰ ਲੜਦੇ ਹੋਏ ਕਿਲ੍ਹਾ ਕਾਵਾਗਨਰੀ ਨੂੰ ਦੁਸ਼ਮਣਾਂ ਨਾਲ ਲੜਦੇ ਹੋਏ ਬਚਾਇਆ।’ 13 ਜੁਲਾਈ, 1898 ਨੂੰ ਸਰਕਾਰੀ ਰਿਕਾਰਡ ਵਿਚ ਇਹ ਦਰਜ ਕੀਤਾ ਗਿਆ ਕਿ, ‘ਕੁਈਨ ਦੀ ਸਰਕਾਰ ਇਸ (ਫ਼ਰੰਟੀਅਰ) ਵਿਚ ਬਰਤਾਨਵੀ ਤੇ ਭਾਰਤੀ ਅਫ਼ਸਰਾਂ ਤੇ ਸਿਪਾਹੀਆਂ ਵਲੋਂ ਵਿਖਾਈ ਗਈ ਬਹਾਦਰੀ ਦਾ ਸਨਮਾਨ ਕਰਦੀ ਹੈ ਅਤੇ ਖ਼ਾਸ ਕਰਕੇ 36 ਸਿੱਖ ਰੈਜੀਮੈਂਟ ਦੇ ਉਨ੍ਹਾਂ ਜਵਾਨਾਂ ਦੀ, ਜਿਨ੍ਹਾਂ ਨੇ ਆਖ਼ਰੀ ਸਾਹ ਤੱਕ ਬੇਮਿਸਾਲ ਬਹਾਦਰੀ ਵਿਖਾਉਂਦੇ ਹੋਏ ਸਾਰਾਗੜ੍ਹੀ ਪੋਸਟ ਦੀ ਰੱਖਿਆ ਕੀਤੀ। ਭਾਰਤ ਦੇ ਵਾਇਸਰਾਏ ਲਾਰਡ ਕੁਰਜੋਨ ਨੇ ਲਾਹੌਰ ਵਿਚ ਸਾਬਕਾ ਫ਼ੌਜੀਆਂ ਦੇ ਇਕ ਸਮਾਗਮ ਵਿਚ 6 ਅਪ੍ਰੈਲ, 1899 ਨੂੰ ਆਪਣੇ ਭਾਸ਼ਨ ਵਿਚ ਕਿਹਾ, ‘ਮੈਂ ਸਿੱਖ ਕੌਮ ਉੱਤੇ ਮਾਣ ਕਰਦਾ ਹਾਂ ਕਿ ਉਨ੍ਹਾਂ ਨੇ ਬਰਤਾਨਵੀ ਰਾਜ ਦੇ 50 ਸਾਲਾਂ ਵਿਚ ਫ਼ੌਜ ਅੰਦਰ ਸੇਵਾਵਾਂ ਦਿੰਦੇ ਹੋਏ, ਜੋ ਬਹਾਦਰੀ ਵਿਖਾਈ, ਉਹ ਹੋਰ ਕੋਈ ਭਾਰਤੀ ਕੌਮ ਨਹੀਂ ਦਿਖਾ ਸਕੀ।’
1900 ਵਿਚ ਸਰਕਾਰ ਵਲੋਂ ਸਾਰਾਗੜ੍ਹੀ ਦੇ 21 ਜਾਂਬਾਜ਼ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ 500 ਰੁਪਏ ਨਕਦ ਤੇ 2-2 ਮੁਰੱਬੇ (50 ਕਿਲ੍ਹੇ) ਜ਼ਮੀਨ ਦੇ ਨਾਲ ਸਨਮਾਨ ਵਜੋਂ ‘ਇੰਡੀਅਨ ਆਰਡਰ ਆਫ਼ ਮੈਰਿਟ’ ਤਗ਼ਮਾ ਦਿੱਤਾ ਗਿਆ। ਇਨ੍ਹਾਂ ਤਗ਼ਮਿਆਂ ਦੇ ਪਿਛਲੇ ਪਾਸੇ ਹਰੇਕ ਸ਼ਹੀਦ ਸਿੱਖ ਸਿਪਾਹੀ ਦਾ ਰੈਂਕ ਤੇ ਨਾਂਅ ਉਕਰਿਆ ਹੋਇਆ ਸੀ। ਨਵੰਬਰ 1901 ਵਿਚ ਕਿਲ੍ਹਾ ਲਾੱਕਹਰਟ ਦੇ ਕੋਲ ‘ਤੇ ਮੌਜੂਦਾ ਸਮੇਂ ਓਰਕਜ਼ਾਈ ਏਜੰਸੀ ਦੇ ਹੈੱਡਕੁਆਟਰ ਦੇ ਨਾਲ ਸਾਰਾਗੜ੍ਹੀ ਦੇ 21 ਅਣਖੀ ਸੂਰਮਿਆਂ ਦੀ ਯਾਦ ਵਜੋਂ ਇਕ ਮਿਨਾਰ ਬਣਵਾਇਆ ਗਿਆ। ਸਮੇਂ ਦੇ ਬੀਤਣ ਨਾਲ ਇਸ ਯਾਦਗਾਰ ਦਾ ਕੁਝ ਕੱਟੜ ਪੰਥੀਆਂ ਵਲੋਂ ਕਾਫ਼ੀ ਨੁਕਸਾਨ ਕੀਤਾ ਗਿਆ। ਸਾਰਾਗੜ੍ਹੀ ਫਾਊਂਡੇਸ਼ਨ (1987 ਨੂੰ ਅੰਮ੍ਰਿਤਸਰ ਵਿਖੇ ਹੋਂਦ ਵਿਚ ਆਈ) ਵਲੋਂ ਮਾਰਚ 2017 ਵਿਚ ਇਸ ਮੀਨਾਰ ਦੀ ਦੁਬਾਰਾ ਮੁਰੰਮਤ ਕਰਵਾ ਕੇ 21 ਸਿੱਖਾਂ ਦੇ ਨਾਂਵਾਂ ਵਾਲੀਆਂ ਪੱਥਰ ਦੀਆਂ ਸਿੱਲ੍ਹਾਂ (ਪੰਜਾਬੀ ਅਤੇ ਉਰਦੂ ਵਿਚ) ਲਗਵਾਉਣ ਤੋਂ ਬਾਅਦ ਮੀਨਾਰ ਦੇ ਆਸ-ਪਾਸ 90×47 ਫੁੱਟ ਦੇ ਰਕਬੇ ਵਿਚ 6 ਫੁੱਟ ਉੱਚੀ ਤੇ ਢਾਈ ਫੁੱਟ ਚੌੜੀ ਪੱਥਰਾਂ ਦੀ ਚਾਰ-ਦੀਵਾਰੀ ਕਰਵਾ ਕੇ ‘ਸਾਰਾਗੜ੍ਹੀ ਪਾਰਕ’ ਦਾ ਨਿਰਮਾਣ ਕਰਵਾਇਆ ਗਿਆ ਹੈ।
16 ਅਪ੍ਰੈਲ, 1902 ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦਾ ਉਦਘਾਟਨ ਕਮਾਂਡਰ-ਇਨ ਦੀ ਜਨਰਲ ਸਰ ਆਰਥਰ ਪਾਵਰ ਪਾਲਮਰ ਨੇ ਕੀਤਾ ਅਤੇ ਉਸ ਨੇ ਆਪਣੇ ਭਾਸ਼ਨ ਵਿਚ ਕਿਹਾ, ‘ਇਹ ਯਾਦਗਾਰ ਉਨ੍ਹਾਂ ਬਹਾਦਰ ਸਿੱਖ-ਸੂਰਬੀਰਾਂ ਦੀ ਹਮੇਸ਼ਾ ਯਾਦ ਦਿਵਾਏਗੀ, ਜਿਨ੍ਹਾਂ ਨੇ ਦੁਨੀਆ ਦੇ ਬਿਹਤਰੀਨ ਜੰਗਜੂ ਤੇ ਨਿਡਰ ਵਫ਼ਾਦਾਰ ਸਿਪਾਹੀ ਹੋਣ ਦਾ ਸਬੂਤ ਦਿੰਦੇ ਹੋਏ, ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ ਦੀ ਥਾਂ, ਹੱਸਦੇ ਹੋਏ ਆਖ਼ਰੀ ਸਾਹ ਤੱਕ ਦੁਸ਼ਮਣ ਦਾ ਅਣਖ਼ ਨਾਲ ਮੁਕਾਬਲਾ ਕਰਦੇ ਹੋਏ ਮਰਨਾ ਪ੍ਰਵਾਨ ਕੀਤਾ।’ ਜਨਰਲ ਨੇ ਹੋਰ ਕਿਹਾ ਕਿ ‘ਇਹ ਯਾਦਗਾਰ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਕੋਲ ਬਣਾਉਣ ਦਾ ਕਾਰਨ ਇਹ ਸੀ ਕਿ ਸਾਰੇ ਸਿੱਖ ਇੱਥੇ ਆਉਂਦੇ-ਜਾਂਦੇ ਵੇਖਣ ਕਿ ਬਰਤਾਨਵੀ ਸਾਮਰਾਜ ਸਿੱਖਾਂ ਦੀ ਬਹਾਦਰੀ ਦੀ ਹਮੇਸ਼ਾ ਕਦਰ ਕਰਦੀ ਹੈ ਅਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੇ ਕੰਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।’
ਸਾਰਾਗੜ੍ਹੀ ਦੀ ਇਕ ਹੋਰ ਯਾਦਗਾਰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਕੈਂਟ ਬਣਾਈ ਗਈ, ਜਿਸ ਦਾ ਉਦਘਾਟਨ ਜਨਵਰੀ 1904 ਨੂੰ ਸਰ ਚਾਰਲਸ ਪੇਵਜ ਨੇ ਕੀਤਾ। ਇਸ ਯਾਦਗਾਰ ਲਈ ਪਾਇਨੀਅਰ ਅਖ਼ਬਾਰ ਇਲਾਹਾਬਾਦ ਨੇ ਚੰਦਾ ਇਕੱਠਾ ਕੀਤਾ ਸੀ।
ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ ਵਿਚਲੇ ਕਿਲ੍ਹਾ ਸਾਰਾਗੜ੍ਹੀ ਵਿਖੇ ਉੱਥੋਂ ਦੇ ਸਥਾਨਕ ਹਿੰਦੂ-ਸਿੱਖ ਭਾਈਚਾਰੇ ਵਲੋਂ ਸਾਂਝੇ ਤੌਰ ‘ਤੇ ‘ਗੁਰਦੁਆਰਾ ਸਾਰਾਗੜ੍ਹੀ ਸ੍ਰੀ ਸਿੰਘ ਸਭਾ ਹੰਗੂ ਦੀ ਉਸਾਰੀ ਕੀਤੀ ਗਈ ਹੈ, ਜਿੱਥੇ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਸੰਨ 1947 ਦੇ ਬਾਅਦ ਪਹਿਲੀ ਵਾਰ ਹੰਗੂ ਵਿਖੇ ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਸਥਾਪਤ ਕੀਤਾ ਗਿਆ ਹੈ। ਹੰਗੂ ‘ਚ ਮੌਜੂਦਾ ਸਮੇਂ ਹਿੰਦੂ ਸਿੱਖ ਅਤੇ ਇਸਾਈ ਭਾਈਚਾਰੇ ਦੇ ਸਿਰਫ਼ 8 ਪਰਿਵਾਰ ਰਹਿ ਰਹੇ ਹਨ। ਕਿਲ੍ਹਾ ਸਾਰਾਗੜ੍ਹੀ ਦੀਆਂ ਜਰਜਰ ਹੋ ਚੁੱਕੀਆਂ ਦੀਵਾਰਾਂ ਅੱਜ ਵੀ ਸੰਨ 1897 ਵਿਚ ਸ਼ਹੀਦ ਹੋਣ ਵਾਲੇ 21 ਬਹਾਦਰ ਸਿੱਖ ਫ਼ੌਜੀਆਂ ਦੀ ਸੂਰਬੀਰਤਾ ਦੀ ਗਵਾਹੀ ਭਰ ਰਹੀਆਂ ਹਨ।