ਸਾਬਕਾ ਫੌਜੀਆਂ ਦੇ ਮਸਲੇ ਹੱਲ ਕਰਨ ਨੂੰ ਦੇਵਾਂਗੇ ਪਹਿਲ: ਵੀ.ਕੇ. ਸਿੰਘ

ਸਾਬਕਾ ਫੌਜੀਆਂ ਦੇ ਮਸਲੇ ਹੱਲ ਕਰਨ ਨੂੰ ਦੇਵਾਂਗੇ ਪਹਿਲ: ਵੀ.ਕੇ. ਸਿੰਘ

ਜਲੰਧਰ – ਕੇਂਦਰੀ ਮੰਤਰੀ ਜਰਨਲ ਵੀ.ਕੇ. ਸਿੰਘ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਇੱਥੇ ਕੈਂਟ ਸਥਿਤ ਇੱਕ ਪੈਲੇਸ ’ਚ ਕਰਵਾਈ ਗਈ ਭਾਜਪਾ ਦੀ ਰੈਲੀ ਵਿੱਚ ਸ਼ਾਮਲ ਹੋਏ।

ਭਾਜਪਾ ਸਾਬਕਾ ਸੈਨਿਕ ਸੈੱਲ ਦੇ ਸੂਬਾ ਕਨਵੀਨਰ ਕੈਪਟਨ ਜੀ.ਐੱਸ. ਸਿੱਧੂ ਵੱਲੋਂ ਕਰਵਾਈ ਗਈ ਸਾਬਕਾ ਫ਼ੌਜੀਆਂ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੀ.ਕੇ. ਸਿੰਘ ਨੇ ਕਿਹਾ ਕਿ ਸਾਬਕਾ ਫੌਜੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਫ਼ੌਜੀਆਂ ਦੀਆਂ ਸਮੱਸਿਆਵਾਂ ਪ੍ਰਤੀ ਬੇਹੱਦ ਗੰਭੀਰ ਹੈ। ਵੀ.ਕੇ. ਸਿੰਘ ਨੇ ਵਿਰੋਧੀ ਪਾਰਟੀਆਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਅੱਜ ਤੱਕ ਸੱਤਾ ’ਤੇ ਕਾਬਜ਼ ਰਹੀਆਂ ਸਰਕਾਰਾਂ ਨੇ ਸਾਬਕਾ ਫੌਜੀਆਂ ਦੇ ਮੁੱਦਿਆਂ ’ਤੇ ਸਿਰਫ਼ ਸਿਆਸਤ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਦੀ ‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਮੰਗ 27 ਸਾਲ ਲਟਕਦੀ ਰਹੀ, ਜਿਸ ਨੂੰ 2014 ਵਿੱਚ ਕੇਂਦਰ ’ਚ ਆਈ ਮੋਦੀ ਸਰਕਾਰ ਨੇ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ 2019 ਨੂੰ ਲਾਗੂ ਹੋਈ ਓਆਰਓਪੀ-2 ਵਿੱਚ ਜੋ ਖਾਮੀਆਂ ਹਨ, ਉਹ ਵੀ ਦਰੁਸਤ ਕੀਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਹਲਕਾ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂ ਹੈ ਅਤੇ ਛੇਤੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਮੌਜੂਦਾ ਸਥਿਤੀ ਅਤੇ ‘ਆਪ’ ਦੀਆਂ ਕਾਰਵਾਈਆਂ ਨੇ ਪੰਜਾਬ ਦੀ ਸ਼ਾਨ ਧੁੰਦਲੀ ਕਰ ਦਿੱਤੀ ਹੈ।