ਸਾਦਾ ਜੀਵਨ, ਉੱਤਮ ਜੀਵਨ

ਸਾਦਾ ਜੀਵਨ, ਉੱਤਮ ਜੀਵਨ

ਸੁਰਿੰਦਰ ਪਾਲ ਕੌਰ

ਅਜੋਕੇ ਯੁੱਗ ਵਿੱਚ ਹਰ ਕੋਈ ਫੈਸ਼ਨ ਦੀ ਦੌੜ ਵਿੱਚ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਫੈਸ਼ਨ ਕੇਵਲ ਪਹਿਰਾਵੇ ਜਾਂ ਸੁੰਦਰ ਦਿਖਾਈ ਦੇਣ ਦਾ ਹੀ ਨਹੀਂ, ਸਗੋਂ ਬਾਹਰੀ ਕੱਪੜਿਆਂ ਤੋਂ ਲੈ ਕੇ ਘਰ-ਕੋਠੀ, ਕਾਰ, ਘਰੇਲੂ ਵਰਤੋਂ ਦਾ ਸਾਮਾਨ ਆਦਿ ਤੱਕ ਫੈਲ ਚੁੱਕਾ ਹੈ। ਪੁਰਾਣੇ ਸਮੇਂ ਵਿੱਚ ਲੋਕ ਬਾਹਰੀ ਦਿਖਾਵੇ ਜਾਂ ਪਹਿਰਾਵੇ ਦੀ ਬਜਾਏ ਅੰਦਰੋਂ ਮਜ਼ਬੂਤ ਹੁੰਦੇ ਸਨ। ਉਹ ਆਪਣੇ ਆਪ ਨੂੰ ਅੰਦਰੂਨੀ ਗੁਣਾਂ ਨਾਲ ਭਰਪੂਰ ਕਰਨ ਵਿੱਚ ਵਡਿਆਈ ਸਮਝਦੇ ਸਨ। ਇਹੀ ਕਾਰਨ ਸੀ ਕਿ ਪੁਰਾਣੇ ਵੇਲਿਆਂ ਵਿੱਚ ਸਰੀਰਕ ਰੋਗ ਨਾਂਮਾਤਰ ਸਨ ਅਤੇ ਮਾਨਸਿਕ ਰੋਗ ਬਿਲਕੁਲ ਨਹੀਂ ਸਨ।

ਕਿਹਾ ਜਾਂਦਾ ਹੈ ਕਿ ਸਾਡੇ ਵਿਚਾਰ ਹੀ ਸਾਡੇ ਸਰੀਰ ਅਤੇ ਆਲੇ-ਦੁਆਲੇ ਨੂੰ ਪ੍ਰਭਾਵਿਤ ਕਰਦੇ ਹਨ। ਮਨੋਵਿਗਿਆਨੀ ਮੰਨਦੇ ਹਨ ਕਿ ਜੋ ਮਨੁੱਖ ਮਾਨਸਿਕ ਤੌਰ ’ਤੇ ਸਕੂਨ ਅਤੇ ਟਿਕਾਅ ਵਿੱਚ ਹੁੰਦਾ ਹੈ ਉਸ ਨੂੰ ਕੋਈ ਰੋਗ ਵੀ ਨਹੀਂ ਲੱਗਦਾ। ਸਾਡੇ ਪੀਰਾਂ-ਪੈਗੰਬਰਾਂ, ਰਿਸ਼ੀਆਂ-ਮੁਨੀਆਂ, ਸਾਧੂਆਂ ਅਤੇ ਗੁਰੂਆਂ ਨੇ ਮਨ ਨੂੰ ਟਿਕਾਅ ਵਿੱਚ ਰੱਖਣ ਦੇ ਤਰੀਕੇ ਦੱਸੇ ਪਰ ਉੱਤਮ ਤਰੀਕਾ ਮਨ ਨੂੰ ਇਹ ਕਬੂਲ ਕਰਾਉਣਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਸਵੀਕਾਰ ਕਰੋ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਥਾਂ-ਥਾਂ ਮਨੁੱਖ ਨੂੰ ਪ੍ਰਭੂ ਦੇ ਭਾਣੇ ਅੰਦਰ ਰਹਿ ਕੇ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੱਤਾ ਗਿਆ ਹੈ। ਪੁਰਾਣੇ ਲੋਕ ਭਾਣਾ ਮੰਨਣ ਦੀ ਜਿਊਂਦੀ ਜਾਗਦੀ ਮਿਸਾਲ ਹਨ। ਉਹ ਜੋ ਹੋ ਰਿਹਾ ਹੈ, ਜਿਵੇਂ ਹੋ ਰਿਹਾ ਹੈ ਅਤੇ ਜਿਸ ਤਰੀਕੇ ਨਾਲ ਵੀ ਹੋ ਰਿਹਾ ਹੈ, ਨੂੰ ਸਵੀਕਾਰ ਕਰਦੇ ਸਨ। ਫਾਲਤੂ ਦੀਆਂ ਚਿੰਤਾਵਾਂ ਉਨ੍ਹਾਂ ਤੋਂ ਕੋਹਾਂ ਦੂਰ ਸਨ। ਉਹ ਜੇਕਰ ਚਿੰਤਾ ਕਰਦੇ ਸਨ ਤਾਂ ਇਸ ਗੱਲ ਦੀ ਕਿ ਸਾਡੇ ਕੋਲੋਂ ਕਿਸੇ ਦਾ ਅਣਜਾਣੇ ਵਿੱਚ ਵੀ ਦਿਲ ਨਾ ਦੁਖ ਜਾਵੇ, ਕੋਈ ਰੱਬ ਦਾ ਬੰਦਾ ਸਾਡੇ ਕਾਰਨ ਪਰੇਸ਼ਾਨ ਨਾ ਹੋ ਜਾਵੇ।

ਸਮੇਂ ਦੇ ਨਾਲ-ਨਾਲ ਮਨੁੱਖ ਨੇ ਹਰੇਕ ਖੇਤਰ ਵਿੱਚ ਬਹੁਤ ਤਰੱਕੀ ਕਰ ਲਈ ਹੈ। ਅਨੇਕਾਂ ਤਰ੍ਹਾਂ ਦੀਆਂ ਕਾਢਾਂ ਨੇ ਸਾਡੇ ਜੀਵਨ ਨੂੰ ਬੇਹੱਦ ਸੁਖਾਲਾ ਕਰ ਦਿੱਤਾ ਹੈ ਪਰ ਸਾਡੇ ਮਨ ਰੋਗੀ ਹੋ ਗਏ ਹਨ। ਪੁਰਾਣੇ ਲੋਕਾਂ ਦੇ ਉਲਟ ਸਾਡੇ ਮਨਾਂ ਅੰਦਰ ਇਹ ਚਿੰਤਾ ਰਹਿੰਦੀ ਹੈ ਕਿ ਕੋਈ ਸਾਡੇ ਨਾਲੋਂ ਵਧੇਰੇ ਤਰੱਕੀ ਕਿਉਂ ਕਰ ਰਿਹਾ ਹੈ, ਕਿਸੇ ਕੋਲ ਸਾਡੇ ਨਾਲੋਂ ਵਧੀਆ ਕਾਰ ਕਿਵੇਂ ਆ ਗਈ। ਬਲਕਿ ਅੱਜਕੱਲ੍ਹ ਤਾਂ ਅਸੀਂ ਇਸ ਫੈਸ਼ਨ ਦੀ ਦੌੜ ਵਿੱਚ ਆਪਣੇ ਬੱਚਿਆਂ ਨੂੰ ਵੀ ਕਸ਼ਟ ਦੇ ਰਹੇ ਹਾਂ। ਫਲਾਣੇ ਦਾ ਬੇਟਾ/ ਬੇਟੀ ਡਾਕਟਰ ਬਣ ਗਿਆ ਹੈ, ਸਾਡਾ ਬੱਚਾ ਉਸ ਤੋਂ ਪਿੱਛੇ ਕਿਵੇਂ ਰਹਿ ਸਕਦਾ ਹੈ। ਕੋਈ ਗੁਆਂਢੀ ਜਾਂ ਰਿਸ਼ਤੇਦਾਰ ਦਾ ਬੱਚਾ ਵਿਦੇਸ਼ ਜਾ ਰਿਹਾ ਹੈ ਤਾਂ ਸਾਡਾ ਬੱਚਾ ਕਿਉਂ ਨਹੀਂ ਜਾ ਸਕਦਾ। ਬਹੁਤ ਸਾਰੇ ਬੱਚੇ ਮਾਪਿਆਂ ਦੇ ਧੱਕੇ ਧਕਾਏ ਉਨ੍ਹਾਂ ਖੇਤਰਾਂ ਵਿੱਚ ਜਾ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਦਿਲਚਸਪੀ ਹੀ ਨਹੀਂ ਹੈ। ਸਿਰਫ਼ ਮਾਪਿਆਂ ਦਾ ਹੰਕਾਰ ਜਾਂ ਬੱਚਿਆਂ ਦੀਆਂ ਲਾਲਸਾਵਾਂ ਉਨ੍ਹਾਂ ਨੂੰ ਮਜਬੂਰ ਕਰ ਦਿੰਦੀਆਂ ਹਨ ਕਿ ਉਹ ਵੀ ਦੁਨੀਆ ਵਾਂਗ ਮ੍ਰਿਗ ਤ੍ਰਿਸ਼ਨਾ ਦੀ ਦੌੜ ਵਿੱਚ ਸ਼ਾਮਲ ਹੋ ਜਾਣ। ਫਰਜ਼ ਕਰੋ ਕਿ ਇੱਕ ਬੱਚਾ ਵਧੀਆ ਪੇਂਟਰ ਜਾਂ ਸਕੈੱਚ ਆਰਟਿਸਟ ਬਣਨ ਦੀ ਰੁਚੀ ਰੱਖਦਾ ਹੈ ਪਰ ਮਾਪਿਆਂ ਦੀ ਇੱਛਾ ਹੈ ਕਿ ਉਹ ਡਾਕਟਰ ਬਣੇ। ਉਸ ’ਤੇ ਦਬਾਅ ਪਾ ਕੇ ਮਾਪੇ ਉਸ ਨੂੰ ਡਾਕਟਰ ਤਾਂ ਬਣਾ ਲੈਣਗੇ ਪਰ ਉਸ ਦੇ ਅੰਦਰਲਾ ਕਲਾਕਾਰ ਚਕਨਾਚੂਰ ਹੋ ਜਾਵੇਗਾ। ਉਹ ਜਿੰਨੇ ਮਰਜ਼ੀ ਪੈਸੇ ਕਮਾ ਲਵੇ ਪਰ ਸਾਰੀ ਉਮਰ ਰੂਹ ਦੀ ਸ਼ਾਂਤੀ ਤੋਂ ਸੱਖਣਾ ਰਹੇਗਾ।

ਪੁਰਾਣੇ ਲੋਕ ਸਿੱਧੇ ਸਾਦੇ ਜੀਵਨ ਨੂੰ ਤਰਜੀਹ ਦਿੰਦੇ ਸਨ। ਉਹ ਬੱਚੇ ਦੀ ਦਿਲਚਸਪੀ ਮੁਤਾਬਕ ਉਸ ਨੂੰ ਕੰਮਕਾਰ ਵੱਲ ਜਾਣ ਦਿੰਦੇ ਸਨ। ਬਹੁਤੀਆਂ ਰੋਕਾਂ ਟੋਕਾਂ ਨਹੀਂ ਲਗਾਉਂਦੇ ਸਨ। ਹਾਂ ਵੱਡਿਆਂ-ਬਜ਼ੁਰਗਾਂ ਦਾ ਤਪ ਤੇਜ਼ ਅਤੇ ਰੋਅਬ ਬਹੁਤ ਹੁੰਦਾ ਸੀ ਪਰ ਫਿਰ ਵੀ ਬੱਚਿਆਂ ’ਤੇ ਇੰਨਾ ਦਬਾਅ ਨਹੀਂ ਪਾਇਆ ਜਾਂਦਾ ਸੀ ਕਿ ਬੱਚੇ ਮਨੋਰੋਗੀ ਹੀ ਬਣ ਜਾਣ। ਦੂਜੇ ਪਾਸੇ ਅਜੋਕੇ ਯੁੱਗ ਵਿੱਚ ਬਹੁਤੇ ਮਾਪੇ ਬੱਚਿਆਂ ਨੂੰ ਆਪਣੀਆਂ ਸਿਰਜੀਆਂ ਪਹਿਲਾਂ ਮੁਤਾਬਕ ਮਕਸਦ ਤੈਅ ਕਰਨ ਲਈ ਮਜਬੂਰ ਕਰਦੇ ਹਨ।

ਸਾਨੂੰ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਚਿੰਤਾ ਕਰਨੀ ਚਾਹੀਦੀ ਹੈ ਨਾ ਕਿ ਇਸ ਗੱਲ ਦੀ ਕਿ ਲੋਕਾਂ ਕੋਲ ਸਾਡੇ ਨਾਲੋਂ ਵਧੀਆ ਅਤੇ ਵੱਧ ਚੀਜ਼ਾਂ ਕਿਉਂ ਅਤੇ ਕਿਵੇਂ ਹਨ। ਚੀਜ਼ਾਂ ਸੁੱਖ ਦੇ ਸਕਦੀਆਂ ਹਨ, ਸ਼ਾਂਤੀ ਨਹੀਂ। ਸਾਡਾ ਆਪਣਾ ਮਨ ਹੀ ਸਾਡੀਆਂ ਖ਼ੁਸ਼ੀਆਂ ਜਾਂ ਦੁੱਖਾਂ ਦਾ ਸਿਰਜਕ ਹੈ ਪਰ ਖ਼ੁਸ਼ੀਆਂ ਖੇੜੇ ਸਿਰਜਣ ਲਈ ਮਨ ਵਿਚਾਰਾ ਟਿਕਾਅ ਭਾਲਦਾ ਹੈ। ਮਨ ਦਾ ਟਿਕਾਅ ਸਾਦੀ, ਸਰਲ ਅਤੇ ਸੁਖੈਨ ਜ਼ਿੰਦਗੀ ਜਿਉਂ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਅੱਜ ਸਾਡੇ ਲਈ ਸਭ ਤੋਂ ਲਾਜ਼ਮੀ ਇਹ ਹੈ ਕਿ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੇ ਮਨ ਦਾ ਇਲਾਜ ਕਰੀਏ। ਜਦੋਂ ਸਾਡਾ ਮਨ ਟਿਕਾਅ ਅਤੇ ਸ਼ਾਂਤੀ ਵਿੱਚ ਆ ਜਾਵੇਗਾ, ਸਾਡਾ ਸਰੀਰ ਆਪਣੇ ਆਪ ਤੰਦਰੁਸਤ ਰਹਿਣ ਲੱਗ ਪਵੇਗਾ। ਅੱਜਕੱਲ੍ਹ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਬਹੁਤ ਭੀੜ ਹੁੰਦੀ ਹੈ। ਕਾਰਨ ਸਪੱਸ਼ਟ ਹੈ ਕਿ ਸਭ ਮੁਕਾਬਲੇ ਦੀ ਦੌੜ ਵਿੱਚ ਲੱਗੇ ਹੋਣ ਕਰਕੇ ਕਿਸੇ ਨਾ ਕਿਸੇ ਮਾਨਸਿਕ ਉਲਝਣ ਨਾਲ ਜੂਝ ਰਹੇ ਹਨ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੰਨੇ ਡਾਕਟਰ ਹੋਣ ਦੇ ਬਾਵਜੂਦ ਮਾਨਸਿਕ ਸਿਹਤ ਤੰਦਰੁਸਤ ਕਿਉਂ ਨਹੀਂ ਹੋ ਰਹੀ। ਕਾਰਨ ਸਾਫ਼ ਹੈ ਕਿ ਅਸੀਂ ਬਾਹਰੀ ਤੌਰ ’ਤੇ ਸੱਜਣ-ਫੱਬਣ ਅਤੇ ਸ਼ਿੰਗਾਰ ਕਰਨ ਵੱਲ ਹੀ ਰੁਚਿਤ ਹਾਂ ਨਾ ਕਿ ਮਨ ਨੂੰ ਸਜਾਉਣ, ਸੰਵਾਰਨ ਅਤੇ ਸੋਹਣੇ ਵਿਚਾਰਾਂ ਨਾਲ ਭਰਨ ਵੱਲ।

ਸਾਡੇ ਰੋਗ ਭਾਵੇਂ ਉਹ ਸਰੀਰਕ ਹੋਣ ਜਾਂ ਮਾਨਸਿਕ, ਇਨ੍ਹਾਂ ਦਾ ਪੁਖ਼ਤਾ ਅਤੇ ਪੱਕਾ ਇਲਾਜ ਸਿੱਧੇ ਸਾਦੇ, ਦਿਖਾਵੇ ਰਹਿਤ ਜੀਵਨ ਨੂੰ ਅਪਣਾਉਣ ਨਾਲ ਹੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਿ ਇਹ ਧਰਤੀ ਮਾਨਸਿਕ ਰੋਗੀਆਂ ਨਾਲ ਹੀ ਭਰ ਜਾਵੇ ਆਓ! ਪੁਰਾਣੇ ਸਮਿਆਂ ਦੇ ਲੋਕਾਂ ਦੀਆਂ ਖ਼ੁਸ਼ੀਆਂ ਬਾਰੇ ਵਿਚਾਰ ਕਰਕੇ ਆਪਣੇ ਸਰੀਰ ਅਤੇ ਮਨ ਨੂੰ ਸਰਲ ਕਰੀਏ। ਇਸ ਗੱਲ ਦਾ ਵਿਸ਼ਲੇਸ਼ਣ ਕਰੀਏ ਕਿ ਮੁਕਾਬਲੇ ਦੀ ਅੰਨ੍ਹੀ ਦੌੜ ਨੇ ਸਾਨੂੰ ਮਸਨੂਈ ਅਤੇ ਥੋੜ੍ਹ ਚਿਰੀਆਂ ਖੁਸ਼ੀਆਂ ਦੇ ਕੇ ਬਦਲੇ ਵਿੱਚ ਸਾਡੇ ਕੋਲੋਂ ਕਿੰਨਾ ਕੁੱਝ ਕੀਮਤੀ ਖੋਹ ਲਿਆ ਹੈ।