ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਕੋਰੀਆ ਓਪਨ ਦਾ ਖ਼ਿਤਾਬ ਜਿੱਤਿਆ

ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਕੋਰੀਆ ਓਪਨ ਦਾ ਖ਼ਿਤਾਬ ਜਿੱਤਿਆ

ਯੇਓਸੂ (ਕੋਰੀਆ)- ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਸਟਾਰ ਜੋੜੀ ਨੇ ਅੱਜ ਇੱਥੇ ਪੁਰਸ਼ ਡਬਲਜ਼ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਫਜ਼ਰ ਅਲਫਿਆਨ ਅਤੇ ਮੁਹੰਮਦ ਰਿਆਨ ਆਰਦਿਆਂਤੋ ਨੂੰ ਹਰਾ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਖ਼ਿਤਾਬ ਜਿੱਤਿਆ। ਭਾਰਤੀ ਖਿਡਾਰੀਆਂ ਨੇ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ਿਆਈ ਜੋੜੀ ਨੂੰ 17-21 21-13 21-14 ਨਾਲ ਹਰਾਇਆ। ਭਾਰਤੀ ਜੋੜੀ ਇੱਕ ਗੇਮ ਨਾਲ ਪੱਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੱਕ ਹੋਰ ਖ਼ਿਤਾਬ ਆਪਣੀ ਝੋਲੀ ਪਾਇਆ। ਭਾਰਤੀ ਜੋੜੀ ਨੇ ਸ਼ਨਿਚਰਵਾਰ ਨੂੰ ਚੀਨ ਦੇ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਵਿਸ਼ਵ ਦੀ ਦੂਜੇ ਨੰਬਰ ਦੀ ਜੋੜੀ ’ਤੇ ਰੁਮਾਂਚਿਕ ਜਿੱਤ ਦਰਜ ਕਰ ਕੇ ਫਾਈਨਲ ’ਚ ਪੁੱਜੀ ਸੀ। ਸਾਤਵਿਕ ਅਤੇ ਚਿਰਾਗ ਨੇ ਇਸ ਸਾਲ ਇੰਡੋਨੇਸ਼ੀਆ ਸੁਪਰ 1000 ਅਤੇ ਸਵਿਸ ਓਪਨ ਸੁਪਰ 500 ਖ਼ਿਤਾਬ ਵੀ ਜਿੱਤੇ ਹਨ।